ਕਿਸਾਨ ਸੰਘਰਸ਼: ‘ਐਂਟੀਲੀਆ’ ਨੂੰ ਵੰਗਾਰ ਰਹੀਆਂ ‘ਟਰਾਲੀਆਂ’

Saturday, Dec 26, 2020 - 05:52 PM (IST)

ਦੋਸਤੋ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਐਂਟੀਲੀਆ (Antilia)  ਦਾ ਨਾਂ ਨਹੀਂ ਸੁਣਿਆ ਹੋਣਾ। ਸੁਣੋਗੇ ਵੀ ਕਿਵੇਂ, ਇਹ ਸ਼ਬਦ ਨਾ ਕਿਸੇ ਸਿਲੇਬਸ ਵਿਚ ਲੱਗਾ ਹੈ ਤੇ ਨਾ ਕਿਤੇ ਡਿਕਸ਼ਨਰੀ ਵਿਚ ਆਇਆ ਹੈ, ਉਂਝ ਇਸ ਸ਼ਬਦ ਨੇ ਤੁਹਾਡੇ ਹਿੱਸੇ ਦਾ ਸਾਰਾ ਅਸਮਾਨ ਮੱਲਿਆ ਹੋਇਆ ਹੈ। ਐਂਟੀਲੀਆ ਦੱਖਣੀ ਮੁੰਬਈ ਵਿਚ ਬਣਾਇਆ ਇਕ ਮਹਿਲਨੁਮਾ ਘਰ ਹੈ ਜਿੱਥੇ ਸੱਤਾ ਦਾ ਸਭ ਤੋਂ ਵੱਡਾ ‘ਯਾਰ’ ਰਿਲਾਇੰਸ ਇੰਡਸਟਰੀ ਦਾ ਮਾਲਕ ਮੁਕੇਸ਼ ਅੰਬਾਨੀ ਵਸਦਾ ਹੈ ਜਿਹੜਾ ਦੁਨੀਆ ਦੇ 10 ਅਮੀਰ ਆਦਮੀਆਂ ਵਿੱਚੋਂ ਚੌਥੇ ਨੰਬਰ ਤੇ ਹੈ ਤੇ ਜੇ ਸੱਤਾ ਦੀ ਮਿਹਰਬਾਨੀ ਏਦਾਂ ਹੀ ਰਹੀ ਤਾਂ ਇਸ ਨੇ ਜਲਦੀ ਪਹਿਲੇ ਨੰਬਰ ਤੇ ਆ ਜਾਣਾ ਹੈ।

ਆਓ ਥੋੜੀ ਜਿਹੀ ਜਾਣਕਾਰੀ ਹਾਸਿਲ ਕਰੀਏ ਇਸ ‘ਸੁਪਰ ਮਹਿਲ’ ਬਾਰੇ :
ਇਹ ਦੁਨੀਆ ਦਾ ਦੂਜਾ ਅਤੇ ਭਾਰਤ ਦਾ ਸਭ ਤੋਂ ਮਹਿੰਗਾ ਘਰ ਹੈ। ਸਾਰੀਆਂ ਹਾਈਟੈਕ ਸੁਵਿਧਾਵਾਂ ਨਾਲ ਲੈਸ। ਚਾਲੀ ਹਜ਼ਾਰ ਸਕੁਐਰ ਫੁੱਟ ਵਿਚ ਬਣਿਆ 27 ਮੰਜਿਲਾ ਮਕਾਨ। ਇਸ ਦੀ ਕੀਮਤ ਐਵੇਂ ਦੋ ਕੁ ਬਿਲਿਅਨ ਡਾਲਰ ਹੈ ਜਾਣੀ ਕਿ 1,47,13,10,00,000.00 ਭਾਰਤੀ ਕਰੰਸੀ... ਗਿਣਤੀ ਨਹੀਂ ਆਈ ਨਾ? ਅਸਲ ‘ਚ ਕਿੰਨਾ ਸਿਆਣਾ ਹੈ ਸਾਡਾ ਮੀਡੀਆ। ਮਿਲੀਅਨ ਬਿਲੀਅਨ ਡਾਲਰ ਕਹਿ ਕੇ ਉਲਝਾ ਲੈਂਦਾ ਹੈ। ਸਾਡਾ ‘ਸਾਬ੍ਹ’ ਤਾਂ ਇਕਾਈ, ਦਹਾਈ, ਸੈਂਕੜਾ, ਹਜ਼ਾਰ, ਦਸ ਹਜ਼ਾਰ, ਲੱਖ, ਦਸ ਲੱਖ, ਕਰੋੜ, ਦਸ ਕਰੋੜ ਅਤੇ ਸੌ ਕਰੋੜ ਤੇ ਜਾ ਕੇ ਮੁੱਕ ਜਾਂਦਾ ਸੀ। ਏਨਾ ਕੁ ਲਿਖਣ ਤੇ ਸਮਝਣ ਵੇਲੇ ਵੀ ਇਕ ਅੱਧੀ ਜ਼ੀਰੋ ਏਧਰ-ਉਧਰ ਹੋ ਜਾਂਦੀ ਸੀ। ਸੁਣੋ ਮੋਟਾ ਜਿਹਾ ਹਿਸਾਬ ਕਿਤਾਬ : ਜੇ ਲੱਖਾਂ ਤੇ ਹਜ਼ਾਰਾਂ ਨੂੰ ਛੱਡ ਵੀ ਦਈਏ ਤਾਂ 14 ਹਜ਼ਾਰ ਸੱਤ ਸੌ ਤੇਰਾਂ ਕੁ ਕਰੋੜ ਰੁਪਏ ਕੀਮਤ ਹੈ ਇਸ ਵਿਚਾਰੇ ‘ਗਰੀਬੜੇ’ ਜਿਹੇ ਬੰਦੇ ਦੇ ਮਕਾਨ ਦੀ।ਇਸ ਘਰ ਵਿਚ 168 ਕਾਰਾਂ ਲਈ 7 ਮੰਜਿਲਾ ਗੈਰਾਜ ਹੈ। ਸਵਿੰਮਿੰਗ ਪੂਲ, ਬਾਲਰੂਮ, 3 ਕੁ ਹੈਲੀਪੈਡ, ਮੰਦਿਰ, ਗਾਰਡਨ, ਦੋ ਮੰਜਿਲਾ ਹੈਲਥ ਸੈਂਟਰ ਅਤੇ 50 ਕੁ ਚੋਣਵੇਂ ਜਿਹੇ ਬੰਦਿਆਂ ਲਈ ਹੋਮ ਥੀਏਟਰ ਹੈ।ਇਹਦੇ ਵਿਚ ਬਸ ਐਵੇਂ 600 ਕੁ ਨੌਕਰ-ਚਾਕਰ ਕੰਮ ਕਰਦਾ ਹੈ। ਕਹਿਣ ਨੂੰ ਹੀ ਨੌਕਰ ਚਾਕਰ ਹੈ..ਇਕ ਇਕ ਬੰਦੇ ਦੀ ਤਨਖ਼ਾਹ ਡੀ ਸੀ ਦੀ ਤਨਖ਼ਾਹ ਤੋਂ ਵੱਧ ਹੈ ਤੇ ਸੈਵਨ ਸਟਾਰ ਜਿੰਨੀ ਸਹੂਲਤ ਹੈ। ਇਕ ਇਕ ਫਲੋਰ ਦਾ ਇਕ ਇਕ ਮੈਨੇਜਰ ਹੈ ਤੇ ਇਕ ਮੈਨੇਜਰ ਦੀ ਤਨਖ਼ਾਹ ਸਾਲ ਦੀ ਐਵੇਂ ਬਸ ਦੋ ਕੁ ਕਰੋੜ ਰੁਪਏ ਹੈ।

