ਕਿਸਾਨਾਂ ਦਾ ਐਲਾਨ, 3 ਅਕਤੂਬਰ ਨੂੰ ਪੂਰੇ ਦੇਸ਼ ’ਚ ਕਰਨਗੇ ਰੇਲ ਟ੍ਰੈਕ ਜਾਮ

Monday, Sep 23, 2024 - 12:39 AM (IST)

ਪਿਪਲੀ (ਕੁਰੂਕਸ਼ੇਤਰ)/ਪਟਿਆਲਾ (ਸੁਕਰਮ, ਜੋਸਨ) - ਕਿਸਾਨ-ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ-ਮਜ਼ਦੂਰ ਮੋਰਚਾ ਗੈਰ-ਰਾਜਨੀਤਕ ਦੇ ਸੱਦੇ ’ਤੇ ਪਿਪਲੀ ਅਨਾਜ ਮੰਡੀ ’ਚ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਤੋਂ ਆਏ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ 3 ਅਕਤੂਬਰ ਨੂੰ ਪੂਰੇ ਦੇਸ਼ ’ਚ ਕਿਸਾਨ 2 ਘੰਟੇ ਰੇਲ ਟ੍ਰੈਕ ਜਾਮ ਕਰ ਕੇ ਵਿਰੋਧ ਪ੍ਰਗਟ ਕਰਨਗੇ।

ਪੰਧੇਰ ਨੇ ਕਿਹਾ ਕਿ ਕਿਸਾਨਾਂ ’ਤੇ ਤਾਕਤ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਨੌਜਵਾਨ ਕਿਸਾਨ ਸ਼ੁੱਭਕਰਨ ਸ਼ਹੀਦ ਹੋ ਗਿਆ। ਕਿਸਾਨ ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋਈ। ਕਿਸਾਨ ਭਵਿੱਖ ’ਚ ਇਕ ਹੋ ਕੇ ਮਜ਼ਬੂਤ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਐੱਮ. ਐੱਸ. ਪੀ. ’ਤੇ ਗਾਰੰਟੀ ਕਾਨੂੰਨ, ਕਿਸਾਨਾਂ ਦੇ ਕਰਜ਼ੇ ’ਤੇ ਕਿਸਾਨਾਂ ਦੇ ਹੱਕ ’ਚ ਫੈਸਲਾ ਅਤੇ ਸ਼ਹੀਦ ਸ਼ੁੱਭਕਰਨ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।

ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਕੀਤੇ ਗਏ ਅੰਦੋਲਨ ਦੌਰਾਨ ਉਨ੍ਹਾਂ ’ਤੇ ਹੋਏ ਜ਼ੁਲਮ ਦਾ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਬਦਲਾ ਲੈਣ ਦਾ ਸਮਾਂ ਆ ਗਿਆ ਹੈ।

ਉਨ੍ਹਾਂ ਕਿਹਾ ਕਿ ਦਿੱਲੀ ’ਚ ਚੱਲੇ ਅੰਦੋਲਨ ਨੂੰ 223 ਦਿਨ ਹੋ ਗਏ ਹਨ। ਮੋਰਚੇ ਨੇ ਫ਼ੈਸਲਾ ਲਿਆ ਸੀ ਕਿ ਹਰਿਆਣਾ ’ਚ ਚੋਣਾਂ ਹੋਣ ਤੋਂ ਪਹਿਲਾਂ 2 ਵੱਡੀਆਂ ਕਿਸਾਨ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ। ਇਕ ਪੰਚਾਇਤ ਪਹਿਲਾਂ ਹੋ ਚੁੱਕੀ ਹੈ ਅਤੇ ਦੂਜੀ ਅੱਜ ਪਿਪਲੀ ਅਨਾਜ ਮੰਡੀ ’ਚ ਹੋਈ। ਉਨ੍ਹਾਂ ਨੇ ਦੁੱਖ ਜ਼ਾਹਿਰ ਕੀਤਾ ਕਿ ਲਖੀਮਪੁਰ ਖੀਰੀ ਕਾਂਡ ਦੇ ਗਵਾਹਾਂ ’ਤੇ ਹਮਲੇ ਕੀਤੇ ਜਾ ਰਹੇ ਹਨ।

ਕਿਸਾਨ-ਮਜ਼ਦੂਰ ਮੋਰਚੇ ਦੇ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੰਦੋਲਨ ਦੌਰਾਨ ਜਿਸ ਤਰੀਕੇ ਨਾਲ ਕਿਸਾਨਾਂ ’ਤੇ ਗੋਲੀਆਂ ਚਲਾਈਆਂ ਗਈਆਂ ਸਨ, ਉਸ ਦਾ ਕਿਸਾਨ ਹਿਸਾਬ ਜ਼ਰੂਰ ਲੈਣਗੇ। ਕਿਸਾਨ ਹੁਣ ਅਜਿਹੀ ਨੀਤੀ ਬਣਾਉਣਗੇ ਕਿ ਕੋਈ ਵੀ ਸਿਆਸੀ ਪਾਰਟੀ ਉਨ੍ਹਾਂ ਵੱਲ ਅੱਖ ਚੁੱਕ ਕੇ ਨਹੀਂ ਵੇਖੇਗੀ।

ਮਹਾਪੰਚਾਇਤ ਨੂੰ ਸ਼ਹੀਦ ਭਗਤ ਸਿੰਘ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਅਮਰਜੀਤ ਮੋਹੜੀ, ਰਾਜਸਥਾਨ ਦੇ ਕਿਸਾਨ ਨੇਤਾ ਰਣਜੀਤ ਰਾਜੂ, ਕਿਸਾਨ-ਮਜ਼ਦੂਰ ਸੰਗਠਨ ਦੇ ਸੂਬਾ ਪ੍ਰਧਾਨ ਉਮੇਦ ਸਿੰਘ ਫੌਗਾਟ, ਕਿਸਾਨ ਨੇਤਾ ਜਸਵਿੰਦਰ ਸਿੰਘ ਲੌਂਗੋਵਾਲ ਸਮੇਤ ਸ਼ਹੀਦ ਭਗਤ ਕਿਸਾਨ ਯੂਨੀਅਨ ਦੇ ਸੂਬਾਈ ਬੁਲਾਰੇ ਜੈਭਗਵਾਨ ਕਾਲਾ, ਸੂਬਾ ਜਨਰਲ ਸਕੱਤਰ ਸੰਜੀਵ ਆਲਮਪੁਰ, ਕਿਸਾਨ ਨੇਤਾ ਨਵਦੀਪ ਸਿੰਘ ਜਲਬੇਹੜਾ, ਬੀਬੀ ਹਰਜਿੰਦਰ ਕੌਰ, ਕਿਸਾਨ ਨੇਤਾ ਰਜਿੰਦਰ ਸਿੰਘ ਚੌਸਾਲਾ ਸਮੇਤ ਅਨੇਕ ਕਿਸਾਨ ਨੇਤਾਵਾਂ ਨੇ ਸੰਬੋਧਨ ਕੀਤਾ।
 


Inder Prajapati

Content Editor

Related News