ISI ਬੁਣ ਰਿਹਾ ਹੈ ਵੱਡਾ ਜਾਲ, ਮਹਿਲਾ ਏਜੰਟ ਨਾਲ ਫੇਸਬੁੱਕ ''ਤੇ ਜੁੜੇ 4 ਦਰਜਨ ਫੌਜੀ

04/20/2018 11:20:10 PM

ਨਵੀਂ ਦਿੱਲੀ— ਭਾਰਤ 'ਚ ਪਾਕਿਸਤਾਨੀ ਖੂਫੀਆ ਏਜੰਸੀ ਆਈ.ਐਸ.ਆਈ. ਵਲੋਂ ਜਾਸੂਸੀ ਦਾ ਵੱਡਾ ਨੈੱਟਵਰਕ ਬਣਾਉਣ ਦਾ ਪਰਦਾਫਾਸ਼ ਹੋਇਆ ਹੈ। ਹਾਲ ਹੀ 'ਚ ਹਰਿਆਣਾ ਦੇ ਰੋਹਤਕ ਤੋਂ ਗੌਰਵ ਸ਼ਰਮਾ ਨਾਂ ਦੇ ਵਿਅਕਤੀ ਨੂੰ ਪਾਕਿਸਤਾਨੀ ਖੂਫੀਆ ਏਜੰਸੀ ਆਈ.ਐਸ.ਆਈ. ਦੇ ਲਈ ਜਾਸੂਸੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ ਪਰ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ.ਆਈ.ਡੀ. ਦੀ ਟੀਮ ਉਦੋਂ ਹੈਰਾਨ ਰਹਿ ਗਈ ਜਦੋਂ ਗੌਰਵ ਸ਼ਰਮਾ ਨੂੰ ਹਨੀਟ੍ਰੈਪ 'ਚ ਫਸਾਉਣ ਵਾਲੀ ਮਹਿਲਾ ਆਈ.ਐਸ.ਆਈ. ਏਜੰਟ ਦਾ ਫੇਸਬੁੱਕ ਅਕਾਊਂਟ ਖੰਗਾਲਿਆ ਗਿਆ।
ਸੀ.ਆਈ.ਡੀ. ਦੀ ਰੋਹਤਕ ਸ਼ਾਖਾ ਦੇ ਮੁਤਾਬਕ ਅਮਿਤਾ ਅਹਲੂਵਾਲੀਆ ਨਾਂ ਦੀ ਇਸ ਮਹਿਲਾ ਆਈ.ਐਸ.ਆਈ. ਏਜੰਟ ਦੇ ਫੇਸਬੁੱਕ ਖਾਤੇ ਨਾਲ 4 ਦਰਜਨ ਫੌਜੀ ਅਧਿਕਾਰੀ ਜੁੜੇ ਮਿਲੇ। ਇਨ੍ਹਾਂ 'ਚ ਭਾਰਤੀ ਫੌਜ, ਭਾਰਤੀ ਹਵਾਈ ਫੌਜ ਤੇ ਭਾਰਤ ਨੇਵੀ ਦੇ ਇਲਾਵਾ ਕਈ ਸੀਨੀਅਰ ਪੁਲਸ ਅਧਿਕਾਰੀ ਵੀ ਸ਼ਾਮਲ ਹਨ। ਮਹਿਲਾ ਆਈ.ਐਸ.ਆਈ. ਏਜੰਟ ਦੇ ਫੇਸਬੁੱਕ ਅਕਾਊਂਟ ਨਾਲ ਜੁੜਨ ਵਾਲੇ ਅਧਿਕਾਰੀਆਂ 'ਚ ਲੈਫਟੀਨੈਂਟ ਜਨਰਲ, ਕਰਨਲ ਰੈਂਕ ਤੇ ਤਿੰਨ ਅਧਿਕਾਰੀ, ਮੇਜਰ ਰੈਂਕ ਦੇ ਤਿੰਨ ਅਧਿਕਾਰੀ, ਕੈਪਟਨ, ਕਮਾਂਡਰ, ਸਾਰਜੇਂਟ, ਐਨ.ਡੀ.ਏ. ਟ੍ਰੇਨੀ ਤੇ ਜੰਮੂ ਕਸ਼ਮੀਰ 'ਚ ਨਿਯੁਕਤ ਇਕ ਜੇਲ ਸੁਪਰੀਟੈਂਡੈਂਟ ਤੱਕ ਸ਼ਾਮਲ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਸੇਵਾ ਮੁਕਤ ਫੌਜੀ ਅਧਿਕਾਰੀ ਵੀ ਇਸ ਔਰਤ ਦੀ ਫੇਸਬੁੱਕ ਫ੍ਰੈਂਡਲਿਸਟ 'ਚ ਸ਼ਾਮਲ ਹਨ।
