ਭਾਰਤੀ ਖੁਰਾਕ ਨਿਗਮ ’ਚ ਭ੍ਰਿਸ਼ਟਾਚਾਰ,  ਸੀ. ਬੀ. ਆਈ. ਨੇ 19 ਹੋਰ ਥਾਵਾਂ ’ਤੇ ਮਾਰੇ ਛਾਪੇ

Saturday, Jan 14, 2023 - 11:20 AM (IST)

ਭਾਰਤੀ ਖੁਰਾਕ ਨਿਗਮ ’ਚ ਭ੍ਰਿਸ਼ਟਾਚਾਰ,  ਸੀ. ਬੀ. ਆਈ. ਨੇ 19 ਹੋਰ ਥਾਵਾਂ ’ਤੇ ਮਾਰੇ ਛਾਪੇ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦੇ ਅਧਿਕਾਰੀਆਂ, ਚੌਲ ਮਿੱਲ ਮਾਲਕਾਂ ਅਤੇ ਅਨਾਜ ਕਾਰੋਬਾਰੀਆਂ ਦੇ ਭ੍ਰਿਸ਼ਟ ਸਿੰਡੀਕੇਟ ਖਿਲਾਫ ਜਾਰੀ ਮੁਹਿੰਮ ਦੇ ਤਹਿਤ 19 ਹੋਰ ਥਾਵਾਂ ’ਤੇ ਛਾਪੇ ਮਾਰੇ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ 23 ਲੱਖ ਰੁਪਏ ਬਰਾਮਦ ਕੀਤੇ।

ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਹੁਣ ਤੱਕ 99 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ, ਜਿਨ੍ਹਾਂ ’ਚ 90 ਥਾਵਾਂ ਪੰਜਾਬ ਅਤੇ ਚੰਡੀਗੜ੍ਹ ’ਚ ਹਨ ਅਤੇ ਹੋਰ 9 ਦੇਸ਼ ਦੇ ਬਾਕੀ ਹਿੱਸਿਆਂ ’ਚ ਹਨ। ਇਨ੍ਹਾਂ ’ਚ ਉੱਤਰ ਪ੍ਰਦੇਸ਼, ਕਰਨਾਟਕ ਅਤੇ ਤਾਮਿਲਨਾਡੂ ’ਚ ਚੇਨਈ ਸ਼ਾਮਲ ਹਨ।

ਅਧਿਕਾਰੀਆਂ ਅਨੁਸਾਰ ਪਟਿਆਲਾ ’ਚ ਐੱਫ. ਸੀ. ਆਈ. ਦੇ ਇਕ ਹੋਰ ਮੈਨੇਜਰ ਸਤੀਸ਼ ਵਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹ ਫਿਲਹਾਲ ਪੁਲਸ ਹਿਰਾਸਤ ’ਚ ਹੈ। ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਨੇ ਐੱਫ. ਸੀ. ਆਈ. ’ਚ ਕਥਿਤ ਭ੍ਰਿਸ਼ਟਾਚਾਰ ਖਿਲਾਫ ਬੁੱਧਵਾਰ ਤੋਂ ‘ਆਪਰੇਸ਼ਨ ਕਨਕ’ ਸ਼ੁਰੂ ਕੀਤਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਐੱਫ. ਸੀ. ਆਈ. ’ਚ ਅਧਿਕਾਰੀਆਂ, ਚੌਲ ਮਿੱਲ ਮਾਲਕਾਂ ਅਤੇ ਵਿਚੋਲਿਆਂ ਸਮੇਤ ਹੋਰਨਾਂ ਦੇ ਕਥਿਤ ਗਠਜੋੜ ਦਾ ਪਤਾ ਲਾਉਣ ਲਈ 6 ਮਹੀਨਿਆਂ ਤੱਕ ਗੁਪਤ ਮੁਹਿੰਮ ਚਲਾਉਣ ਤੋਂ ਬਾਅਦ ਐੱਫ.ਆਈ.ਆਰ. ’ਚ ਐੱਫ. ਆਈ. ਸੀ. ਦੇ ਕਾਰਜਕਾਰੀ ਨਿਰਦੇਸ਼ਕ ਸੁਦੀਪ ਸਿੰਘ ਸਮੇਤ 74 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਇਹ ਲੋਕ ਕਥਿਤ ਤੌਰ ’ਤੇ ਭ੍ਰਿਸ਼ਟ ਗਤੀਵਿਧੀਆਂ ’ਚ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ 74 ਮੁਲਜ਼ਮਾਂ ’ਚੋਂ 34 ਸੇਵਾ ਨਿਭਾਅ ਰਹੇ ਹਨ ਅਤੇ 3 ਸੇਵਾਮੁਕਤ ਅਧਿਕਾਰੀ ਅਤੇ 20 ਸੰਸਥਾਵਾਂ ਸ਼ਾਮਲ ਹਨ।


author

Rakesh

Content Editor

Related News