ਇਹ ਵੀ ਪੜ੍ਹੋਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ

ਇਸੇ ਮੁੰਬਈ ਵਿਚ ਬਣੀ ਇਸ ਸੁਪਨ ਨਗਰੀ ਐਂਟੀਲੀਆ ਤੇ ਪੈਰਾਂ ਵਿਚ ਇਕ ਬਸਤੀ ਹੈ ਧਾਰਾਵੀ। ਮੁੰਬਈ ਦੀ ਕੁਲ ਅਬਾਦੀ ਹੈ ਇਕ ਕਰੋੜ 84 ਲੱਖ। ਇਸ ਮਾਇਆ ਨਗਰੀ ਦੇ ਚਮਕਦੇ ਖੋਲ ਵਿਚ ਤਕਰੀਬਨ 520 ਏਕੜ ਵਿਚ ਫੈਲੀ ਸਲੰਮ ਹੈ : ਧਾਰਾਵੀ। 1884 ਵਿਚ ਅੰਗਰੇਜ਼ਾਂ ਦੁਆਰਾ ਵਸਾਈ ਇਸ ਗਲੀਜ਼ ਬਸਤੀ ਵਿਚ 12*12 ਸਕੇਅਰ ਫੁੱਟ ਦੇ ਟੀਨ ਦੀਆਂ ਚਾਦਰਾਂ ਵਾਲੇ ਇਕ-ਇਕ ਕਮਰੇ ਵਾਲੇ 60-70 ਹਜ਼ਾਰ ਘਰਾਂ 10 ਲੱਖ ਦੇ ਕਰੀਬ ਅਬਾਦੀ ਵਸਦੀ ਹੈ। ਇਸ ਬਸਤੀ ਵਿਚ ਘਰ ਦੇ ਅੰਦਰ ਟੁਆਲਿਟ ਨਹੀਂ ਹੈ। ਇਹ ਸਾਰੇ ਲੋਕ ਪਬਲਿਕ ਟੁਆਇਲਟ ਵਰਤਦੇ ਹਨ ਤੇ 1440 ਲੋਕਾਂ ਦੇ ਹਿੱਸੇ ਇਕ ਪਬਲਿਕ ਟੁਆਇਲਟ ਆਉਂਦਾ ਹੈ।ਹੁਣ ਤੁਸੀਂ ਐਂਟੀਲੀਆ ਤੇ ਖੜੇ ਹੋ ਕੇ ਤਾਂ ਧਾਰਾਵੀ ਨਹੀਂ ਦੇਖ ਸਕਦੇ ਕਿਉਂਕਿ ਆਪਾਂ ਐਂਟੀਲੀਆ ਬਣਾਉਣ ਦਾ ਸੁਫ਼ਨਾ ਤਾਂ ਦੂਰ ਦੀ ਗੱਲ, ਉਸ ਤੱਕ ਪਹੁੰਚਣ ਦਾ ਸੁਫ਼ਨਾ ਵੀ ਨਹੀਂ ਲੈ ਸਕਦੇ। ਹਾਂ ਧਾਰਾਵੀ ਦੇ ਗੰਦਗੀ ਅਤੇ ਸੜਾਂਦ ਭਰੇ ਭੀੜੇ ਇਲਾਕੇ ਵਿਚ ਖੜੇ ਹੋ ਕੇ ਇਸ ਐਂਟੀਲੀਆ ਨੂੰ ਦੂਰੋਂ ਦੇਖਣ ਦਾ ਅਨੰਦ ਲੈ ਸਕਦੇ ਹੋ।