ਮਹਿਲਾ ਆਈ.ਐਸ.ਆਈ. ਏਜੰਟ ਦੀ ਫੇਸਬੁੱਕ ਫ੍ਰੈਂਡਲਿਸਟ 'ਚ ਸ਼ਾਮਲ ਇਹ ਅਧਿਕਾਰੀ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ, ਪੰਜਾਬ, ਰਾਜਸਥਾਨ, ਨਵੀਂ ਦਿੱਲੀ, ਉੱਤਰ ਪ੍ਰਦੇਸ਼ ਤੇ ਅਗਰਤਲਾ ਦੇ ਰਹਿਣ ਵਾਲੇ ਹਨ। ਹਾਲਾਂਕਿ ਅਜੇ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਇਸ ਔਰਤ ਨੇ ਕਿਸੇ ਹੋਰ ਅਧਿਕਾਰੀ ਨੂੰ ਹਨੀਟ੍ਰੈਪ ਦੇ ਜਾਲ 'ਚ ਫਸਾਇਆ ਹੈ ਜਾਂ ਨਹੀਂ।
ਪਾਕਿ ਲਈ ਜਾਸੂਸੀ ਕਰਨ ਵਾਲਾ ਗ੍ਰਿਫਤਾਰ
ਇਸ ਤੋਂ ਪਹਿਲਾਂ ਆਈ.ਬੀ. ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਰੋਹਤਕ ਪੁਲਸ ਨੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਦੋਸ਼ 'ਚ ਗੌਰਵ ਸ਼ਰਮਾ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜੋ ਸੋਨੀਪਤ ਦੇ ਗੰਨੌਰ ਦਾ ਰਹਿਣ ਵਾਲਾ ਹੈ। ਪੁੱਛਗਿੱਛ 'ਚ ਖੁਲਾਸਾ ਹੋਇਆ ਕਿ ਗੌਰਵ ਫੌਜ ਦੇ ਰਿਟਾਇਰ ਹਵਲਦਾਰ ਦਾ ਬੇਟਾ ਹੈ ਤੇ ਪਿਛਲੇ ਚਾਰ ਸਾਲਾਂ ਤੋਂ ਆਈ.ਐਸ.ਆਈ. ਨੂੰ ਭਾਰਤੀ ਫੌਜ ਨਾਲ ਜੁੜੀ ਗੁਪਤ ਤੇ ਸੰਵੇਦਨਸ਼ੀਲ ਜਾਣਕਾਰੀ ਭੇਜ ਰਿਹਾ ਸੀ। ਦੋਸ਼ੀ ਗੌਰਵ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਖੁਲਾਸਾ ਕੀਤਾ ਕਿ ਉਹ ਹੁਣ ਤੱਕ 18 ਵਾਰ ਆਰਮੀ 'ਚ ਹੋਈ ਰਿਕਰੂਟਮੈਂਟ ਨਾਲ ਜੁੜੀ ਜਾਣਕਾਰੀ ਭੇਜ ਚੁੱਕਾ ਹੈ। ਪੁਲਸ ਨੇ ਦੱਸਿਆ ਕਿ ਗੌਰਵ ਨੇ ਹੁਣ ਤੱਕ ਆਈ.ਐਸ.ਆਈ. ਨੂੰ ਜੋ ਜਾਣਕਾਰੀਆਂ ਭੇਜੀਆਂ ਹਨ, ਉਹ ਰੋਹਤਕ ਤੇ ਹਿਸਾਰ ਦੀ ਫੌਜੀ ਛੌਣੀਆਂ 'ਚ ਹੋਈਆਂ ਹਨ।
