ਐਂਬੂਲੈਂਸ ਚਾਲਕ ਨੇ ਮੰਗੇ 10 ਹਜ਼ਾਰ ਰੁਪਏ ਤਾਂ ਪਿਤਾ ਬੇਟੇ ਦੀ ਲਾਸ਼ ਮੋਟਰਸਾਈਕਲ 'ਤੇ ਲਿਜਾਣ ਲਈ ਹੋਇਆ ਮਜਬੂਰ

04/27/2022 12:03:49 PM

ਤਿਰੂਪਤੀ (ਭਾਸ਼ਾ)- ਆਂਧਰਾ ਪ੍ਰਦੇਸ਼ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਪਿਤਾ ਤਿਰੂਪਤੀ ਦੇ ਇਕ ਸਰਕਾਰੀ ਹਸਪਤਾਲ ਵਿਚ ਐਂਬੁਲੈਂਸ ਦੇ ਡਰਾਈਵਰ ਵਲੋਂ ਜ਼ਿਆਦਾ ਪੈਸੇ ਮੰਗਣ ਤੋਂ ਬਾਅਦ ਆਪਣੇ 10 ਸਾਲਾ ਬੇਟੇ ਦੀ ਲਾਸ਼ ਨੂੰ 90 ਕਿਲੋਮੀਟਰ ਦੀ ਦੂਰੀ ਤੱਕ ਮੋਟਰ ਸਾਈਕਲ ’ਤੇ ਲਿਜਾਣ ਲਈ ਮਜ਼ਬੂਰ ਹੋਇਆ, ਕਿਉਂਕਿ ਐਂਬੂਲੈਂਸ ਚਾਲਕਾਂ ਨੇ ਤਿਰੂਪਤੀ ਤੋਂ ਉਨ੍ਹਾਂ ਦੇ ਪਿੰਡ ਦੀ ਯਾਤਰਾ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਬਾਈਕ ਇਕ ਹੋਰ ਵਿਅਕਤੀ ਚਲਾ ਰਿਹਾ ਸੀ ਅਤੇ ਬੇਟੇ ਦੀ ਲਾਸ਼ ਬਾਈਕ 'ਤੇ ਪਿੱਛੇ ਬੈਠੇ ਪਿਤਾ ਦੀ ਗੋਦ 'ਚ ਸੀ। ਐਂਬੂਲੈਂਸ ਚਾਲਕਾਂ ਦਾ ਅਣਮਨੁੱਖੀ ਰਵੱਈਆ ਇੱਥੇ ਹੀ ਨਹੀਂ ਰੁਕਿਆ ਅਤੇ ਉਨ੍ਹਾਂ ਨੂੰ ਤਿਰੂਪਤੀ ਦੇ ਰੂਈਆ ਹਸਪਤਾਲ 'ਚ ਪਿਤਾ ਦੇ ਰਿਸ਼ਤੇਦਾਰਾਂ ਵਲੋਂ ਭੇਜੀ ਗਈ ਦੂਜੀ ਐਂਬੂਲੈਂਸ ਤੋਂ ਵੀ ਲਾਸ਼ ਨਹੀਂ ਲਿਜਾਉਣ ਦਿੱਤੀ। ਰੂਈਆ ਦੇ ਐਂਬੂਲੈਂਸ ਚਾਲਕਾਂ ਨੇ ਦੂਜੇ ਐਂਬੂਲੈਂਸ ਚਾਲਕ ਦੀ ਕੁੱਟਮਾਰ ਵੀ ਕੀਤੀ ਅਤੇ ਉਸ ਨੂੰ ਦੌੜਾ ਦਿੱਤਾ। ਇਸ ਕਾਰਨ ਪਿਤਾ ਆਪਣੇ ਪੁੱਤਰ ਦੀ ਲਾਸ਼ ਬਾਈਕ 'ਤੇ ਲਿਜਾਉਣ ਲਈ ਮਜ਼ਬੂਰ ਹੋਇਆ। ਉਨ੍ਹਾਂ ਦਾ ਪਿੰਡ ਗੁਆਂਢੀ ਅੰਨਾਮਯਾ ਜ਼ਿਲ੍ਹੇ 'ਚ ਹੈ। ਇਸ ਘਟਨਾ ਤੋਂ ਹੋਸ਼ 'ਚ ਆਈ ਰਾਜ ਸਰਕਾਰ ਨੇ ਰੂਈਆ ਹਸਪਤਾਲ ਦੇ ਸੀਨੀਅਰ ਰੈਜੀਡੈਂਟ ਮੈਡੀਕਲ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਅਤੇ ਹਸਪਤਾਲ ਸੁਪਰਡੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਪੁਲਸ ਨੂੰ ਉਨ੍ਹਾਂ ਐਂਬੂਲੈਂਸ ਚਾਲਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ, ਜੋ ਆਏ ਦਿਨ ਹਸਪਤਾਲ 'ਚ ਦੰਗਾ ਕਰਦੇ ਹਨ।