ਹੁਣ ਤੁਸੀਂ ਕਹੋਗੇ ਕਿ ਇਸ ਸਭ ਕਾਸੇ ਦਾ ਕਿਸਾਨ ਸੰਘਰਸ਼ ਨਾਲ ਕੀ ਸਬੰਧ ਹੈ? ਹੈ..ਦੋਸਤੋ ਬਹੁਤ ਸਾਰਾ ਸਬੰਧ ਹੈ। ਇਹ ਐਂਟੀਲੀਆ ਸਾਡੇ ਢਿੱਡਾਂ ਤੇ ਲੱਤ ਮਾਰ ਕੇ ਹੀ ਬਣਦੀ ਹੈ, ਨਹੀਂ ਆਪਾਂ ਨਾ ਬਣਾ ਲੈਂਦੇ? ਜਨਾਬ ਜੀਓ...ਦੁਨੀਆਂ ਦੇ ਇਕ ਸਿਰੇ ਤੇ 1% ਤੋਂ ਵੀ ਘੱਟ 2800 ਦੇ ਕਰੀਬ ਉਹ ਲੋਕ ਹਨ ਜਿੰਨਾਂ ਇਕੱਲਿਆਂ ਕੋਲ ਬਾਕੀ ਸਾਰੀ ਦੁਨੀਆਂ ਜਿੰਨਾਂ ਪੈਸਾ ਹੈ, ਜਿਸ ਨੂੰ ਗਿਣਨ ਲਈ ਆਮ ਆਦਮੀ ਦਾ ਹਿਸਾਬ-ਕਿਤਾਬ ਮੁੱਕ ਜਾਂਦਾ ਹੈ। ਬਰਨਾਰਡ ਅਰਨਾਲਟ ਨਾਂ ਦੇ ਇਕ ਸਰਮਾਏਦਾਰ ਦੀ ਕੁੱਲ ਪੂੰਜੀ ਸਵਾ ਦੋ ਲੱਖ ਕਰੋੜ ਰੁਪਈਆ ਹੈ, ਜੋ ਇਕ ਛੋਟੇ ਦੇਸ਼ ਦੇ ਕੁੱਲ ਬਜ਼ਟ ਤੋਂ ਵੀ ਵੱਧ ਹੈ ਪਰ ਦੂਜੇ ਪਾਸੇ ਇਹਨਾਂ ਐਂਟੀਲੀਆਂ ਦੇ ਮਾਲਕਾਂ ਦੇ ਇਸ਼ਾਰਿਆਂ ਤੇ ਕੰਮ ਕਰਦੀ ਸੱਤਾ ‘ਕਿਸਾਨ ਸਨਮਾਨ’ ਦੇ ਨਾਂ ਤੇ ਇਕ ਕਿਸਾਨ ਦੇ ਖਾਤੇ ਵਿਚ ਦੋ ਹਜ਼ਾਰ ਰੁਪਈਆ ਪਾ ਕੇ ਦਿਨ ਵਿਚ ਸੌ ਵਾਰੀ ਮੀਡੀਆ ਤੇ ਗਾਉਂਦੀ ਹੈ ਅਤੇ ਇਸ ਨੂੰ ਸੁਪਰ-ਡੁੱਪਰ ਅੰਕੜਾ ਬਣਾ ਕੇ ਪੇਸ਼ ਕਰਦੀ ਹੈ : ਅਕੇ ਨੱਬੇ ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਪਾਏ ਜਾ ਰਹੇ ਹਨ ਅਠਾਰਾਂ ਹਜ਼ਾਰ ਕਰੋੜ ਰੁਪਏ। ਤੇ ਆਮ ਬੰਦੇ ਦੇ 18 ਹਜ਼ਾਰ ਕਰੋੜ ਰੁਪਏ ਦਾ ਨਾਂ ਸੁਣ ਕੇ ਸਾਹ ‘ਤਹਾਂ’ ਚੜ੍ਹ ਜਾਂਦੇ ਹਨ। ਉਂਜ ਸਾਡੇ ਤਾਂ ਅਜੇ 15-15 ਲੱਖ ਵਾਲੇ ਸਾਹ ਵੀ ਥੱਲੇ ਨਹੀਂ ਆਏ।

ਇਹ ਵੀ ਪੜ੍ਹੋ: ਅਡਾਨੀ ਅਤੇ ਅੰਬਾਨੀ ਦਾ ਏਕਾਧਿਕਾਰ ਸਰਮਾਏਦਾਰੀ ਬਣਿਆ ਕਿਸਾਨੀ ਘੋਲ ਦਾ ਮੁੱਖ ਮੁੱਦਾ

