26 ਜਨਵਰੀ ਨੂੰ ‘ਦਿੱਲੀ ਮਰਜਾਣੀ’ ਅਤੇ ‘ਪੰਜਾਬ ਸਿੰਘ’ ਦਾ ਵਿਆਹ, ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਕਾਰਡ
Sunday, Jan 10, 2021 - 01:23 PM (IST)
ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਪਿਛਲੇ 45 ਦਿਨਾਂ ਤੋਂ ਡਟੇ ਹੋਏ ਹਨ। ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਕਿਸਾਨ ਆਏ ਦਿਨ ਕੁਝ ਨਾ ਕੁਝ ਨਵੇਂ-ਨਵੇਂ ਪ੍ਰਯੋਗ ਕਰਦੇ ਰਹਿੰਦੇ ਹਨ। ਕਦੇ ਭੁੱਖ-ਹੜਤਾਲ ਤਾਂ ਕਦੇ ਟਰੈਕਟਰ ਮਾਰਚ ਜਾਂ ਫਿਰ ਕਦੇ ਮੌਨ ਧਾਰਨ, ਕਿਸਾਨ ਕਿਸੇ ਨਾ ਕਿਸੇ ਤਰੀਕੇ ਨਾਲ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਵਿਰੋਧ ਜਤਾ ਰਹੇ ਹਨ। ਇਸ ਵਾਰ ਕਿਸਾਨਾਂ ਨੇ ਬਹੁਤ ਹੀ ਵੱਖਰੇ ਤਰੀਕੇ ਨਾਲ ਵਿਰੋਧ ਜਤਾਇਆ ਹੈ, ਜੋ ਕਿ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਕਿਸਾਨ ਗਣਤੰਤਰ ਦਿਵਸ ਯਾਨੀ ਕਿ 26 ਜਨਵਰੀ ਨੂੰ ਟਰੈਕਟਰ ਮਾਰਚ ਦੇ ਨਾਲ-ਨਾਲ ‘ਦਿੱਲੀ’ ਦਾ ਵਿਆਹ ਵੀ ਕਰਵਾਉਣ ਜਾ ਰਹੇ ਹਨ। ‘ਪੰਜਾਬ’ ਅਤੇ ‘ਦਿੱਲੀ’ ਦੇ ਵਿਆਹ ਲਈ ਕਿਸਾਨਾਂ ਨੇ ਬਕਾਇਦਾ ਕਾਰਡ ਵੀ ਛਪਵਾਇਆ ਹੈ, ਜੋ ਕਿ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕਿਸਾਨੀ ਘੋਲ ਦਾ 46ਵਾਂ ਦਿਨ, ਕੜਾਕੇ ਦੀ ਠੰਡ ’ਚ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨ
ਆਓ ਜਾਣਦੇ ਹਾਂ ਕੀ ਲਿਖਿਆ ਹੈ ਇਸ ਵਿਆਹ ਦੇ ‘ਕਾਰਡ’ ’ਚ—
ਕਿਸਾਨਾਂ ਵਲੋਂ ਜਾਰੀ ਵਿਆਹ ਦੇ ਕਾਰਡ ’ਚ ਲਾੜੇ ਦਾ ਨਾਂ ‘ਪੰਜਾਬ ਸਿੰਘ’ ਅਤੇ ਲਾੜੀ ਦਾ ਨਾਂ ‘ਦਿੱਲੀ ਮਰਜਾਣੀ’ ਰੱਖਿਆ ਗਿਆ ਹੈ। ਕਾਰਡ ’ਤੇ ਸੱਦਾ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਸਾਡੇ ਕਾਕਾ ‘ਪੰਜਾਬ ਸਿੰਘ’ ਦਾ ਸ਼ੁੱਭ ਵਿਆਹ ‘ਬੀਬੀ ਦਿੱਲੀ ਮਰਜਾਣੀ’ ਨਾਲ ਮਿਤੀ 26 ਜਨਵਰੀ 2021 ਦਿਨ ਮੰਗਲਵਾਰ ਨੂੰ ਹੋਣਾ ਤੈਅ ਹੋਇਆ ਹੈ। ਹਰ ਕਿਸੇ ਨੂੰ ਖੁੱਲ੍ਹਾ ਸੱਦਾ ਹੈ। ਜਿਸ ਕਿਸੇ ਵੀ ਕਿਸਾਨ ਭਰਾ ਨੇ ਬਰਾਤ ਵਿਚ ਸ਼ਾਮਲ ਹੋਣਾ ਹੈ, ਉਹ ਆਪਣੇ ਟਰੈਕਟਰ-ਟਰਾਲੀਆਂ ਨਾਲ ਆਉਣ, ਅਸੀਂ ਉਡੀਕਵਾਨ ਰਹਾਂਗੇ। ਇੰਨਾ ਹੀ ਨਹੀਂ ਕਾਰਡ ’ਚ ਖਾਣੇ ਦੇ ਪ੍ਰਬੰਧ ਬਾਰੇ ਵੀ ਲਿਖਿਆ ਗਿਆ ਹੈ ਕਿ ਸਵੇਰੇ ਅਤੇ ਦੁਪਹਿਰ ਦਾ ਖਾਣਾ ਜਦੋਂ ਮਰਜ਼ੀ ਖਾ ਸਕਦੇ ਹੋਏ। ਇਸ ਤੋਂ ਇਲਾਵਾ ਲਿਖਿਆ ਹੈ ਕਿ ਬਰਾਤ ਦੀ ਰਵਾਨਗੀ ਸਵੇਰੇ 9 ਵਜੇ ਹੋਵੇਗੀ। ਮਿਲਣੀ ਸਵੇਰੇ 10 ਵਜੇ ਸਿੰਘੂ ਬਾਰਡਰ ’ਤੇ ਤਰਪਾਲਾਂ ਨਾਲ ਹੋਵੇਗੀ। ਸੱਦਾ ਪੱਤਰ ਸਮੂਹ ਕਿਸਾਨ ਭਾਈਚਾਰਾ ਵਲੋਂ।
ਇਹ ਵੀ ਪੜ੍ਹੋ : ਕੇਂਦਰ ਵਲੋਂ ਕਾਨੂੰਨ ਰੱਦ ਕਰਨ ਤੋਂ ਸਾਫ਼ ਇਨਕਾਰ, ਕਿਸਾਨਾਂ ਦਾ ਲਿਖਤੀ ਜਵਾਬ 'ਜਾਂ ਮਰਾਂਗੇ ਜਾਂ ਜਿੱਤਾਂਗੇ'
ਦੱਸ ਦੇਈਏ ਕਿ ਕਿਸਾਨ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਵਾਲੇ ਹਨ। ਵਿਆਹ ਦੇ ਇਸ ਕਾਰਡ ਜ਼ਰੀਏ ਕਿਸਾਨਾਂ ਨੂੰ ਵੀ ਇਸ ਮਾਰਚ ’ਚ ਸ਼ਾਮਲ ਹੋਣ ਦਾ ਇਕ ਤਰ੍ਹਾਂ ਨਾਲ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ 7 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ ਸੀ। ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਡੇਢ ਮਹੀਨੇ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੇ ਵਿਰੋਧ ਪ੍ਰਦਰਸ਼ਨ ਲਈ ਟਰੈਕਟਰ ਮਾਰਚ ਕੱਢਿਆ ਸੀ। ਕਿਸਾਨਾਂ ਨੇ ਕਿਹਾ ਸੀ ਕਿ ਇਹ ਸਰਕਾਰ ਲਈ ਇਕ ਟ੍ਰੇਲਰ ਹੈ, 26 ਜਨਵਰੀ ਨੂੰ ਇਸ ਤੋਂ ਵੱਡਾ ਟਰੈਕਟਰ ਮਾਰਚ ਹੋਵੇਗਾ।
ਇਹ ਵੀ ਪੜ੍ਹੋ : ਕਿਸਾਨੀ ਘੋਲ: 26 ਜਨਵਰੀ ਨੂੰ ਟਰੈਕਟਰ ਮਾਰਚ ਰਾਹੀਂ ਦਿੱਲੀ 'ਚ ਗਰਜਣਗੀਆਂ ਅੰਮ੍ਰਿਤਸਰ ਦੀਆਂ ਕੁੜੀਆਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