''ਭਾਰਤ ਮਾਤਾ ਦੀ ਜੈ'' ਦੇ ਵਿਰੋਧ ਦਾ ਸਾਹਮਣਾ ਕਰ ਰਹੇ ਫਾਰੂਕ ਅਬਦੁੱਲਾ ਨੇ ਤੋੜੀ ਚੁੱਪੀ

Wednesday, Aug 22, 2018 - 10:55 PM (IST)

''ਭਾਰਤ ਮਾਤਾ ਦੀ ਜੈ'' ਦੇ ਵਿਰੋਧ ਦਾ ਸਾਹਮਣਾ ਕਰ ਰਹੇ ਫਾਰੂਕ ਅਬਦੁੱਲਾ ਨੇ ਤੋੜੀ ਚੁੱਪੀ

ਸ਼੍ਰੀਨਗਰ— 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਉਣ 'ਤੇ ਵਿਰੋਧ ਦਾ ਸਾਹਮਣਾ ਕਰ ਰਹੇ ਫਾਰੂਕ ਅਬਦੁੱਲਾ ਨੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਵਿਰੋਧ ਕਰਨ ਵਾਲਿਆਂ ਨੂੰ ਸਖਤ ਨਸੀਹਤ ਦਿੰਦਿਆਂ ਕਿਹਾ ਕਿ ਮੈਂ ਡਰਨ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਇਸਦਾ ਵਿਰੋਧ ਕਰਨ ਵਾਲੇ ਲੋਕ ਇਹ ਸਮਝਦੇ ਹਨ ਕਿ ਇਸ ਨਾਲ ਆਜ਼ਾਦੀ ਮਿਲ ਜਾਵੇਗੀ ਤਾਂ ਮੈਂ ਇਨ੍ਹਾਂ ਨੂੰ ਕਹਿਣਾ ਚਾਹਾਂਗਾ ਕਿ ਪਹਿਲਾਂ ਗਰੀਬੀ, ਬੇਰੋਜ਼ਗਾਰੀ ਤੇ ਭੁੱਖਮਰੀ ਤੋਂ ਆਜ਼ਾਦੀ ਪਾਓ। ਇਹ ਦੇਸ਼ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਸਮੇਤ ਉਨ੍ਹਾਂ ਸਾਰੇ ਲੋਕਾਂ ਦਾ ਹੈ ਜੋ ਇਥੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਤੇ ਪਾਕਿਸਤਾਨ ਵਿਚ ਸ਼ਾਂਤੀ ਵਾਰਤਾ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ, ਨਫਰਤ ਨੂੰ ਛੱਡਣ ਦੀ ਜ਼ਰੂਰਤ ਹੈ।
ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸ਼ਰਧਾਂਜਲੀ ਸਮਾਰੋਹ ਵਿਚ ਫਾਰੂਕ ਅਬਦੁੱਲਾ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ ਸਨ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਵਿਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਬੁੱਧਵਾਰ ਨੂੰ ਬਕਰੀਦ ਦੇ ਮੌਕੇ 'ਤੇ ਹਜ਼ਰਤ ਬਲ ਵਿਚ ਨਮਾਜ਼ ਪੜ੍ਹਨ ਗਏ ਫਾਰੂਕ ਅਬਦੁੱਲਾ ਖਿਲਾਫ ਲੋਕਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਸੀ। 
ਵਿਰੋਧ ਕਰਕੇ ਹੱਥਾਂ ਵਿਚ ਜੁੱਤੀਆਂ ਉਠਾਈਆਂ
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਤੋਂ ਲੋਕ ਇੰਨੇ ਨਾਰਾਜ਼ ਸਨ ਕਿ ਉਨ੍ਹਾਂ ਖਿਲਾਫ 'ਸ਼ਰਮ ਕਰੋ ਸ਼ਰਮ ਕਰੋ' ਦੇ ਨਾਅਰੇ ਲਗਾਏ। ਇੰਨਾ ਹੀ ਨਹੀ ਲੋਕ ਉਨ੍ਹਾਂ ਨੂੰ ਮਸਜਿਦ 'ਚੋਂ ਬਾਹਰ ਤਕ ਕੱਢਣ ਦੀ ਮੰਗ ਕਰਨ ਲੱਗੇ ਅਤੇ ਹੱਥਾਂ ਵਿਚ ਚੱਪਲਾਂ ਉਠਾ ਲਈਆਂ। ਹਾਲਾਂਕਿ ਸਰੁੱਖਿਆ ਬਲਾਂ ਦੇ ਘੇਰੇ ਕਾਰਨ ਉਨ੍ਹਾਂ ਕੋਲ ਕੋਈ ਨਹੀਂ ਆ ਸਕਿਆ।
ਫਾਰੂਕ ਅਬਦੁੱਲਾ ਅਟਲ ਬਿਹਾਰੀ ਵਾਜਪਾਈ ਦੇ ਸ਼ਰਧਾਂਜਲੀ ਸਮਾਰੋਹ ਵਿਚ ਪਹੁੰਚੇ ਸਨ ਤੇ ਉਨ੍ਹਾਂ ਨੂੰ ਦੇਸ਼ ਦੇ ਦਿਲਾਂ ਦਾ ਮਾਲਿਕ ਦੱਸਦੇ ਹੋਏ ਉਨ੍ਹਾਂ ਦੇ ਰਸਤੇ 'ਤੇ ਚੱਲਣ ਦੀ ਅਪੀਲ ਕੀਤੀ ਸੀ। ਉਥੇ ਹੀ ਬਕਰੀਦ ਦੇ ਮੌਕੇ ਜੰਮੂ ਕਸ਼ਮੀਰ ਤੇ ਸ਼੍ਰੀਨਗਰ ਦੇ ਕਈ ਇਲਾਕਿਆਂ ਵਿਚ ਵਿਰੋਧ ਤੇ ਹਿੰਸਾ ਦੇਖਣ ਨੂੰ ਮਿਲੀ। ਬੁੱਧਵਾਰ ਨੂੰ ਅੱਤਵਾਦੀਆਂ ਨੇ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਬੁੱਧਵਾਰ ਨੂੰ ਸ਼੍ਰੀਨਗਰ ਵਿਚ ਈਦ ਦੀ ਨਮਾਜ਼ ਪੜ੍ਹਨ ਤੋਂ ਬਾਅਦ ਕੁੱਝ ਲੋਕਾਂ ਨੇ ਪਾਕਿਸਤਾਨ ਦੇ ਝੰਡੇ ਲਹਿਰਾਏ, ਉਥੇ ਮੌਜੂਦ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਵੀ ਕੀਤੀ ਗਈ।


Related News