ਪ੍ਰੇਰਣਾਦਾਇਕ ਕਹਾਣੀ: ਪਿਤਾ ਚਲਾਉਂਦੇ ਹਨ ਜੱਜ ਦੀ ਕਾਰ, ਧੀ ਪਹਿਲੀ ਕੋਸ਼ਿਸ਼ ’ਚ ਬਣੀ ਸਿਵਲ ਜੱਜ

05/01/2022 3:25:23 PM

ਨਵੀਂ ਦਿੱਲੀ (ਭਾਸ਼ਾ)– ਕਿਸੇ ਦਾ ਹੌਸਲਾ ਵਧਾਉਣਾ ਹੋਵੇ ਤਾਂ ਉਸ ਨੂੰ ਅਜਿਹੇ ਲੋਕਾਂ ਦੀ ਮਿਸਾਲ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਕਿਸੇ ਅਸੰਭਵ ਜਿਹੇ ਲੱਗਣ ਵਾਲੇ ਸੁਫ਼ਨੇ ਨੂੰ ਆਪਣੀ ਮਿਹਨਤ ਨਾਲ ਸਾਕਾਰ ਕਰ ਦਿੱਤਾ ਹੋਵੇ। ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੀ ਇਕ ਕੁੜੀ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਆਪਣੇ ਭਵਿੱਖ ਨੂੰ ਇੰਨਾ ਉੱਜਵਲ ਬਣਾ ਦਿੱਤਾ ਕਿ ਲੋਕ ਆਪਣੀਆਂ ਧੀਆਂ ਨੂੰ ਉਸ ਦੀ ਮਿਸਾਲ ਦੇਣਗੇ। ਦਰਅਸਲ ਨੀਮਚ ਦੀ 25 ਸਾਲਾ ਵੰਸ਼ਿਤਾ ਗੁਪਤਾ ਜੱਜ ਦੀ ਭਰਤੀ ਪ੍ਰੀਖਿਆ ਪਾਸ ਕਰ ਕੇ ਸਿਵਲ ਜੱਜ ਦੇ ਅਹੁਦੇ ’ਤੇ ਚੁਣੀ ਗਈ ਹੈ। ਉਨ੍ਹਾਂ ਨੂੰ ਪੂਰੇ ਪ੍ਰਦੇਸ਼ ’ਚ 7ਵਾਂ ਰੈਂਕ ਹਾਸਲ ਹੋਇਆ ਹੈ।

ਇਹ ਵੀ ਪੜ੍ਹੋ: ਬ੍ਰੇਨ ਡੈੱਡ ਧੀ ਦੇ ਮਾਪਿਆਂ ਨੇ ਦਾਨ ਕੀਤੇ ਅੰਗ, ਪਿਤਾ ਨੇ ਆਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ

ਪਿਤਾ ਹਨ ਜੱਜ ਦੇ ਕਾਰ ਡਰਾਈਵਰ-
ਖ਼ਾਸ ਗੱਲ ਇਹ ਹੈ ਕਿ ਵੰਸ਼ਿਤਾ ਦੇ ਪਿਤਾ ਅਰਵਿੰਦ ਗੁਪਤਾ ਜ਼ਿਲ੍ਹੇ ਦੇ ਇਕ ਜੱਜ ਦੇ ਕਾਰ ਡਰਾਈਵਰ ਹਨ। ਅਰਵਿੰਦ ਗੁਪਤਾ ਧੀ ਦੀ ਸਫ਼ਲਤਾ ਤੋਂ ਬੇਹੱਦ ਖੁਸ਼ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਅਦਾਲਤ ’ਚ ਕਰਮਚਾਰੀ ਹਨ ਅਤੇ ਇਕ ਜੱਜ ਦੇ ਕਾਰ ਡਰਾਈਵਰ ਦੇ ਰੂਪ ’ਚ ਕੰਮ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਖੁਆਬਾਂ-ਖਿਆਲਾਂ ’ਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਧੀ ਇਕ ਦਿਨ ਜੱਜ ਬਣ ਜਾਵੇਗੀ। ਅਰਵਿੰਦ ਗੁਪਤਾ ਨੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਯਾਨੀ ਕਿ ਵੰਸ਼ਿਤਾ ਦੇ ਦਾਦਾ ਰਮੇਸ਼ਚੰਦਰ ਗੁਪਤਾ ਵੀ ਅਦਾਲਤ ’ਚ ਗਰੇਡ-1 ਰੀਡਰ ਰਹਿ ਚੁੱਕੇ ਹਨ। ਉੱਥੋਂ ਸੇਵਾਮੁਕਤ ਹੋਣ ਮਗਰੋਂ ਉਹ ਹੁਣ ਮੰਦਸੌਰ ’ਚ ਵਕਾਲਤ ਕਰ ਰਹੇ ਹਨ।

ਸਕੂਲ ’ਚ ਅਧਿਆਪਕਾ ਹੈ ਮਾਂ-
ਅਰਵਿੰਦ ਗੁਪਤਾ ਨੇ ਦੱਸਿਆ ਕਿ ਵੰਸ਼ਿਤਾ ਦੀ ਮਾਂ ਸਰਕਾਰੀ ਸਕੂਲ ’ਚ ਅਧਿਆਪਕਾ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦੀਆਂ ਅੱਖਾਂ ’ਚ ਚਮਕ ਕਈ ਗੁਣਾ ਵਧ ਜਾਂਦੀ ਹੈ ਕਿ ਉਨ੍ਹਾਂ ਦੀ ਧੀ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ’ਚ ਸਿਵਲ ਜੱਜ ਦੀ ਭਰਤੀ ਪ੍ਰੀਖਿਆ ਪਾਸ ਕਰ ਕੇ ਉਨ੍ਹਾਂ ਦੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। 

