FBI ਨੇ ਇਸ ਬੰਦੇ 'ਤੇ ਰੱਖਿਆ 50,000 ਡਾਲਰ ਦਾ ਇਨਾਮ! ਵੱਡੀ ਵਾਰਦਾਤ ਕਰ ਭੱਜਿਆ ਭਾਰਤ
Wednesday, Dec 03, 2025 - 04:18 PM (IST)
ਨਿਊਯਾਰਕ : ਅਮਰੀਕਾ ਦੀ ਸੰਘੀ ਜਾਂਚ ਏਜੰਸੀ (FBI) ਨੇ 2017 'ਚ ਇੱਕ ਭਾਰਤੀ ਮਹਿਲਾ ਤੇ ਉਸਦੇ ਛੇ ਸਾਲਾ ਨਿਰਦੋਸ਼ ਬੇਟੇ ਕਤਲ ਦੇ ਮਾਮਲੇ 'ਚ ਲੋੜੀਂਦੇ ਇੱਕ ਭਾਰਤੀ ਨਾਗਰਿਕ ਬਾਰੇ ਜਾਣਕਾਰੀ ਦੇਣ ਵਾਲੇ ਲਈ 50,000 ਡਾਲਰ (ਲਗਭਗ ₹41.75 ਲੱਖ) ਤੱਕ ਦਾ ਇਨਾਮ ਐਲਾਨ ਕੀਤਾ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਨਜ਼ੀਰ ਹਾਮਿਦ (38) ਨੂੰ ਅਮਰੀਕਾ ਹਵਾਲੇ (extradite) ਕਰਨ ਲਈ ਭਾਰਤ ਸਰਕਾਰ ਤੋਂ ਸਹਾਇਤਾ ਦੀ ਅਪੀਲ ਕੀਤੀ ਹੈ।
ਕੀ ਹੈ ਪੂਰਾ ਮਾਮਲਾ?
ਮੁਲਜ਼ਮ ਨਜ਼ੀਰ ਹਾਮਿਦ 'ਤੇ ਮਾਰਚ 2017 'ਚ ਨਿਊ ਜਰਸੀ ਦੇ ਮੇਪਲ ਸ਼ੇਡ ਵਿੱਚ ਸ਼ਸ਼ੀਕਲਾ ਨਾਰਾ (38) ਅਤੇ ਉਨ੍ਹਾਂ ਦੇ ਛੇ ਸਾਲਾ ਬੇਟੇ ਅਨੀਸ਼ ਨਾਰਾ ਦੀ ਹੱਤਿਆ ਦਾ ਦੋਸ਼ ਹੈ। ਹਾਮਿਦ 'ਤੇ ਇਸ ਸਾਲ ਫਰਵਰੀ ਵਿੱਚ ਕਤਲ ਦੇ ਦੋ ਦੋਸ਼ਾਂ, ਨਾਜਾਇਜ਼ ਹਥਿਆਰ ਰੱਖਣ ਅਤੇ ਗੈਰ-ਕਾਨੂੰਨੀ ਉਦੇਸ਼ਾਂ ਲਈ ਇਸਦੀ ਵਰਤੋਂ ਕਰਨ ਦੇ ਦੋਸ਼ ਤੈਅ ਕੀਤੇ ਗਏ ਸਨ। ਇਹ ਕਤਲ 23 ਮਾਰਚ 2017 ਦੀ ਸ਼ਾਮ ਨੂੰ ਇੱਕ ਅਪਾਰਟਮੈਂਟ ਵਿੱਚ ਹੋਇਆ ਸੀ। ਪੋਸਟਮਾਰਟਮ ਤੋਂ ਪਤਾ ਲੱਗਾ ਕਿ ਮਾਂ-ਬੇਟੇ ਦੋਵਾਂ ਦੀ ਗਰਦਨ 'ਤੇ ਕਈ ਡੂੰਘੇ ਜ਼ਖਮ ਸਨ। ਪੁਲਸ ਅਧਿਕਾਰੀਆਂ ਅਨੁਸਾਰ, ਅਨੀਸ਼ ਦਾ ਗਲਾ ਧੜ ਤੋਂ ਲਗਭਗ ਵੱਖ ਹੋ ਗਿਆ ਸੀ ਅਤੇ ਇਹ ਦ੍ਰਿਸ਼ ਬਹੁਤ ਭਿਆਨਕ ਸੀ। ਨਜ਼ੀਰ ਹਾਮਿਦ ਉਸੀ ਅਪਾਰਟਮੈਂਟ ਵਿੱਚ ਰਹਿੰਦਾ ਸੀ ਅਤੇ ਉਸੀ ਆਈ.ਟੀ. ਕੰਪਨੀ ਵਿੱਚ ਕੰਮ ਕਰਦਾ ਸੀ ਜਿੱਥੇ ਮ੍ਰਿਤਕ ਮਹਿਲਾ ਦਾ ਪਤੀ ਹਨੁਮੰਥ ਨਾਰਾ ਕੰਮ ਕਰਦਾ ਸੀ।
ਸ਼ੱਕ ਤੇ ਭਾਰਤ ਵਾਪਸੀ
ਅਧਿਕਾਰੀਆਂ ਅਨੁਸਾਰ, ਹਾਮਿਦ ਕਤਲ ਦੇ ਛੇ ਮਹੀਨੇ ਬਾਅਦ ਭਾਰਤ ਵਾਪਸ ਆ ਗਿਆ ਸੀ ਅਤੇ ਉਦੋਂ ਤੋਂ ਉੱਥੇ ਹੀ ਰਹਿ ਰਿਹਾ ਹੈ। ਜਾਂਚ ਦੌਰਾਨ ਉਸਨੂੰ ਮੁੱਖ ਸ਼ੱਕੀ ਮੰਨਿਆ ਗਿਆ ਕਿਉਂਕਿ ਉਹ ਹਨੁਮੰਥ ਨਾਰਾ ਦਾ ਪਿੱਛਾ ਕਰਦਾ ਪਾਇਆ ਗਿਆ ਸੀ। ਅਧਿਕਾਰੀਆਂ ਕੋਲ "ਠੋਸ ਪ੍ਰਮਾਣ" ਹਨ ਕਿ ਹਾਮਿਦ ਨੇ ਹੀ ਸ਼ਸ਼ੀਕਲਾ ਅਤੇ ਅਨੀਸ਼ ਦਾ ਕਤਲ ਕੀਤਾ ਸੀ।
ਗਵਰਨਰ ਦੀ ਅਪੀਲ
ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਭਾਰਤੀ ਰਾਜਦੂਤ ਵਿਨੈ ਕਵਾਤਰਾ ਨੂੰ ਫੋਨ ਅਤੇ ਪੱਤਰ ਭੇਜ ਕੇ ਹਾਮਿਦ ਦੇ ਅਮਰੀਕਾ ਹਵਾਲਗੀ (Extradition) 'ਚ ਸਹਾਇਤਾ ਲਈ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ। ਗਵਰਨਰ ਨੇ ਕਿਹਾ ਕਿ ਇਸ "ਵੱਡੇ ਅਪਰਾਧ" ਨੇ ਪੂਰੇ ਰਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਾਮਿਦ ਦਾ ਨਾਮ FBI ਦੀ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਦਰਜ ਹੈ।
