ਖੇਤੀ ਕਾਨੂੰਨਾਂ ਖ਼ਿਲਾਫ਼ ਕੱਲ੍ਹ 5 ਘੰਟੇ ਲਈ ਕੇ.ਐੱਮ.ਪੀ. ਜਾਮ ਕਰਨਗੇ ਕਿਸਾਨ
Friday, Mar 05, 2021 - 10:08 PM (IST)
ਨਵੀਂ ਦਿੱਲੀ - 3 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਦੇ ਰਹੇ ਹਨ। ਇਨ੍ਹਾਂ 3 ਮਹੀਨਿਆਂ ਦੌਰਾਨ ਕਿਸਾਨ ਹੱਡ ਕੰਬਾਊ ਠੰਡ, ਮੀਂਹ ਤੋਂ ਬਾਅਦ ਹੁਣ ਤਿੱਖੀ ਧੁੱਪ ਦਾ ਸਾਹਮਣਾ ਕਰਨ ਰਹੇ ਹਨ। ਇਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਕੱਲ 11 ਤੋਂ 4 ਵਜੇ ਤੱਕ ਅਸੀਂ ਕੇ.ਐਮ.ਪੀ ਜਾਮ ਕਰਾਂਗੇ। ਇਸ ਤੋਂ ਇਲਾਵਾ ਪਿੰਡਾਂ ਵਿੱਚ ਸਾਰੇ ਦੇਸ਼ ਵਿੱਚ ਤਹਿਸੀਲ ਪੱਧਰ 'ਤੇ ਜ਼ਿਲਾ ਪੱਧਰ 'ਤੇ ਜਿਥੇ ਲੋਕ ਕੁਝ ਕਰ ਸਕਦੇ ਹਨ ਉਥੇ ਰੋਸ ਪ੍ਰਗਟ ਕਰਨਾ ਚਾਹੀਦਾ ਹੈ ਅਤੇ ਸਾਰੇ ਆਪਣੇ ਘਰਾਂ 'ਤੇ ਕਾਲੇ ਝੰਡੇ ਲਾਉਣਗੇ ਅਤੇ ਕਿਸਾਨ ਜਿਥੇ ਜਾਣਗੇ ਉਹ ਕਾਲੀ ਪੱਟੀ ਲਗਾ ਕੇ ਜਾਣਗੇ।
ਉਨਾਂ ਕਿਹਾ ਕਿ ਜਦੋਂ ਅਸੀਂ ਕੇ.ਐਮ.ਪੀ ਜਾਮ ਕਰਾਂਗੇ ਤਾਂ ਅਸੀਂ ਕੋਈ ਪੰਡਾਲ ਨਹੀਂ ਲਗਾਵਾਂਗੇ ਤਿੱਖੀ ਧੁੱਪ ਵਿੱਚ ਬੈਠ ਕੇ ਹੀ ਸ਼ਾਂਤੀਪੂਰਨ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਾਂਗੇ। ਰਾਜੇਵਾਲ ਨੇ ਕਿਹਾ ਕਿ ਇਹ ਸਰਕਾਰ ਨੂੰ ਚਿਤਾਵਨੀ ਹੈ ਕਿ ਜਿਹੜਾ ਉਨ੍ਹਾਂ ਨੇ ਹੱਥਕੰਢਾ ਅਪਣਾਇਆ ਹੈ ਕਦੇ ਕੋਈ ਰਾਹ ਖੋਲ੍ਹ ਦਿੱਤਾ ਕਦੇ ਬੰਦ ਕਰ ਦਿੱਤਾ, ਪੈਟਰੋਲ ਪੰਪਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਉਹ ਬੰਦ ਕਰ ਦੇਵੇ।