ਦੇਸ਼ ਦੀ ਜੀਡੀਪੀ 23% ਥੱਲੇ ਗਈ, ਬੇਰੁਜ਼ਗਾਰੀ ਦੀ ਦਰ 9% ਤੇ ਆ ਗਈ, ਮਜ਼ਦੂਰ ਸੜਕਾਂ ਤੇ ਤੜਫਦਾ ਰਿਹਾ ਤੇ ਕਿਸਾਨ 4 ਡਿਗਰੀ ਤਾਪਮਾਨ ਵਿਚ ਰਾਜਧਾਨੀ ਦੀਆਂ ਬਰੂਹਾਂ ਤੇ ਬੈਠਾ ਹੈ ਪਰ ਚੁੱਪ ਚੁਪੀਤੇ ਹੀ ਇਕ ਸਾਲ ਵਿਚ ਪੂਰੇ ਦੇਸ਼ ਦੀ 21% ਕਮਾਈ ਇਹਨਾਂ ਇਕ ਪ੍ਰਤੀਸ਼ਤ ਲੋਕਾਂ ਦੀ ਜ਼ੇਬ ਵਿਚ ਚਲੀ ਗਈ ਹੈ। ਖੂਹ ਵਿਚ ਗਿਆ ‘ਲੋਕਲ ਫਾਰ ਵੋਕਲ’ ਅਤੇ ‘ਸਭ ਕਾ ਸਾਥ, ਸਭ ਕਾ ਵਿਕਾਸ।‘ ਅਸੀਂ ਆਯੁਸ਼ਮਾਨ ਭਾਰਤ ਦੇ ਤਹਿਤ 1 ਸਲੈਂਡਰ ਲੈ ਕੇ ਅਤੇ ਖਾਤਿਆਂ ਵਿਚ ਦੋ ਹਜ਼ਾਰ ਪੁਆ ਕੇ ‘ਨਿਹਾਲ’ ਹੋਏ ਪਏ ਹਾਂ ਤਾਂ ਉਧਰ ਇਕ ਪ੍ਰਤੀਸ਼ਤ ਲੋਕ ਸਾਰਾ ਮੁਲਕ ਹੜੱਪ ਕਰ ਰਹੇ ਹਨ।

ਸ਼ਾਇਰ ਲੇਖਕ ਤੇ ਕਲਾਕਾਰ ਇਹਨਾਂ ਰਮਜ਼ਾਂ ਨੂੰ ਬਹੁਤ ਪਹਿਲਾਂ ਪਹਿਚਾਣ ਲੈਂਦੇ ਹਨ। ਅੱਜ ਤੋਂ ਬਹੁਤ ਸਾਲ ਪਹਿਲਾਂ ਅੰਮ੍ਰਿਤਾ ਪ੍ਰੀਤਮ ਨੇ ਐਂਵੇਂ ਨਹੀਂ ਕਿਹਾ ਸੀ :
ਚੱਪਾ ਚੰਨ ਤੇ ਮੁੱਠ ਕੁ ਤਾਰੇ, ਸਾਡਾ ਮੱਲ ਬੈਠੇ ਅਸਮਾਨ
‘ਨਿਉਜ਼ ਕਲਿੱਕ’ ਵਿਚ ਛਪੇ ਅਰੁਣ ਕੁਮਾਰ ਤ੍ਰਿਪਾਠੀ ਦੇ ਇਕ ਲੇਖ ਦੇ ਹਵਾਲੇ ਨਾਲ ਦਸ ਰਿਹਾ ਹਾਂ ਕਿ-1870 ਅਤੇ 1900 ਦੇ ਵਿਚਕਾਰ ਉੱਤਰੀ ਅਤੇ ਪੱਛਮੀ ਅਮਰੀਕਾ ਵਿਚ ਤੇਜੀ ਨਾਲ ਉਦਯੋਗਿਕ ਵਿਕਾਸ ਹੋਇਆ ਸੀ। ਇਸ ਨੂੰ ‘ਗਿਲਡਿਡ ਏਜ਼’(Gilded Age) ਕਿਹਾ ਜਾਂਦਾ ਹੈ। ਇਹ ਮੈਟਾਫਰ 1873 ਵਿਚ ਆਏ ਮਾਰਕ ਟਵਿੱਨ ਅਤੇ ਚਾਰਲਸ ਡਡਲੀ ਦੇ ਨਾਵਲ ‘ਗਿਲਡਿਡ ਏਜ਼’ ਤੋਂ ਲਿਆ ਗਿਆ ਹੈ। ਇਸ ਦਾ ਮਤਲਬ ਸੁਨਹਿਰੀ ਯੁੱਗ ਨਹੀਂ ਬਲਕਿ ਇਹ ਉਹ ਸੋਨਾ ਹੈ ਜੋ ਅਸਲ ਵਿਚ ਸੋਨਾ ਨਹੀਂ, ਪਰ ਦਿਖਾਈ ਸੋਨਾ ਦਿੰਦਾ ਹੈ। ਜਿਵੇਂ ਬਜ਼ਾਰ ਵਿੱਚੋਂ ਸੋਨੇ ਦੇ ਨਕਲੀ ਗਹਿਣੇ ਖ਼ਰੀਦ ਲਿਆਉਂਦੇ ਹਾਂ ਤੇ ਦੋ ਚਾਰ ਮਹੀਨਿਆਂ ਬਾਅਦ ਵਿਚੋਂ ‘ਕੁਝ ਹੋਰ ਹੀ’ ਦਿਖਾਈ ਦੇਣ ਲੱਗ ਜਾਂਦਾ ਹੈ। ਅਸਲ ਵਿਚ ਸ਼ਾਇਨਿੰਗ ਇੰਡੀਆ ਦੇ ਖੋਲ੍ਹ ਵਿਚ ਤੜਫਦੇ, ਤਰਸਦੇ ਅਤੇ ਸਿਸਕਦੇ ਭਾਰਤ ਦਾ ਇਹੀ ਵਿਕਾਸ ਮਾਡਲ ਹੈ ਜਿਸ ਨੂੰ 1990 ਤੋਂ ਲੈ ਕੇ ਹੁਣ ਤੱਕ ਦੇਸ਼ ਦਾ ਹਾਕਮ ਲਾਣਾ ਲਾਗੂ ਕਰ ਰਿਹਾ ਹੈ।

