ਮਹਿਲਾ ਡਾਕਟਰ ਜਬਰ-ਜ਼ਨਾਹ ਤੇ ਕਤਲ ਮਾਮਲਾ: ਮੁੱਖ ਮੁਲਜ਼ਮ ਸਮੇਤ 7 ਦਾ ਹੋਇਆ ''ਪੌਲੀਗ੍ਰਾਫ਼'' ਟੈਸਟ

Sunday, Aug 25, 2024 - 10:32 AM (IST)

ਨਵੀਂ ਦਿੱਲੀ/ਕੋਲਕਾਤਾ- ਕੋਲਕਾਤਾ ਦੇ ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਇਕ ਟ੍ਰੇਨੀ ਮਹਿਲਾ ਡਾਕਟਰ ਨਾਲ  ਜਬਰ-ਜ਼ਨਾਹ ਤੇ ਕਤਲ ਦੇ ਮਾਮਲੇ ’ਚ ਮੁੱਖ ਮੁਲਜ਼ਮ ਸਮੇਤ 7 ਦਾ ਪੌਲੀਗ੍ਰਾਫ਼ ਟੈਸਟ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ‘ਪੌਲੀਗ੍ਰਾਫ਼ ਟੈਸਟ' ਦੌਰਾਨ ਕਿਸੇ ਵਿਅਕਤੀ ਵੱਲੋਂ ਸਵਾਲਾਂ ਦੇ ਜਵਾਬ ਦੇਣ ਸਮੇਂ ਮਸ਼ੀਨ ਦੀ ਮਦਦ ਨਾਲ ਉਸ ਦੀਆਂ ਸਰੀਰਕ ਪ੍ਰਤੀਕ੍ਰਿਆਵਾਂ ਨੂੰ ਮਾਪਿਆ ਜਾਂਦਾ ਹੈ ਤੇ ਇਹ ਪਤਾ ਲਾਇਆ ਜਾਂਦਾ ਹੈ ਕਿ ਉਹ ਸੱਚ ਬੋਲ ਰਿਹਾ ਹੈ ਜਾਂ ਝੂਠ।

ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਸੰਜੇ ਰਾਏ ਦਾ ‘ਪੌਲੀਗ੍ਰਾਫ਼ ਟੈਸਟ’ ਜੇਲ੍ਹ ’ਚ ਹੀ ਕੀਤਾ ਗਿਆ, ਜਿੱਥੇ ਉਹ ਬੰਦ ਹੈ। ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਘਟਨਾ ਵਾਲੀ ਰਾਤ ਡਿਊਟੀ ’ਤੇ ਮੌਜੂਦ 4 ਡਾਕਟਰਾਂ ਦੇ ਨਾਲ ਹੀ ਇਕ ਸਿਵਲ ਵਾਲੰਟੀਅਰ ਦਾ ‘ਪੌਲੀਗ੍ਰਾਫ਼ ਟੈਸਟ’ ਸੀ. ਬੀ. ਆਈ. ਦੇ ਕੋਲਕਾਤਾ ਦਫਤਰ ’ਚ ਕੀਤਾ ਗਿਆ। 

ਸੀ. ਬੀ.ਆਈ. ਮੈਡੀਕਲ ਕਾਲਜ ਦੀਆਂ ਵਿੱਤੀ ਬੇਨਿਯਮੀਆਂ ਦੀ ਕਰੇਗੀ ਜਾਂਚ

ਸੀ. ਬੀ. ਆਈ. ਨੇ ਕੋਲਕਾਤਾ ਦੇ ਮੈਡੀਕਲ ਕਾਲਜ ਤੇ ਹਸਪਤਾਲ ’ਚ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਕਾਰਜਕਾਲ ਦੌਰਾਨ ਹੋਈਆਂ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਦਾ ਜ਼ਿੰਮਾ ਸੰਭਾਲ ਲਿਆ ਹੈ। ਇਹ ਕਾਰਵਾਈ ਕਲਕੱਤਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਅਦਾਲਤ ਨੇ ਸੂਬੇ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਦੀ ਜ਼ਿੰਮੇਵਾਰੀ ਸੀ. ਬੀ.ਆਈ. ਨੂੰ ਸੌਂਪ ਦਿੱਤੀ ਹੈ। ਸੀ.ਬੀ.ਆਈ. ਨੇ ਸ਼ਨੀਵਾਰ ਐੱਸ.ਆਈ.ਟੀ. ਤੋਂ ਜ਼ਰੂਰੀ ਦਸਤਾਵੇਜ਼ ਇਕੱਠੇ ਕੀਤੇ ਤੇ ਐਫ. ਆਈ. ਆਰ. ਮੁੜ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਅਦਾਲਤ ਨੇ ਕਾਲਜ ਦੇ ਸਾਬਕਾ ਡਿਪਟੀ ਸੁਪਰਡੈਂਟ ਅਖਤਰ ਅਲੀ ਦੀ ਪਟੀਸ਼ਨ ’ਤੇ ਇਹ ਨਿਰਦੇਸ਼ ਜਾਰੀ ਕੀਤੇ ਹਨ।


Tanu

Content Editor

Related News