ਕਿਸਾਨੀ ਅੰਦੋਲਨ ਨੂੰ ਕਿਲ੍ਹੇਬੰਦੀ ਕਰ ਕੇ ਦਬਾਉਣਾ ਖ਼ਤਰਨਾਕ, ਕਿਸਾਨ ਪਿੱਛੇ ਨਹੀਂ ਹੱਟਣਗੇ: ਰਾਹੁਲ
Wednesday, Feb 03, 2021 - 06:18 PM (IST)
ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਕਿਲ੍ਹੇਬੰਦੀ ਕਰ ਕੇ ਦਬਾਉਣਾ ਖ਼ਤਰਨਾਕ ਹੈ, ਇਸ ਲਈ ਸਰਕਾਰ ਨੂੰ ਸਮੱਸਿਆ ਦਾ ਹੱਲ ਕੱਢਣ ਲਈ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਰਾਹੁਲ ਨੇ ਬੁੱਧਵਾਰ ਯਾਨੀ ਕਿ ਅੱਜ ਇੱਥੇ ਪਾਰਟੀ ਹੈੱਡਕੁਆਰਟਰ ਵਿਚ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਮੰਗ ’ਤੇ ਵਿਚਾਰ ਕਰ ਕੇ ਖੇਤੀ ਸੰਬੰਧੀ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ।
ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸਰਕਾਰ ਕਿਲ੍ਹੇਬੰਦੀ ਕਿਉਂ ਕਰ ਰਹੀ ਹੈ। ਕੀ ਸਰਕਾਰ ਕਿਸਾਨਾਂ ਤੋਂ ਡਰਦੀ ਹੈ? ਰਾਹੁਲ ਨੇ ਕਿਹਾ ਕਿ ਕਿਸਾਨ ਦੇਸ਼ ਦੀ ਤਾਕਤ ਹੈ, ਸਰਕਾਰ ਦਾ ਕੰਮ ਇਨ੍ਹਾਂ ਨਾਲ ਗੱਲ ਕਰ ਕੇ ਸਮੱਸਿਆ ਦਾ ਹੱਲ ਕੱਢਣਾ ਹੈ, ਨਾ ਕਿ ਡਰਾਉਣ, ਧਮਕਾਉਣਾ। ਕਿਸਾਨ ਪਿੱਛੇ ਨਹੀਂ ਹੱਟਣਗੇ, ਸਰਕਾਰ ਨੂੰ ਹੀ ਪਿੱਛੇ ਹੱਟਣਾ ਹੋਵੇਗਾ। ਚੰਗਾ ਹੋਵੇਗਾ ਤੁਸੀਂ ਹਟ ਜਾਓ।
ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਛੇਤੀ ਕਰਨਾ ਜ਼ਰੂਰੀ ਹੈ। ਕਿਸਾਨ ਪਿੱਛੇ ਨਹੀਂ ਹਟਣਗੇ। ਅਖ਼ੀਰ ’ਚ ਸਰਕਾਰ ਨੂੰ ਪਿੱਛੇ ਹਟਣਾ ਪਵੇਗਾ। ਇਸ ਵਿਚ ਹੀ ਸਾਰਿਆਂ ਦਾ ਭਲਾ ਹੈ ਕਿ ਸਰਕਾਰ ਅੱਜ ਹੀ ਪਿੱਛੇ ਹਟ ਜਾਵੇ। ਪੱਤਰਕਾਰਾਂ ਵਲੋਂ ਕੀਤੇ ਸਵਾਲ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਬੈਰੀਕੇਡਜ਼ ਲਾਉਣ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਵਤੀਰੇ ਨਾਲ ਜੁੜੇ ਕਦਮਾਂ ਕਾਰਨ ਭਾਰਤ ਦੇ ਅਕਸ ’ਤੇ ਅਸਰ ਪਿਆ ਹੈ?
ਰਾਹੁਲ ਨੇ ਕਿਹਾ ਕਿ ਨਿਸ਼ਚਿਤ ਤੌਰ ’ਤੇ ਭਾਰਤ ਦੇ ਸਨਮਾਨ ਨੂੰ ਵੱਡਾ ਧੱਕਾ ਲੱਗਾ ਹੈ। ਸਿਰਫ ਗੱਲ ਕਿਸਾਨਾਂ ਨਾਲ ਵਤੀਰੇ ਦੀ ਨਹੀਂ ਹੈ, ਸਗੋਂ ਕਿ ਇਹ ਵੀ ਹੈ ਕਿ ਅਸੀਂ ਆਪਣੇ ਲੋਕਾਂ ਨਾਲ ਕਿਹੋ ਜਿਹਾ ਵਤੀਰਾ ਕਰਦੇ ਹਾਂ, ਪੱਤਰਕਾਰਾਂ ਨਾਲ ਕਿਵੇਂ ਦਾ ਵਤੀਰਾ ਕਰਦੇ ਹਾਂ? ਸਾਡੀ ਸਭ ਤੋਂ ਵੱਡੀ ਤਾਕਤ ‘ਸਾਫਟ ਪਾਵਰ’ ਹੋਣ ਦੀ ਹੈ। ਇਸ ਨੂੰ ਭਾਜਪਾ-ਆਰ. ਐੱਸ. ਐੱਸ. ਅਤੇ ਉਨ੍ਹਾਂ ਦੀ ਸੋਚ ਨੇ ਤਬਾਹ ਕਰ ਦਿੱਤਾ ਹੈ।
ਪੌਪ ਗਾਇਕਾ ਰਿਹਾਨਾ ਅਤੇ ਕੁਝ ਹੌਰ ਕੌਮਾਂਤਰੀ ਹਸਤੀਆਂ ਵਲੋਂ ਕਿਸਾਨ ਅੰਦੋਲਨ ਦਾ ਸਮਰਥਨ ਕੀਤੇ ਜਾਣ ਬਾਰੇ ਪੁੱਛਣ ’ਤੇ ਰਾਹੁਲ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਹਾਲਾਂਕਿ ਇਹ ਕਿਹਾ ਕਿ ਇਹ ਅੰਦਰੂਨੀ ਮਾਮਲਾ ਹੈ। ਕਿਸਾਨ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਅਤੇ ਇਹ ਹੋਣੇ ਚਾਹੀਦੇ ਹਨ। ਰਾਹੁਲ ਨੇ ਵਿੱਤੀ ਸਾਲ 2021-22 ਦੇ ਆਮ ਬਜਟ ਨੂੰ ‘ਇਕ ਫ਼ੀਸਦੀ ਲੋਕਾਂ ਦਾ ਬਜਟ’ ਕਰਾਰ ਦਿੱਤਾ।