ਦੁਨੀਆ ਵਿਚ ਵਿਕਾਸ ਦੇ ਦੋ ਹੀ ਮਾਡਲ ਹਨ :
· ਪਹਿਲਾ ਮਾਡਲ ਇਹ ਹੈ ਕਿ ਸਾਧਾਰਨ ਲੋਕਾਂ ਨੂੰ ਮਾਰ ਦਿਓ, ਸਾਰੇ ਉਤਪਾਦਨ ਦੇ ਸਾਧਨ ਕਾਰਪੋਰੇਟ ਨੂੰ ਦੇ ਦਿਓ। ਸਰਕਾਰੀ ਕੰਟਰੋਲ ਹਟਾ ਦਿਓ,ਸਾਰੀਆਂ ਸਬਸਿਡੀਆਂ ਤੇ ਸਾਰੇ ਟੈਕਸ ਖ਼ਤਮ ਕਰ ਦਿਓ... ਸੇਅਰ ਬਜ਼ਾਰ ਅਤੇ ਜੀਡੀਪੀ ਦੇ ਅੰਕੜਿਆਂ ਤੋਂ ਦੇਸ਼ ਦੀ ਤਰੱਕੀ ਨੂੰ ਨਾਪੋ..। ਰਾਮ ਮੰਦਿਰ ਦੀ ਸ਼ਹਾਨਾ ਇਮਾਰਤ, ਪਟੇਲ ਦੀ ਦਿਓ ਕੱਦ ਮੂਰਤੀ, ਪਾਰਲੀਆਮੈਂਟ ਦਾ ਨਵਾਂ ਮਾਡਲ ਅਤੇ ਐਂਟੀਲਿਆ ਦੀ ਚਕਾਚੌਂਧ ..ਇਹ ਇਸ ਵਿਕਾਸ ਮਾਡਲ ਦੇ ਸਾਈਨ ਬੋਰਡ ਹਨ।
· ਦੂਜਾ ਮਾਡਲ ਇਹ ਹੈ ਕਿ ਦੇਸ਼ ਦੇ ਆਮ ਆਦਮੀ ਨੂੰ ਰੁਜ਼ਗਾਰ ਦਿਓ, ਸਤਿਕਾਰ ਦਿਓ, ਪਿਆਰ ਦਿਓ, ਤਾਕਤ ਦਿਓ, ਹੁਨਰ ਦਿਓ, ਟਰੇਨਿੰਗ ਦਿਓ, ਪੈਰਾਂ ਤੇ ਖੜੇ ਹੋਣ ਦੀ ਤਾਕਤ ਦਿਓ, ਅੱਗੇ ਵੱਧਣ ਲਈ ਆਤਮ ਵਿਸ਼ਵਾਸ ਦਿਓ..ਉਤਪਾਦਨ ਦੇ ਸਾਧਨ ਵਿਚ ਹਰ ਬੰਦੇ ਦੀ ਹਿੱਸੇਦਾਰੀ ਯਕੀਨੀ ਬਣਾਓ, ਸਾਧਨਹੀਨ ਤੇ ਸਮਰਥਾਹੀਨ ਲੋਕਾਂ ਦੀ ਬਾਂਹ ਫੜ੍ਹੋ, ਪੂੰਜੀ ਦੀ ਅਸਮਾਨ ਵੰਡ ਨੂੰ ਰੋਕਣ ਲਈ ਜਿੰਨੀ ਵੱਡੀ ਪੂੰਜੀ, ਉੱਨੇ ਵੱਡੇ ਟੈਕਸ ਲਾਓ ਅਤੇ ਸਾਰਿਆਂ ਦੇ ਸਾਂਝੇ ਵਿਕਾਸ ਦੇ ਆਧਾਰ ਤੇ ਵਿਕਸਿਤ ਦੇਸ਼ ਦਾ ਸੁਫ਼ਨਾ ਪੂਰਾ ਕਰੋ।
ਹਰੀ ਕਰਾਂਤੀ ਨੇ ਕਿਸਾਨ ‘ਤੇ ਪਹਿਲਾ ਵਿਕਾਸ ਮਾਡਲ ਥੋਪਿਆ। ਦੇਸ਼ ਦਾ ਅੰਨ ਭੰਡਾਰ ਤਾਂ ਭਰ ਗਿਆ, ਵਪਾਰੀ ਵੀ ਮਾਲਾਮਾਲ ਹੋ ਗਿਆ ਪਰ ਫਸਲਾਂ ਦੀ ਬੇਓੜਕ ਪੈਦਾਵਾਰ ਹੋਣ ਦੇ ਬਾਵਜ਼ੂਦ ਕਿਸਾਨ ਦਾ ਗੀਝਾ ਪਾਟਿਆ ਹੀ ਰਿਹਾ। ਇਹ ਤਿੰਨ ਕਾਨੂੰਨ ਵਿਕਾਸ ਦੇ ਇਸੇ ਮਾਡਲ ਦਾ ਸ਼ਿਖਰ ਹਨ।
ਰੋਜ਼ ਉੱਚੀ ਉੱਚੀ ਬੋਲਿਆ ਜਾਂਦਾ ਹੈ ਕਿ :
1. ਐਮ ਐਸ ਪੀ ਖ਼ਤਮ ਨਹੀਂ ਕੀਤਾ ਜਾਏਗਾ। ਇਹਨਾਂ ਕਾਨੂੰਨਾਂ ਵਿਚ ਕਿਤੇ ਉਸ ਦਾ ਜ਼ਿਕਰ ਹੀ ਨਹੀਂ ਹੈ।ਕਾਨੂੰਨ ਪੜ੍ਹ ਕੇ ਵੇਖੋ। ਇਹਨਾਂ ਵਿਚ ਇਕ ਪਾਸੇ ਇਹ ਕਿਹਾ ਗਿਆ ਹੈ ਕਿ ਕਿਸੇ ਵੀ ਫ਼ਸਲ ਦਾ ਮੁੱਲ ਖ਼ਰੀਦਣ ਵਾਲਾ ਤੇ ਵੇਚਣ ਵਾਲਾ ਤੈਅ ਕਰੇਗਾ ਅਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਐਮ ਐਸ ਪੀ ਖ਼ਤਮ ਨਹੀਂ ਕੀਤਾ ਜਾਏਗਾ। ਇਹ ਦੋਵੇਂ ਆਪਾ ਵਿਰੋਧੀ ਗੱਲਾਂ ਹਨ ਜੋ ‘ਭਰਮ’ ਦੇ ਸ਼ਿਕਾਰ ਕਿਸਾਨ ਨੂੰ ਤਾਂ ਸਮਝ ਆ ਗਈ ਹੈ ਪਰ ਸੱਤਾ ਇਸ ਭਰਮ ਵਿਚ ਹੈ ਕਿ ਕਿਸਾਨ ਅਜੇ ਵੀ ਭਰਮ ਵਿਚ ਹੈ। 