ਕਿਸਾਨ ਅੰਦੋਲਨ ਨੂੰ ਅੱਜ 99 ਦਿਨ ਹੋ ਗਏ ਹਨ ਕਿਸਾਨ ਨੇ ਇਕ ਪੱਤਾ ਵੀ ਨਹੀਂ ਤੋੜਿਆ, ਕਿਸਾਨ ਇਥੇ ਲਗਾਤਾਰ ਸ਼ਾਂਤੀਪੂਰਨ ਤਰੀਕੇ ਨਾਲ ਬੈਠੇ ਹਨ ਇਸ ਲਈ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ। ਰਾਜੇਵਾਲ ਨੇ ਕਿਹਾ ਕਿ ਮੈਂ ਸਰਕਾਰ ਨੂੰ ਚੈਲੇਂਜ ਕਰਦਾ ਹਾਂ ਕਿ ਸਰਕਾਰ ਜਿੰਨਾਂ ਮਰਜੀ ਜ਼ੋਰ ਲਗਾ ਲਵੇ ਸਾਡਾ ਭਾਈਚਾਰਾ ਨਹੀ ਟੁੱਟੇਗਾ। ਜਿਹੜੇ ਇਥੋਂ ਦੇ ਪੱਕੇ ਵਸਨੀਕ ਹਨ ਉਹ ਸਾਡੇ ਨਾਲ ਹਨ ਅਤੇ ਸਾਡੇ ਨਾਲ ਹੀ ਰਹਿਣਗੇ।
ਸਰਕਾਰ ਨੇ ਇਥੇ ਸਾਫ ਸਫਾਈ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਹੈ, ਸਰਕਾਰ ਸਾਡੇ ਨਾਲ ਦੁਸ਼ਮਣਾਂ ਵਰਗਾ ਵਿਵਹਾਰ ਕਰ ਰਹੀ ਹੈ। ਹਿਊਮਨ ਰਾਈਟਸ ਵਾਇਲੈਂਸ ਖਿਲਾਫ ਹਾਊਸ ਆਫ ਕਾਮਨ ਵਿੱਚ 8 ਤਰੀਖ਼ ਨੂੰ ਸ਼ਾਮ ਸਾਢੇ 4 ਵਜੇ ਤੋਂ ਬਹਿਸ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮੁੱਦੇ ਨੂੰ ਕੈਨੇਡਾ ਵਿੱਚ ਉਭਾਰਿਆ ਅਤੇ ਉੱਚ ਸਦਨ ਵਿੱਚ ਇਸ ਮੁੱਦੇ 'ਤੇ ਬਹਿਸ ਕਰਨ ਲਈ ਸਰਕਾਰ ਨੂੰ ਮਜ਼ਬੂਰ ਕੀਤਾ ਅਤੇ ਹਫਤੇ ਬਾਅਦ ਆਸਟਰੇਲੀਆ ਦੀ ਪਾਰਲੀਮੈਂਟ ਵਿੱਚ ਵੀ ਇਹ ਮੁੱਦਾ ਚੁੱਕਿਆ ਜਾਵੇਗਾ।
ਆਪਣੇ ਪ੍ਰੋਗਰਾਮ ਬਾਰੇ ਦੱਸਦੇ ਹੋਏ ਰਾਜੇਵਾਲ ਨੇ ਕਿਹਾ ਕਿ ਅਸੀਂ ਸਿਰਫ 10 ਤੋਂ 20 ਟਰੈਕਟਰ ਦੀ ਲੈ ਕੇ ਜਾਵਾਂਗੇ, ਸਿਰਫ ਕਿਸਾਨਾਂ ਦੇ ਨਾਲ ਹੀ ਅਸੀਂ ਸੜਕ ਜਾਮ ਕਰਾਂਗੇ। ਅਸੀਂ ਸਿਰਫ 5 ਘੰਟੇ ਲਈ ਧੁੱਪ ਵਿੱਚ ਬੈਠ ਕੇ ਸੜਕਾਂ ਨੂੰ ਜਾਮ ਕਰਾਂਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।