23 ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਜੋੜੇ ਦੀ ਅਨਾਥ ਧੀ ਨੂੰ ਗੋਦ ਲੈਣ ਲਈ ਵਿਦੇਸ਼ੋਂ ਆ ਰਹੇ ਨੇ ਫੋਨ

Monday, Feb 17, 2020 - 02:01 PM (IST)

23 ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਜੋੜੇ ਦੀ ਅਨਾਥ ਧੀ ਨੂੰ ਗੋਦ ਲੈਣ ਲਈ ਵਿਦੇਸ਼ੋਂ ਆ ਰਹੇ ਨੇ ਫੋਨ

ਲਖਨਊ (ਭਾਸ਼ਾ)— ਬੰਦੇ ਦੇ ਸੁੱਤੇ ਭਾਗ ਕਦੋਂ ਅਤੇ ਕਿਵੇਂ ਜਾਗ ਜਾਣ ਇਸ ਦੀ ਖ਼ਬਰ ਕਿਸੇ ਨੂੰ ਕੰਨੋਂ-ਕੰਨ ਵੀ ਨਹੀਂ ਹੁੰਦੀ। ਕੁਝ ਇਸ ਤਰ੍ਹਾਂ ਦੀ ਕਹਾਣੀ ਹੈ, ਇਸ ਨੰਨ੍ਹੀ ਬੱਚੀ ਦੀ। ਉੱਤਰ ਪ੍ਰਦੇਸ਼ ਦੇ ਫਰੂਖਾਬਾਦ 'ਚ ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਜੋੜ ਦੀ ਇਕ ਸਾਲ ਦੀ ਅਨਾਥ ਬੱਚੀ ਗੌਰੀ ਦੇ ਨਾਮ ਕਾਨਪੁਰ ਦੇ ਆਈ. ਜੀ. ਮੋਹਿਤ ਅਗਰਵਾਲ ਨੇ 1 ਲੱਖ ਰੁਪਏ ਦੀ ਐੱਫ. ਡੀ. ਜਮ੍ਹਾ ਕਰਵਾਈ ਹੈ। ਅਗਰਵਾਲ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੌਰੀ ਨੂੰ ਗੋਦ ਲੈਣ ਲਈ ਬੰਗਲੌਰ, ਦਿੱਲੀ ਵਰਗੇ ਵੱਡੇ ਸ਼ਹਿਰਾਂ ਤੋਂ ਬੇ-ਔਲਾਦ ਜੋੜੇ ਫਰੂਖਾਬਾਦ ਦੇ ਜ਼ਿਲਾ ਪ੍ਰੋਬੇਸ਼ਨ ਅਧਿਕਾਰੀ ਤੋਂ ਪੁੱਛ-ਗਿੱਛ ਕਰ ਰਹੇ ਹਨ। ਮੀਡੀਆ 'ਚ ਖ਼ਬਰਾਂ ਆਉਣ ਤੋਂ ਬਾਅਦ ਅਮਰੀਕਾ ਅਤੇ ਲੰਡਨ ਤੋਂ ਵੀ ਬੱਚੀ ਗੌਰੀ ਨੂੰ ਗੋਦ ਲੈਣ ਲਈ ਲੋਕ ਫੋਨ ਕਰ ਰਹੇ ਹਨ। 

PunjabKesari

ਇਹ ਸੀ ਪੂਰੀ ਘਟਨਾ—
ਦਰਅਸਲ ਬੀਤੇ ਕੁਝ ਦਿਨ ਪਹਿਲਾਂ ਫਰੂਖਾਬਾਦ ਦੇ ਮੁਹੰਮਦਾਬਾਦ ਕੋਤਵਾਲੀ ਖੇਤਰ ਦੇ ਪਿੰਡ ਕਰਥੀਆ 'ਚ 30 ਜਨਵਰੀ ਦੀ ਰਾਤ ਬੇਟੀ ਦੀ ਜਨਮ ਦਿਨ ਪਾਰਟੀ ਦੇ ਨਾਮ 'ਤੇ 23 ਬੱਚਿਆਂ ਨੂੰ ਆਪਣੇ ਘਰ ਬੁਲਾ ਕੇ ਤਹਿਖਾਨੇ 'ਚ 12 ਘੰਟਿਆਂ ਤਕ ਬੰਧਕ ਬਣਾ ਕੇ ਰੱਖਣ ਵਾਲੇ ਅਗਵਾਕਰਤਾ ਸੁਭਾਸ਼ ਨੂੰ ਪੁਲਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਸੀ। ਘਟਨਾ ਤੋਂ ਰੋਹ ਵਿਚ ਆਏ ਪਿੰਡ ਵਾਸੀਆਂ ਨੇ ਸੁਭਾਸ਼ ਦੀ ਪਤਨੀ ਰੂਬੀ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਸੀ, ਜਿਸ ਕਾਰਨ ਉਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ ਸੀ।

PunjabKesari

ਆਈ. ਜੀ. ਮੋਹਿਤ ਨੇ ਚੁੱਕੀ ਬੱਚੀ ਦੀ ਜ਼ਿੰਮੇਵਾਰੀ—
ਸੁਭਾਸ਼ ਅਤੇ ਰੂਬੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ 1 ਸਾਲ ਦੀ ਬੇਟੀ ਗੌਰੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਕਾਨਪੁਰ ਖੇਤਰ ਦੇ ਆਈ. ਜੀ. ਮੋਹਿਤ ਅਗਰਵਾਲ ਨੇ ਲੈ ਲਈ ਸੀ। ਅਗਰਵਾਲ ਨੇ ਦੱਸਿਆ ਕਿ ਪ੍ਰਦੇਸ਼ ਸਰਕਾਰ ਨੇ ਫਰੂਖਾਬਾਦ 'ਚ ਬੱਚਿਆਂ ਨੂੰ ਛੁਡਵਾਉਣ ਵਾਲੀ ਪੁਲਸ ਟੀਮ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਸੀ, ਜਿਸ 'ਚੋਂ 1 ਲੱਖ ਰੁਪਏ ਮੈਨੂੰ ਵੀ ਇਨਾਮ 'ਚ ਮਿਲੇ। ਮੈਂ ਉਸ ਰਕਮ ਦੀ ਐੱਫ. ਡੀ. ਉਸ ਬੱਚੀ ਗੌਰੀ ਦੇ ਨਾਮ ਬਣਾ ਕੇ ਉਸ ਦੀ ਦੇਖਭਾਲ ਕਰਨ ਵਾਲੀ ਫਰੂਖਾਬਾਦ ਦੀ ਮਹਿਲਾ ਪੁਲਸ ਕਰਮੀ ਰਜਨੀ ਨੂੰ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਬੱਚੀ ਦਾ ਰੋਜ਼ਾਨਾ ਹੋਣ ਵਾਲਾ ਖਰਚਾ ਵੀ ਚੁੱਕ ਰਿਹਾਂ ਹਾਂ। ਮੇਰਾ ਸੁਪਨਾ ਹੈ ਕਿ ਇਹ ਬੱਚੀ ਵੱਡੀ ਹੋ ਕੇ ਮੇਰੀ ਵਾਂਗ ਆਈ. ਪੀ. ਐੱਸ. ਅਧਿਕਾਰੀ ਬਣੇ ਅਤੇ ਇਸ ਲਈ ਜ਼ਿੰਦਗੀ ਭਰ ਮੈਂ ਇਸ ਬੱਚੀ ਦਾ ਖਰਚਾ ਚੁੱਕਾਂਗਾ। 


author

Tanu

Content Editor

Related News