ਇਕ ਗੱਲ ਸਿੱਧੀ ਜਿਹੀ ਇਹ ਜੋੜਨੀ ਬਣਦੀ ਸੀ ਕਿ ਕੋਈ ਵੀ ਖ਼ਰੀਦਣ ਵਾਲਾ ਵਪਾਰੀ, ਕਿਸਾਨ ਦੀ ਕਿਸੇ ਵੀ ਫ਼ਸਲ ਨੂੰ ਉਸ ਦੇ ਨਿਰਧਾਰਿਤ ਐਮ ਐਸ ਪੀ ਤੋਂ ਘੱਟ ਨਹੀਂ ਖ਼ਰੀਦੇਗਾ ਅਤੇ ਹਰ ਸਾਲ ਐਮ ਐਸ ਪੀ ਵਿਚ ਹੋਣ ਵਾਲਾ ਵਾਧਾ ਇਸ ਵਿਚ ਜੁੜਦਾ ਜਾਏਗਾ। ਧਿਆਨ ਰੱਖੋ ਇਹ ਮਿੰਨੀਮਮ ਸਪੋਰਟ ਪਰਾਈਸ ਹੈ ਭਾਵ ਘੱਟ ਤੋਂ ਘੱਟ ਮੁੱਲ... ਵੱਧ ਤੋਂ ਵੱਧ ਮੁੱਲ ਕੋਈ ਵੀ ਹੋ ਸਕਦਾ ਹੈ।
ਦੂਜੀ ਗੱਲ : ਸਰਕਾਰੀ ਮੰਡੀਆਂ ਖ਼ਤਮ ਨਹੀਂ ਕੀਤੀਆਂ ਜਾਣਗੀਆਂ...
ਕਮਾਲ ਦਾ ਤਰਕ ਹੈ। ਸਰਕਾਰੀ ਮੰਡੀਆਂ ਦੇ ਬਰਾਬਰ ਪ੍ਰਾਈਵਟ ਮੰਡੀਆਂ ਖੜੀਆਂ ਕੀਤੀਆਂ ਜਾਣਗੀਆਂ..ਉਹਨਾਂ ਨੂੰ ਕੋਈ ਲਾਈਸੈਂਸ ਨਹੀਂ ਲੈਣਾ ਪਏਗਾ, ਉਹਨਾਂ ਤੇ ਕੋਈ ਟੈਕਸ ਨਹੀਂ ਹੋਵੇਗਾ। ਫੇਰ ਕੋਈ ਵਪਾਰੀ ਸਰਕਾਰੀ ਮੰਡੀਆਂ ਵਿਚ ਕੀ ਖੇਹ ਖਾਣ ਜਾਵੇਗਾ। ਜਦ ਉਥੇ ਕੋਈ ਜਾਏਗਾ ਹੀ ਨਹੀਂ, ਫੇਰ ਪਈਆਂ ਰਹਿਣ...। ਜਿਵੇਂ ਚਮਕਦੀਆਂ ਹੋਈ ਪ੍ਰਾਈਵੇਟ ਬੱਸਾਂ, ਪ੍ਰਾਈਵੇਟ ਸਕੂਲਾਂ ਅਤੇ ਹਸਪਤਾਲਾਂ ਦੇ ਮੁਕਾਬਲੇ ਸਰਕਾਰੀ ਬੱਸਾਂ, ਸਕੂਲਾਂ ਅਤੇ ਹਸਪਤਾਲਾਂ ਦੀ ‘ਬੇਵਾਹ’ ਹੋਈ ਪਈ ਹੈ ਕਿਉਂਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਪ੍ਰਾਈਵੇਟ ਬੱਸਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਮਾਲਕ ਸੱਤਾ ਅਤੇ ਕਾਰਪੋਰੇਟ ਦੇ ਹਿੱਸੇਦਾਰ ਹਨ..ਫੇਰ ਖਸਮਾਂ ਨੂੰ ਖਾਣ ਸਰਕਾਰੀ ਬੱਸਾਂ, ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਹਸਪਤਾਲ..ਤੇ ਆਮ ਲੋਕ।ਸੱਤਾ ਬਹੁਤ ਸ਼ਾਤਿਰ ਹੈ..ਕੁਝ ਕੁ ਸਮਾਂ ਐਮ ਐਸ ਪੀ ਤੇ ਮੰਡੀਆਂ ਨੂੰ ਇੰਝ  ਹੀ ਜਾਰੀ ਰੱਖੇਗੀ ਅਤੇ ਢੋਲ ਬਜਾਏਗੀ ਕਿ ਆਹ ਦੇਖੋ ਕੁਝ ਵੀ ਤਾਂ ਨਹੀਂ ਬਦਲਿਆ ਪਰ ਆਖਿਰ ਬੈਂਗਣੀ ਉੱਘੜ ਆਉਣੀ ਹੈ ਤੇ ਫਿਰ ਪਛਤਾਵੇ ਤੋਂ ਬਿਨਾ ਕੁਝ ਹੱਥ ਪੱਲੇ ਨਹੀਂ ਪੈਣਾ।