ਇਹ ਵੀ ਪੜ੍ਹੋ: ਦਿੱਲੀ ਦੇ ਡਿਪਟੀ CM ਸਿਸੋਦੀਆ ਨੇ ਕੋਰੋਨਾ ਯੋਧਾ ਦੇ ਪਰਿਵਾਰ ਨੂੰ ਸੌਂਪੀ ਇਕ ਕਰੋੜ ਦੀ ਸਨਮਾਨ ਰਾਸ਼ੀ

ਜੈਪੁਰ ਤੋਂ ਕੀਤੀ ਕਾਨੂੰਨ ਦੀ ਪੜ੍ਹਾਈ–
ਵੰਸ਼ਿਤਾ ਦੇ ਪਿਤਾ ਅਰਵਿੰਦ ਗੁਪਤਾ ਮੁਤਾਬਕ ਵੰਸ਼ਿਤਾ ਨੇ ਜੈਪੁਰ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਇੰਦੌਰ ਦੀ ਇਕ ਕੋਚਿੰਗ ਸੰਸਥਾ ’ਚ ਸਿਵਲ ਜੱਜ ਦੀ ਭਰਤੀ ਪ੍ਰੀਖਿਆ ਦੀ ਤਿਆਰੀ ਕੀਤੀ। 

ਪਾਇਲਟ ਬਣਨਾ ਚਾਹੁੰਦੀ ਸੀ ਵੰਸ਼ਿਤਾ-
ਇਸ ਭਰਤੀ ਪ੍ਰੀਖਿਆ ਦੇ ਕਾਮਯਾਬ ਉਮੀਦਵਾਰਾਂ ’ਚ ਸ਼ਾਮਲ ਵੰਸ਼ਿਤਾ ਨੇ ਕਿਹਾ ਕਿ ਮੇਰੇ ਪਿਤਾ ਦੇ ਪੇਸ਼ੇ ਪ੍ਰਤੀ ਮੇਰੇ ਮਨ ’ਚ ਬਹੁਤ ਸਨਮਾਨ ਹੈ। ਉਨ੍ਹਾਂ ਨੇ ਹਮੇਸ਼ਾ ਮੇਰਾ ਹੌਸਲਾ ਵਧਾਇਆ। ਸਕੂਲ ’ਚ ਪੜ੍ਹਾਈ ਦੌਰਾਨ ਉਹ ਪਾਇਲਟ ਬਣਨਾ ਚਾਹੁੰਦੀ ਸੀ ਪਰ ਜਦੋਂ ਉਹ ਇਕ ਵਾਰ ਆਪਣੇ ਪਿਤਾ ਨਾਲ ਅਦਾਲਤ ਗਈ, ਉਸ ਦਾ ਵਿਚਾਰ ਅਚਾਨਕ ਬਦਲ ਗਿਆ। ਜੱਜ ਦੀ ਕੁਰਸੀ ਨਾਲ ਜੁੜੇ ਮਾਣ-ਸਨਮਾਨ ਨੂੰ ਵੇਖ ਕੇ ਉਸ ਨੇ ਜੱਜ ਬਣਨ ਦੀ ਠਾਣ ਲਈ। 

ਇਹ ਵੀ ਪੜ੍ਹੋ: ਚਾਰ ਧਾਮ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੈਅ, ਜਾਣੋ ਇਕ ਦਿਨ ’ਚ ਇੰਨੇ ਲੋਕ ਕਰ ਸਕਣਗੇ ਦਰਸ਼ਨ

 

ਪਿਤਾ ਬੋਲੇ-ਮੈਨੂੰ ਆਪਣੀ ਧੀ ’ਤੇ ਮਾਣ ਹੈ-
ਪਿਤਾ ਅਰਵਿੰਦ ਗੁਪਤਾ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹਨ ਕਿ ਮੇਰੀ ਧੀ ਵੰਸ਼ਿਤਾ ਆਪਣੀ ਪਹਿਲੀ ਕੋਸ਼ਿਸ਼ ’ਚ ਜੱਜ ਚੁਣੀ ਗਈ। ਮੈਨੂੰ ਆਪਣੀ ਧੀ ’ਤੇ ਮਾਣ ਹੈ।ਜੱਜ ਦੀ ਭਰਤੀ ਪ੍ਰੀਖਿਆ ਦਾ ਨਤੀਜਾ ਨੀਮਚ ਲਈ ਦੋਹਰੀ ਖੁਸ਼ੀ ਲੈ ਕੇ ਆਇਆ ਹੈ। ਜ਼ਿਲ੍ਹੇ ਦੀ ਇਕ ਹੋਰ ਕੁੜੀ ਦੀਰਘਾ ਏਰਨ ਨੇ ਵੀ ਆਪਣੀ ਦੂਜੀ ਕੋਸ਼ਿਸ਼ ’ਚ ਇਹ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਦੇ ਪਿਤਾ ਜਤਿੰਦਰ ਏਰਨ ਜ਼ਿਲ੍ਹੇ ’ਚ ਕਿਤਾਬਾਂ ਦੀ ਦੁਕਾਨ ਚਲਾਉਂਦੇ ਹਨ।

ਇਹ ਵੀ ਪੜ੍ਹੋ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਜੇਲ੍ਹ ’ਚੋਂ ਆਈ ਚਿੱਠੀ, ਗੁਰੂ ਗੱਦੀ ਨੂੰ ਲੈ ਕੇ ਸੁਣਾਇਆ ਵੱਡਾ ਫ਼ੈਸਲਾ


Tanu

Content Editor

Related News