ਭਾਰਤ ਲਿਆਂਦਾ ਜਾਵੇਗਾ ਗੁਰਪਤਵੰਤ ਪੰਨੂ! FBI ਡਾਇਰੈਕਟਰ ਸਾਹਮਣੇ ਖੋਲ੍ਹਿਆ ਜਾਵੇਗਾ ਕੱਚਾ-ਚਿੱਠਾ

Friday, Dec 08, 2023 - 02:05 PM (IST)

ਨਵੀਂ ਦਿੱਲੀ- ਅਮਰੀਕੀ ਧਰਤੀ 'ਤੇ ਇਕ ਸਿੱਖ ਵੱਖਵਾਦੀ ਦੇ ਕਤਲ ਦੀ ਨਾਕਾਮ ਸਾਜਿਸ਼ 'ਚ ਇਕ ਭਾਰਤੀ ਦਾ ਹੱਥ ਹੋਣ ਦੇ ਵਾਸ਼ਿੰਗਟਨ ਦੇ ਦੋਸ਼ਾਂ ਦੇ ਪਿਛੋਕੜ 'ਚ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਅਗਲੇ ਹਫ਼ਤੇ ਭਾਰਤ ਦੀ ਯਾਤਰਾ ਕਰਨਗੇ। ਭਾਰਤ 'ਚ ਅਮਰੀਕੀ ਰਾਜਦੂਤ ਏਰਿਕ ਗਾਰਸੇਟੀ ਨੇ ਬੁੱਧਵਾਰ ਨੂੰ ਇਕ ਪ੍ਰੋਗਰਾਮ 'ਚ ਅਮਰੀਕਾ-ਭਾਰਤ ਸੰਬੰਧਾਂ ਦੀ ਮਜ਼ਬੂਤੀ ਅਤੇ ਬਾਈਡੇਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਨਵੀਂ ਦਿੱਲੀ ਦੇ ਦੌਰਿਆਂ ਬਾਰੇ ਗੱਲ ਕਰਦੇ ਹੋਏ ਰੇਅ ਦੀ ਆਉਣ ਵਾਲੀ ਯਾਤਰਾ ਦਾ ਜ਼ਿਕਰ ਕੀਤਾ। ਮੰਨਿਆ ਜਾ ਰਿਹਾ ਹੈ ਕਿ ਐੱਨ.ਆਈ.ਏ. ਦੇ ਡਾਇਰੈਕਟਰ ਨਾਲ ਬੈਠਕ 'ਚ ਭਾਰਤ ਵਲੋਂ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਸਬੂਤਾਂ ਨਾਲ ਉਸ ਦੀ ਹਵਾਲਗੀ ਦੀ ਮੰਗ ਕੀਤੀ ਜਾਵੇਗੀ। ਐੱਨ.ਆਈ.ਏ. ਪੰਨੂ ਖ਼ਿਲਾਫ਼ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਉਸ ਦੀ ਜਾਇਦਾਦ ਵੀ ਜ਼ਬਤ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਐੱਫ.ਬੀ.ਆਈ. ਨੇ ਹੀ ਪੰਨੂ ਦੇ ਕਤਲ ਦੀ ਸਾਜਿਸ਼ 'ਚ ਇਕ ਭਾਰਤੀ ਨਿਖਿਲ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਖ਼ਿਲਾਫ਼ ਇਕ ਭਾਰਤੀ ਅਧਿਕਾਰੀ ਦੇ ਨਿਰਦੇਸ਼ 'ਤੇ ਕੰਮ ਕਰਨ ਦਾ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ : ਭਾਰਤ ਨੇ ਪੰਨੂ ਵਲੋਂ ਭਾਰਤੀ ਸੰਸਦ 'ਤੇ ਦਿੱਤੀਆਂ ਗਈਆਂ ਧਮਕੀਆਂ ਨੂੰ ਅਮਰੀਕਾ, ਕੈਨੇਡਾ ਸਾਹਮਣੇ ਚੁੱਕਿਆ

ਦੋਸ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤ ਨੇ ਇਸ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੂਤਰਾਂ ਅਨੁਸਾਰ ਪੰਨੂ ਦੇ ਕਤਲ ਦੀ ਸਾਜਿਸ਼ ਦੇ ਦੋਸ਼ ਅਤੇ ਉਸ ਦੀ ਜਾਂਚ ਇਕ ਗੱਲ ਹੈ ਪਰ ਸੱਚਾਈ ਇਹ ਵੀ ਹੈ ਕਿ ਪੰਨੂ ਭਾਰਤ 'ਚ ਅੱਤਵਾਦੀ ਹਮਲਿਆਂ ਦੀ ਸਾਜਿਸ਼ ਦਾ ਦੋਸ਼ੀ ਹੈ ਅਤੇ ਉਸ ਖ਼ਿਲਾਫ਼ ਪੂਰੇ ਸਬੂਤ ਹਨ। ਇਨ੍ਹਾਂ ਸਬੂਤਾਂ ਦੇ ਆਧਾਰ 'ਤੇ ਪੰਨੂ ਨੂੰ ਵਿਅਕਤੀਗਤ ਤੌਰ 'ਤੇ ਅੱਤਵਾਦੀ ਅਤੇ ਉਸ ਦੇ ਸੰਗਠਨ ਸਿੱਖ ਫ਼ਾਰ ਜਸਟਿਸ ਨੂੰ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਨੈਸ਼ਨਲ ਜਾਂਚ ਏਜੰਸੀ (ਐੱਨ.ਆਈ.ਏ.) ਪੰਨੂ ਸਮੇਤ ਲੋੜੀਂਦੇ ਅੱਤਵਾਦੀਆਂ ਅਤੇ ਅਪਰਾਧੀਆਂ ਦੀ ਹਵਾਲਗੀ ਲਈ ਆਪਸੀ ਸਹਿਯੋਗ ਦਾ ਮੁੱਦਾ ਐੱਫ.ਬੀ.ਆਈ. ਦੇ ਸਾਹਮਣੇ ਚੁੱਕ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News