ਕਾਂਟਰੈਕਟਿੰਗ ਖੇਤੀ ਆ ਜਾਣੀ ਹੈ। ਇਸ ਦੇ ਤਹਿਤ ਕਿਸਾਨ ਨੇ ਜ਼ਮੀਨ ਇਹਨਾਂ ਨੂੰ ਠੇਕੇ ਤੇ ਦੇ ਕੇ ਆਪਣੇ ਸਾਰੇ ਸਾਧਨ ਬੇਚ-ਵੱਟ ਲੈਣੇ ਹਨ। ਇਹ ਇਹੀ ਚਾਹੁੰਦੇ ਹਨ ਕਿ ਸਾਰਾ ਕੁਝ ਉਹਨਾਂ ਦੇ ਹਵਾਲੇ ਕਰ ਦਿਓ..ਉਹ ਤੁਹਾਨੂੰ ਤਕਨੀਕ ਦੇਣਗੇ, ਸੰਦ ਦੇਣਗੇ, ਕੁਝ ਦੇਰ ਥੋੜਾ ਬਹੁਤ ਮੁਨਾਫ਼ਾ ਦੇਣਗੇ ਤੇ ਜਦ ਤੁਸੀਂ ਪੂਰੀ ਤਰ੍ਹਾਂ ਆਪਣੇ ਸਾਧਨਾਂ ਤੋਂ ਵਿਹਲੇ ਹੋ ਗਏ...ਤਾਂ ਕਾਰਪੋਰੇਟ ਦੇ ਗੁਲਾਮ ਹੋ ਜਾਓਗੇ ਨਾ ਖੇਤੀ ਕਰਨ ਜੋਗੇ ਰਹੋਗੇ ਤੇ ਨਾ ਛੱਡਣ ਜੋਗੇ..ਫਿਰ ਹੌਲੀ ਹੌਲੀ ਜ਼ਮੀਨਾਂ ਇਹਨਾਂ ਨੂੰ ਹੀ ਦੇ ਦਿਓਗੇ ਤੇ ‘ਇਕ ਖੇਤ ਇਕ ਦੇਸ਼’ ਦਾ ‘ਮੋਦੀ ਸੁਫ਼ਨਾ’ ਹੋ ਜਾਏਗਾ।

