ਹੈਰਾਨੀਜਨਕ! ਨਾਸ਼ਤਾ ਨਹੀਂ ਦੇਣ ਦੀ ਗੱਲ ਤੋਂ ਨਾਰਾਜ਼ ਸਹੁਰੇ ਨੇ ਨੂੰਹ ਨੂੰ ਮਾਰੀ ਗੋਲੀ

04/15/2022 1:20:08 PM

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਇਲਾਕੇ ਦੇ ਰਾਬੋਡੀ ਥਾਣਾ ਖੇਤਰ 'ਚ ਨਾਸ਼ਤਾ ਨਹੀਂ ਪਰੋਸੇ ਜਾਣ ਦੀ ਗੱਲ ਤੋਂ ਨਾਰਾਜ਼ ਸਹੁਰੇ ਨੇ ਨੂੰਹ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਰਾਬੋਡੀ ਇਲਾਕੇ ਦੀ ਰਹਿਣ ਵਾਲੀ 42 ਸਾਲਾ ਔਰਤ ਦੇ ਢਿੱਡ 'ਚ ਗੋਲੀ ਲੱਗੀ ਹੈ ਅਤੇ ਇੱਥੇ ਇਕ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ। ਰਾਬੋਡੀ ਥਾਣੇ ਦੇ ਸੀਨੀਅਰ ਇੰਸਪੈਕਟਰ ਸੰਤੋਸ਼ ਘਾਟੇਕਰ ਨੇ ਕਿਹਾ ਕਿ ਦੋਸ਼ੀ ਕਾਸ਼ੀਨਾਥ ਪਾਂਡੁਰੰਗ ਪਾਟਿਲ (76) ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਅਤੇ 506 (ਅਪਰਾਧਕ ਧਮਕੀ) ਤੋਂ ਇਲਾਵਾ ਹਥਿਆਰ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਹਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਹੈ। 

ਪੁਲਸ ਅਧਿਕਾਰੀ ਨੇ ਦੋਸ਼ੀ ਨੂੰਹ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਘਟਨਾ ਵੀਰਵਾਰ ਸਵੇਰੇ ਕਰੀਬ 11.30 ਵਜੇ ਹੋਈ। ਉਨ੍ਹਾਂ ਨੇ ਸ਼ਿਕਾਇਤ 'ਚ ਕਿਹਾ ਕਿ ਜਦੋਂ ਪੀੜਤਾ ਨੇ ਚਾਹ ਨਾਲ ਨਾਸ਼ਤਾ ਨਹੀਂ ਦਿੱਤਾ ਤਾਂ ਦੋਸ਼ੀ ਨਾਰਾਜ਼ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬਜ਼ੁਰਗ ਨੇ ਆਪਣੀ ਰਿਵਾਲਵਰ ਕੱਢੀ ਅਤੇ ਨੂੰਹ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਈ। ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ। ਘਾਟੇਕਰ ਨੇ ਕਿਹਾ ਕਿ ਪੁਲਸ ਇਸ ਗੱਲ ਦਾ ਪਤਾ ਲੱਗਾ ਰਹੀ ਹੈ ਕਿ ਸਹੁਰੇ ਨੇ ਇਹ ਹਮਲਾ ਕਿਸੇ ਹੋਰ ਉਕਸਾਵੇ ਦਾ ਕਾਰਨ ਤਾਂ ਨਹੀਂ ਕੀਤਾ ਸੀ।


DIsha

Content Editor

Related News