ਇਹ ਵੀ ਪੜ੍ਹੋ : ਪੋਤੀ ਦੇ ਜਨਮ ਤੋਂ ਇੰਨਾ ਖੁਸ਼ ਹੋਇਆ ਕਿਸਾਨ, ਹੈਲੀਕਾਪਟਰ 'ਤੇ ਲੈ ਕੇ ਆਇਆ ਘਰ

ਪੁਲਸ ਅਨੁਸਾਰ ਅੰਨਾਮੱਯਾ ਜ਼ਿਲ੍ਹੇ ਦੇ ਚਿਤਵੇਲੀ ਪਿੰਡ ਦੇ ਰਹਿਣ ਵਾਲੇ ਇਕ ਖੇਤਿਹਰ ਮਜ਼ਦੂਰ ਨੇ ਆਪਣਏ 10 ਸਾਲਾ ਪੁੱਤਰ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ ਅਤੇ ਸੋਮਵਾਰ ਦੇਰ ਰਾਤ ਬੱਚੇ ਦੀ ਕਿਡਨੀ ਫ਼ੇਲ ਹੋਣ ਕਾਰਨ ਮੌਤ ਹੋ ਗਈ। ਮਜ਼ਦੂਰ ਨੇ ਪੁੱਤਰ ਦੀ ਲਾਸ਼ ਆਪਣੇ ਪਿੰਡ ਲਿਜਾਉਣ ਲਈ ਐਂਬੂਲੈਂਸ ਬੁਲਾਉਣ ਦੀ ਮੰਗ ਕੀਤੀ ਅਤੇ ਐਂਬੂਲੈਂਸ ਚਾਲਕਾਂ ਨੇ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਇੰਨੀ ਰਾਸ਼ੀ ਦੇਣ 'ਚ ਅਸਮਰੱਥ ਵਿਅਕਤੀ ਨੇ ਆਪਣੇ ਰਿਸ਼ਤੇਦਾਰਾਂ ਤੋਂ ਮਦਦ ਮੰਗੀ, ਜਿਨ੍ਹਾਂ ਨੇ ਉਨ੍ਹਾਂ ਦੇ ਪਿੰਡ ਤੋਂ ਦੂਜੀ ਐਂਬੂਲੈਂਸ ਭੇਜੀ। ਜਦੋਂ ਦੂਜੀ ਐਂਬੂਲੈਂਸ ਹਸਪਤਾਲ ਪਹੁੰਚੀ ਤਾਂ ਸਥਾਨਕ ਐਂਬੂਲੈਂਸ ਚਾਲਕਾਂ ਨੇ ਉਸ ਦੇ ਚਾਲਕ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਦੌੜਾ ਦਿੱਤਾ। ਰਾਜ ਦੀ ਸਿਹਤ ਮੰਤਰੀ ਵੀ. ਰਜਨੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਅਣਮਨੁੱਖੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News