ਮਹਿਲਾ ਆਈ.ਐਸ.ਆਈ. ਏਜੰਟ ਨਾਲ ਕਰਦਾ ਸੀ ਵੀਡੀਓ ਕਾਲ
ਗੌਰਵ ਨੇ ਦੱਸਿਆ ਕਿ ਉਹ ਪਾਕਿਸਤਾਨੀ ਔਰਤ ਨਾਲ ਸੋਸ਼ਲ ਮੀਡੀਆ 'ਤੇ ਵੀਡੀਓ ਕਾਲ ਕਰਦਾ ਸੀ ਤੇ ਵੀਡੀਓ ਕਾਲ ਦੇ ਰਾਹੀਂ ਹੀ ਉਸ ਨੇ ਭਾਰਤੀ ਫੌਜ ਨਾਲ ਜੁੜੀਆਂ ਜਾਣਕਾਰੀਆਂ ਵੀ ਭੇਜੀਆਂ। ਪੁਲਸ ਨੇ ਦੱਸਿਆ ਕਿ ਦੋਸ਼ੀ ਗੌਰਵ ਕਰੀਬ 4 ਸਾਲ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਔਰਤ ਦੇ ਸੰਪਰਕ 'ਚ ਆਇਆ ਸੀ। ਔਰਤ ਨੇ ਗੌਰਵ ਨਾਲ ਦੋਸਤੀ ਕਰਨ ਤੋਂ ਬਾਅਦ ਵੀਡੀਓ ਕਾਲਿੰਗ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਹਨੀਟ੍ਰੈਪ 'ਚ ਫਸਾ ਲਿਆ। ਇਸ ਤੋਂ ਬਾਅਦ ਗੌਰਵ ਚਾਰ ਸਾਲ ਤੋਂ ਲਗਾਤਾਰ ਪਾਕਿਸਤਾਨੀ ਮਹਿਲਾ ਨੂੰ ਫੌਜ 'ਚ ਹੋਣ ਵਾਲੀਆਂ ਭਰਤੀਆਂ ਦੀ ਜਾਣਕਾਰੀ ਭੇਜਦਾ ਰਿਹਾ ਸੀ।
ਫੌਜ ਦੀ ਭਰਤੀ 'ਚ ਚਾਰ ਵਾਰ ਰਿਹਾ ਅਸਫਲ
ਗੌਰਵ ਸ਼ਰਮਾ ਪਿਛਲੇ ਤਿੰਨ ਮਹੀਨੇ ਤੋਂ ਰੋਹਤਕ ਦੀ ਇਕ ਐਕਡਮੀ ਦੇ ਹਾਸਟਲ 'ਚ ਰਹਿ ਰਿਹਾ ਸੀ, ਜੋ ਨੌਜਵਾਨਾਂ ਨੂੰ ਭਰਤੀ ਲਈ ਕੋਚਿੰਗ ਦਿੰਦੀ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ 'ਚ ਕਈ ਵਾਰ ਭਰਤੀ ਦੀ ਪ੍ਰੀਖਿਆ 'ਚ ਸ਼ਾਮਲ ਹੋ ਚੁੱਕਾ ਹੈ ਪਰ ਫਿਜੀਕਲ ਟੈਸਟ 'ਚ ਫੇਲ ਹੋਣ ਕਾਰਨ ਉਹ ਫੌਜ 'ਚ ਭਰਤੀ ਨਹੀਂ ਹੋ ਸਕਿਆ। ਪੁਲਸ ਮੁਤਾਬਕ ਗੌਰਵ ਸ਼ਰਮਾ ਤੋਂ ਰਾਸ਼ਟਰੀ ਜਾਂਚ ਏਜੰਸੀ ਦੇ ਅਧਿਕਾਰੀ ਵੀ ਪੁੱਛਗਿੱਛ ਕਰ ਸਕਦੇ ਹਨ।


Related News