ਉਹ ਤੀਜੇ ਕਾਨੂੰਨ ਦੀ ਮਦਦ ਨਾਲ ਸਾਡੇ ਤੋਂ ਹੀ ਚੀਜ਼ਾਂ ਪੈਦਾ ਕਰਵਾਉਣਗੇ, ਉਹਨਾਂ ਨੂੰ ਸਟੋਰਾਂ ਵਿਚ ਬੰਦ ਕਰਨਗੇ ਤੇ ਸਾਨੂੰ ਹੀ ਚਿਪਸ ਦੇ ਪੈਕਟਾਂ ਵਾਂਗ ਸੌ ਗੁਣਾ ਵੱਧ ਰੇਟਾਂ ਤੇ ਬੇਚਣਗੇ। ਫੇਰ ਕੁਝ ਕੁ ਸਮੇਂ ਬਾਅਦ ਨਿੱਕੇ ਨਿੱਕੇ ਦੁਕਾਨਦਾਰਾਂ ਦੀਆਂ ਨਿੱਕੀਆਂ ਨਿੱਕੀਆਂ ਸਲਤਨਤਾਂ (ਦੁਕਾਨਾਂ) ਨੂੰ ਸਾਡੇ ਨਿੱਕੇ ਨਿੱਕੇ ਖੇਤਾਂ ਵਾਂਗ ਕਾਰਪੋਰੇਟਾਂ ਦੇ ਮਾਲ ਹੜੱਪ ਜਾਣਗੇ। ਦੋਧੀਆਂ ਦੇ ਢੋਲਾਂ ਦੀ ਥਾਂ ਤੇ ਕਾਰਪੋਰਟੇਟ ਦਾ ਸਾਨ੍ਹ ਦੁੱਧ ਦੇਣ ਲੱਗੇਗਾ ਜਿਸ ਨੂੰ ਤੁਸੀਂ ਦੇਖ ਤਾਂ ਸਕੋਗੇ ਪਰ ਖ਼ਰੀਦ ਨਹੀਂ ਸਕੋਗੇ।ਹੋਰ ਵੀ ਬਹੁਤ ਕੁਝ ਹੈ ਅਜਿਹਾ ਜੋ ਅਜੇ ਸਾਮ੍ਹਣੇ ਨਹੀ ਆਇਆ ਤਾਂ ਹੀ ਸਾਰੀ ਹਕੂਮਤ ਪੱਬਾਂ ਭਾਰ ਹੋਈ ਪਈ ਹੈ। ਮੇਰੇ ਪਿੰਡ ਵਾਲੇ ਨੱਥੇ ਨੂੰ ਤਾਂ ਡੇਢ ਕਿਲੋਮੀਟਰ ਦੂਰ ਬਣੀ ਮੰਡੀ ਤੱਕ ਕਣਕ ਲਿਜਾਣ ਲਈ ਤਿੰਨ ਘਰਾਂ ਦੀ ਟਰਾਲੀ ਪੁੱਛਣੀ ਪੈਂਦੀ ਹੈ, ਉਹ ਕਿੱਥੋਂ ਲੈ ਜੂਗਾ ਮਰੀਕੇ ਕਣਕ ਨੂੰ...
ਸੋ ਭਾਈ ਹੁਣ
‘ਘੁੱਗੀਆਂ/ਚਿੜੀਆਂ’ ਨੂੰ ਵੀ
‘ਸਤਗੁਰ ਦੀਆਂ ਬਾਤਾਂ’ ਸਮਝ ਆਉਣ ਲੱਗ ਪਈਆਂ ਹਨ..
ਤਾਂ ਹੀ ਇਹ ਚਿੜੀਆਂ ‘ਬਾਜਾਂ’ ਦੇ ਆਲ੍ਹਣੇ ਮੂਹਰੇ ਖੜ ਕੇ
ਲਲਕਾਰ ਰਹੀਆਂ ਹਨ..
ਇਹ ਉਹ ਚਿੜੀਆਂ ਨਹੀਂ ਹਨ
ਜਿਨ੍ਹਾਂ ਨੂੰ ਕਾਂ ਨੇ ਭਰਮਾ ਲਿਆ ਸੀ
ਤੇ ਸਾਰੀ ਕਣਕ ਦੀ ਢੇਰੀ ਤੇ ਕਬਜ਼ਾ ਕਰਕੇ ਬਹਿ ਗਿਆ ਸੀ...
ਇਹ ਚਿੜੀਆਂ ਹੁਣ ਨਿਮਾਣੀਆਂ ਨਹੀਂ ਸਗੋਂ ਸਿਆਣੀਆਂ ਨੇ...
ਇਹਨਾਂ ਨੂੰ ਖ਼ੈਰਾਤ ਨਹੀਂ ਹੱਕ ਚਾਹੀਦੇ ਨੇ..
ਜਦ ਤੱਕ ਇਹਨਾਂ ਨੂੰ ਇਹਨਾਂ ਦੇ ਹੱਕ ਨਹੀਂ ਮਿਲਦੇ
ਇਹ ਉੱਚੀ ਉਚੀ ਕੂਕਣਗੀਆਂ...
ਜਦ ਤੱਕ ਇਹ ਜਿੱਤ ਦੇ ਬੂਹੇ ਤੱਕ ਨਹੀਂ ਪਹੁੰਚਦੀਆਂ
ਇਹ ਤੂਫਾਨ ਜਿਊਂ ਸੂਕਣਗੀਆਂ...
ਜਦ ਤੱਕ ਦਿੱਲੀ ਦੀ ਗੋਲ ਇਮਾਰਤ ਵਿਚ ਬੈਠਣ ਵਾਲਿਆਂ ਦਾ
ਐਂਟੀਲੀਆ ਵਾਲਿਆਂ ਨਾਲ ਗੰਢ-ਜੋੜ ਹੈ...
ਇਹ ਲੜਨਗੀਆਂ ਜਾਂ ਮਰਨਗੀਆਂ
ਪਰ ਵਾਪਿਸ ਘਰ ਨਹੀਂ ਵੜਨਗੀਆਂ
ਜੇ ਤੁਸੀਂ ਇਸ ਨੂੰ ਸਾਡੀ ਜਿੱਦ ਕਹਿੰਦੇ ਹੋ ਤਾਂ
ਸਾਨੂੰ ਇਸ ਜਿੱਦ ਤੇ ਵੀ ਮਾਣ ਹੈ...
ਕੁਲਦੀਪ ਸਿੰਘ ਦੀਪ (ਡਾ.)
9876820600

ਨੋਟ: ਤੁਹਾਨੂੰ ਇਹ ਆਰਟੀਕਲ ਕਿਵੇਂ ਲੱਗਿਆ? ਕੁਮੈਂਟ ਕਰਕੇ ਦਿਓ ਆਪਣੀ ਰਾਏ 


Harnek Seechewal

Content Editor

Related News