ਕਿਸਾਨੀ ਘੋਲ ਦਾ 52ਵਾਂ ਦਿਨ, ਅੰਦੋਲਨ ’ਚ ਸ਼ਾਮਲ ਹੋਣ ਲਈ ਕੇਰਲ ਦੇ ਕਿਸਾਨ ਵੀ ਪੁੱਜੇ

Saturday, Jan 16, 2021 - 05:15 PM (IST)

ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਕੜਾਕੇ ਦੀ ਠੰਡ ’ਚ ਕਿਸਾਨ ਵਲੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਅੰਦੋਲਨ ਅੱਜ 52ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ 9ਵੇਂ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ। ਬੀਤੇ ਕੱਲ੍ਹ ਹੋਈ ਬੈਠਕ ’ਚ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਆਪਣੇ-ਆਪਣੇ ਰੁਖ਼ ’ਤੇ ਅੜੇ ਰਹੇ, ਜਿਸ ਕਾਰਨ ਕੋਈ ਸਹਿਮਤੀ ਨਹੀਂ ਬਣੀ। ਬੈਠਕ ’ਚ ਸਰਕਾਰ ਵਲੋਂ ਕਿਸਾਨਾਂ ਨੂੰ ਕਾਨੂੰਨਾਂ ’ਚ ਸੋਧ ਦਾ ਪ੍ਰਸਤਾਵ ਦਿੱਤਾ ਗਿਆ, ਜਿਸ ਨੂੰ ਕਿਸਾਨਾਂ ਵਲੋਂ ਠੁਕਰਾ ਦਿੱਤਾ ਗਿਆ। ਹੁਣ ਅਗਲੀ ਬੈਠਕ 19 ਜਨਵਰੀ ਨੂੰ ਹੋਵੇਗੀ। 

ਇਹ ਵੀ ਪੜ੍ਹੋ : ਬੈਠਕ ਦੌਰਾਨ ਖੇਤੀਬਾੜੀ ਮੰਤਰੀ ਨੇ SC ਦੇ ਫ਼ੈਸਲੇ ਦਾ ਦਿੱਤਾ ਹਵਾਲਾ, ਕਿਹਾ- ਹੁਣ ਸਿਰਫ਼ ਸੋਧਾਂ ਦੀ ਗੱਲ ਹੋਵੇ

ਦੱਸ ਦੇਈਏ ਕਿ ਦਿੱਲੀ ਦੀਆਂ ਸਰਹੱਦਾਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ’ਤੇ ਕਿਸਾਨ ਡਟੇ ਹੋਏ ਹਨ। ਕਿਸਾਨਾਂ ਦੀਆਂ ਮੰਗਾਂ ਹਨ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਗਰੰਟੀ ਕਾਨੂੰਨ ਬਣਾਇਆ ਜਾਵੇ। ਕਿਸਾਨ ਵਲੋਂ ਇਨ੍ਹਾਂ ਮੁੱਦਿਆਂ ’ਤੇ ਗੱਲਬਾਤ ਰਾਹੀਂ ਵੀ ਕੋਈ ਸਿੱਟਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ, ਕਿਉਂਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ’ਤੇ ਅੜੇ ਹੋਏ ਹਨ। ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਜੰਤਰ ਮੰਤਰ ਧਰਨੇ ‘ਤੇ ਪੁੱਜੇ ਰਾਹੁਲ-ਪ੍ਰਿਯੰਕਾ ਗਾਂਧੀ, ਬੋਲੇ- ‘ਕਿਸਾਨ ਨਾ ਤਾਂ ਝੁਕਣਗੇ ਅਤੇ ਨਾ ਹੀ ਡਰਨਗੇ’

ਰਾਜਸਥਾਨ-ਹਰਿਆਣਾ ਸਰਹੱਦ ’ਤੇ ਚੱਲ ਰਹੇ ਅੰਦੋਲਨ ’ਚ ਕੇਰਲ ਦੀ ਕਿਸਾਨਾਂ ਦਾ ਇਕ ਜੱਥਾ ਵੀ ਪਹੁੰਚਿਆ ਹੈ। ਇਹ ਕਿਸਾਨ ਅਲਵਰ ਦੇ ਸ਼ਾਹਜਹਾਂਪੁਰ ਕੋਲ ਨੈਸ਼ਨਲ ਹਾਈਵੇਅ ਨੰਬਰ-8 ’ਤੇ ਅੰਦੋਲਨ ’ਤੇ ਬੈਠੇ ਹਨ। ਸਾਬਕਾ ਵਿਧਾਇਕ ਅਤੇ ਮਾਕਪਾ ਨੇਤਾ ਅਮਰਾ ਰਾਮ ਨੇ ਦੱਸਿਆ ਕਿ ਕੇਰਲ ਤੋਂ ਲੱਗਭਗ 400 ਕਿਸਾਨਾਂ ਦਾ ਇਕ ਸਾਂਝਾ ਜੱਥਾ ਕਿਸਾਨ ਮੋਰਚਾ ਦੀ ਅਗਵਾਈ ਵਾਲੇ ਅੰਦੋਲਨ ’ਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਨੂੰ ਇੱਥੇ ਪਹੁੰਚਿਆ। ਉਨ੍ਹਾਂ ਦੱਸਿਆ ਕਿ ਕੇਰਲ ਦੇ ਵੱਖ-ਵੱਖ ਹਿੱਸਿਆਂ ਤੋਂ ਇਹ ਕਿਸਾਨ ਬੱਸਾਂ ਤੋਂ ਇੱਥੇ ਪਹੁੰਚੇ ਹਨ। ਅਮਰਾ ਰਾਮ ਨੇ ਦੋਸ਼ ਲਾਇਆ ਕਿ ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨ ਅੰਦੋਲਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ।

ਇਹ ਵੀ ਪੜ੍ਹੋ : ਕੇਂਦਰ ਅਤੇ ਕਿਸਾਨਾਂ ਵਿਚਾਲੇ ਇਹ ਬੈਠਕ ਵੀ ਰਹੀ ਬੇਸਿੱਟਾ, 19 ਜਨਵਰੀ ਨੂੰ ਮੁੜ ਹੋਵੇਗੀ ਮੀਟਿੰਗ


Tanu

Content Editor

Related News