ਕਿਸਾਨਾਂ ਦੇ ਸਮਰਥਨ ''ਚ ਪ੍ਰਦਰਸ਼ਨ ਕਰਨ ਦੇ ਦੋਸ਼ ''ਚ 50 ਵਿਅਕਤੀ ਹਿਰਾਸਤ ''ਚ ਲਏ ਗਏ
Saturday, Feb 06, 2021 - 04:54 PM (IST)
ਨਵੀਂ ਦਿੱਲੀ- ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੇ 'ਚੱਕਾ ਜਾਮ' ਦੀ ਅਪੀਲ ਦੇ ਸਮਰਥਨ 'ਚ ਪ੍ਰਦਰਸ਼ਨ ਕਰਨ ਲਈ ਸ਼ਨੀਵਾਰ ਮੱਧ ਦਿੱਲੀ ਦੇ ਸ਼ਹੀਦੀ ਪਾਰਕ ਕੋਲ 50 ਵਿਅਕਤੀਆਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਕਿਸਾਨ ਜਥੇਬੰਦੀਆਂ ਨੇ ਆਪਣੀਆਂ ਅੰਦੋਲਨ ਵਾਲੀਆਂ ਥਾਂਵਾਂ ਦੇ ਕੋਲ ਦੇ ਖੇਤਰਾਂ 'ਚ ਇੰਟਰਨੈੱਟ 'ਤੇ ਰੋਕ ਲਗਾਏ ਜਾਣ, ਅਧਿਕਾਰੀਆਂ ਵਲੋਂ ਉਨ੍ਹਾਂ ਤੰਗ ਕੀਤੇ ਜਾਣ ਅਤੇ ਹੋਰ ਮੁੱਦਿਆਂ ਨੂੰ ਲੈ ਕੇ 6 ਫਰਵਰੀ ਨੂੰ ਦੇਸ਼ਵਿਆਪੀ 'ਚੱਕਾ ਜਾਮ' ਦਾ ਐਲਾਨ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ਦੁਪਹਿਰ 12 ਤੋਂ 3 ਵਜੇ ਵਿਚਾਲੇ ਰਾਸ਼ਟਰੀ ਅਤੇ ਰਾਜ ਰਾਜਮਾਰਗਾਂ ਨੂੰ ਰੋਕਣ ਦੀ ਗੱਲ ਕਹੀ ਸੀ।
ਤਿੰਨੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸਮੂਹ ਸੰਯੁਕਤ ਕਿਸਾਨ ਮੋਰਚਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ 'ਚੱਕਾ ਜਾਮ' ਦੌਰਾਨ ਪ੍ਰਦਰਸ਼ਨਕਾਰੀ ਦਿੱਲੀ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ 'ਚ ਸੜਕਾਂ ਨੂੰ ਜਾਮ ਨਹੀਂ ਕਰਨਗੇ। ਮੋਰਚਾ ਨੇ ਨਾਲ ਹੀ ਇਹ ਵੀ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਦੇਸ਼ 'ਚ ਦੁਪਹਿਰ 12 ਤੋਂ 3 ਵਜੇ ਵਿਚਾਲੇ 3 ਘੰਟਿਆਂ ਲਈ ਰਾਸ਼ਟਰੀ ਅਤੇ ਰਾਜ ਰਾਜਮਾਰਗਾਂ ਨੂੰ ਰੋਕਣਗੇ ਪਰ ਸ਼ਾਂਤੀਪੂਰਨ ਤਰੀਕੇ ਨਾਲ। ਦਿੱਲੀ ਪੁਲਸ ਨੇ ਦਿੱਲੀ ਦੇ ਸਾਰੇ ਸਰਹੱਦੀ ਬਿੰਦੂਆਂ 'ਤੇ ਸੁਰੱਖਿਆ ਵਧਾ ਦਿੱਤੀ ਹੈ। ਨੀਮ ਫ਼ੌਜੀ ਫੋਰਸਾਂ ਸਮੇਤ ਹਜ਼ਾਰਾਂ ਕਰਮੀਆਂ ਨੂੰ 'ਚੱਕਾ ਜਾਮ' ਨਾਲ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਾਇਨਾਤ ਕੀਤਾ ਗਿਆ ਹੈ। ਗਣਤੰਤਰ ਦਿਵਸ 'ਤੇ ਹਿੰਸਾ ਤੋਂ ਬਾਅਦ, ਦਿੱਲੀ ਪੁਲਸ ਨੇ ਐਡੀਸ਼ਨਲ ਉਪਾਅ ਕੀਤੇ ਹਨ, ਜਿਸ 'ਚ ਸੁਰੱਖਿਆ ਸਖ਼ਤ ਨਿਗਰਾਨੀ ਸ਼ਾਮਲ ਹੈ।