''ਖੇਤੀ ਯੋਜਨਾ ਦਾ ਪੈਸਾ ਮੰਗਣੀ ਅਤੇ ਵਿਆਹਾਂ ’ਤੇ ਖਰਚ ਕਰਦੇ ਹਨ ਕਿਸਾਨ''
Sunday, Apr 06, 2025 - 11:05 AM (IST)

ਮੁੰਬਈ- ਮਹਾਰਾਸ਼ਟਰ ਦੇ ਖੇਤੀਬਾੜੀ ਮੰਤਰੀ ਮਾਨਿਕਰਾਓ ਕੋਕਾਟੇ ਨੇ ਦਾਅਵਾ ਕੀਤਾ ਹੈ ਕਿ ਕਿਸਾਨ ਖੇਤੀਬਾੜੀ ਯੋਜਨਾਵਾਂ ਤੋਂ ਪ੍ਰਾਪਤ ਪੈਸੇ ਨੂੰ ਲੋੜੀਂਦੇ ਉਦੇਸ਼ਾਂ ’ਤੇ ਖਰਚ ਨਹੀਂ ਕਰਦੇ, ਸਗੋਂ ਇਸਦੀ ਵਰਤੋਂ ਮੰਗਣੀ ਸਮਾਰੋਹਾਂ ਅਤੇ ਵਿਆਹਾਂ ਲਈ ਕਰਦੇ ਹਨ। ਕੋਕਾਟੇ ਨੇ ਇਹ ਬਿਆਨ ਨਾਸਿਕ ਜ਼ਿਲ੍ਹੇ ਵਿਚ ਹਾਲ ਹੀ ਵਿਚ ਪਏ ਬੇਮੌਸਮੇ ਮੀਂਹ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਕੁਝ ਪਿੰਡਾਂ ਦੇ ਦੌਰੇ ਦੌਰਾਨ ਦਿੱਤਾ।
ਮੰਤਰੀ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਇਕ ਕਿਸਾਨ ਨੇ ਪੁੱਛਿਆ ਕਿ ਕੀ ਨਿਯਮਿਤ ਤੌਰ ’ਤੇ ਆਪਣਾ ਕਰਜ਼ਾ ਮੋੜਨ ਵਾਲੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਮਿਲ ਸਕਦੀ ਹੈ। ਉਨ੍ਹਾਂ ਨੇ ਸਵਾਲ ਕੀਤਾ ‘ਕਰਜ਼ਾ ਮੁਆਫ਼ੀ ਤੋਂ ਬਾਅਦ ਤੁਸੀਂ ਪੈਸੇ ਦਾ ਕੀ ਕਰਦੇ ਹੋ? ਕੀ ਤੁਸੀਂ ਇਸ ਨੂੰ ਖੇਤੀਬਾੜੀ ਵਿਚ ਨਿਵੇਸ਼ ਕਰਦੇ ਹੋ?’ ਕੋਕਾਟੇ ਨੇ ਦਾਅਵਾ ਕੀਤਾ ਕਿਸਾਨ ਕਹਿੰਦੇ ਹਨ ਕਿ ਉਹ ਫਸਲ ਬੀਮੇ ਦੇ ਪੈਸੇ ਚਾਹੁੰਦੇ ਹਨ ਪਰ ਇਸਨੂੰ ਮੰਗਣੀ ਸਮਾਰੋਹਾਂ ਅਤੇ ਵਿਆਹਾਂ 'ਤੇ ਵਰਤਦੇ ਹਨ। ਕਿਸਾਨ 5-10 ਸਾਲ ਉਡੀਕ ਕਰਦੇ ਹਨ, ਅਤੇ ਕਰਜ਼ਾ ਨਹੀਂ ਮੋੜਦੇ। ਸਰਕਾਰ ਤੁਹਾਨੂੰ ਖੇਤੀਬਾੜੀ ਵਿੱਚ ਨਿਵੇਸ਼ ਕਰਨ ਲਈ ਪੈਸੇ ਦੇਵੇਗੀ। ਇਹ ਪੈਸਾ ਪਾਣੀ ਦੀਆਂ ਪਾਈਪਲਾਈਨਾਂ, ਸਿੰਚਾਈ ਅਤੇ ਖੇਤ ਤਲਾਬਾਂ ਲਈ ਹੈ। ਸਰਕਾਰ ਪੂੰਜੀ ਨਿਵੇਸ਼ ਕਰਦੀ ਹੈ।
ਕੋਕਾਟੇ ਉਪ-ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੈਂਬਰ ਹਨ। ਉਹ ਨਾਸਿਕ ਜ਼ਿਲ੍ਹੇ ਦੇ ਸਿੰਨਰ ਚੋਣ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਜਿੱਥੇ ਹਾਲ ਹੀ ਵਿਚ ਬੇਮੌਸਮੇ ਮੀਂਹਅਤੇ ਗੜੇਮਾਰੀ ਕਾਰਨ ਪਿਆਜ਼ ਅਤੇ ਅੰਗੂਰ ਵਰਗੀਆਂ ਫਸਲਾਂ ਪ੍ਰਭਾਵਿਤ ਹੋਈਆਂ ਸਨ।