ਕਿਸਾਨ ਅੰਦੋਲਨ: 10ਵੇਂ ਦੌਰ ਦੀ ਅੱਜ ਸਰਕਾਰ ਨਾਲ ਹੋਵੇਗੀ ਬੈਠਕ

Wednesday, Jan 20, 2021 - 02:47 AM (IST)

ਕਿਸਾਨ ਅੰਦੋਲਨ: 10ਵੇਂ ਦੌਰ ਦੀ ਅੱਜ ਸਰਕਾਰ ਨਾਲ ਹੋਵੇਗੀ ਬੈਠਕ

ਨਵੀਂ ਦਿੱਲੀ/ਸੋਨੀਪਤ, (ਏਜੰਸੀ/ਦੀਕਸ਼ਿਤ) - ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨਾਂ ਨੇ ਸਾਫ ਕੀਤਾ ਕਿ ਐੱਨ.ਆਈ.ਏ. (ਰਾਸ਼ਟਰੀ ਜਾਂਚ ਏਜੰਸੀ) ਨੇ ਜਿਨ੍ਹਾਂ ਕਿਸਾਨਾਂ ਨੂੰ ਨੋਟਿਸ ਭੇਜੇ ਹਨ, ਉਹ ਐੱਨ.ਆਈ.ਏ. ਦੀ ਜਾਂਚ ਵਿਚ ਸ਼ਾਮਲ ਨਹੀਂ ਹੋਣਗੇ। ਇਸ ਤੋਂ ਪਹਿਲਾਂ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਐੱਨ.ਆਈ.ਏ. ਸਾਹਮਣੇ ਪੇਸ਼ ਹੋਣ ਤੋਂ ਸਾਫ ਮਨਾਂ ਕਰ ਚੁੱਕੇ ਹਨ। ਬਲਦੇਵ ਸਿੰਘ ਸਿਰਸਾ ਤੋਂ ਬਾਅਦ 2 ਹੋਰ ਕਿਸਾਨਾਂ ਨੂੰ ਐੱਨ.ਆਈ.ਏ. ਦਾ ਨੋਟਿਸ ਮਿਲਿਆ ਸੀ। ਇਸ ਤੋਂ ਪਹਿਲਾਂ ਪੰਜਾਬ ਵਿਚ ਵੀ ਕਈ ਲੋਕਾਂ ਨੂੰ ਐੱਨ.ਆਈ.ਏ. ਵਲੋਂ ਪੁੱਛਗਿੱਛ ਲਈ ਨੋਟਿਸ ਭੇਜੇ ਗਏ। ਕਿਸਾਨਾਂ ਨੇ ਤੈਅ ਕੀਤਾ ਹੈ ਕਿ ਉਹ ਸਾਂਝੇ ਮੋਰਚੇ ਵਲੋਂ ਹੁਕਮ ਮਿਲਣ 'ਤੇ ਹੀ ਐੱਨ.ਆਈ.ਏ. ਸਾਹਮਣੇ ਪੇਸ਼ ਹੋ ਸਕਦੇ ਹਨ। ਇਧਰ, ਮੰਗਲਵਾਰ ਨੂੰ ਬਲਦੇਵ ਸਿੰਘ ਸਿਰਸਾ ਨੇ ਮੰਚ ਤੋਂ ਇਕ ਚਿੱਠੀ ਪੜ੍ਹ ਕੇ ਸਾਰਿਆਂ ਨੂੰ ਸੁਣਾਈ, ਜਿਸ ਨੂੰ ਦਿੱਲੀ ਭਾਜਪਾ ਦੀ ਚਿੱਠੀ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਰੇਲ ਮੰਤਰਾਲਾ ਦਾ ਫੈਸਲਾ- 'ਨੇਤਾਜੀ ਐਕਸਪ੍ਰੈੱਸ' ਦੇ ਨਾਮ ਨਾਲ ਜਾਣੀ ਜਾਵੇਗੀ ਕਾਲਕਾ ਮੇਲ

ਚਿੱਠੀ ਵਿਚ ਆਰ.ਐੱਸ.ਐੱਸ. ਦੇ ਮੈਂਬਰਾਂ ਨੂੰ ਸੰਬੋਧਿਤ ਕਰ ਕੇ ਕਿਹਾ ਗਿਆ ਕਿ ਉਹ ਕਿਸੇ ਵੀ ਸੂਰਤ ਵਿਚ ਸਰਕਾਰੀ ਜਾਇਦਾਦ ਜਾਂ ਭਾਜਪਾ ਨੂੰ ਡੈਮੇਜ ਨਾ ਹੋਣ ਦੇਣ। ਚਿੱਠੀ ਵਿਚ ਦੱਸਿਆ ਗਿਆ ਕਿ ਕਿਸਾਨ ਅੰਦੋਲਨ ਵਿਚ ਕੁਝ ਦੇਸ਼ ਧਰੋਹੀ ਅਤੇ ਗੈਰ-ਜ਼ਿੰਮੇਵਾਰਾਨਾ ਲੋਕ ਸ਼ਾਮਲ ਹਨ, ਜਿਨ੍ਹਾਂ ਨਾਲ ਨਜਿੱਠਣ ਲਈ ਹਰ ਵੇਲੇ ਤਿਆਰ ਰਹਿਣਾ ਹੋਵੇਗਾ। ਮੰਚ ਤੋਂ ਕਿਸਾਨਾਂ ਨੂੰ  ਸੰਦੇਸ਼ ਦਿੱਤਾ ਗਿਆ ਕਿ ਉਹ ਕਿਸੇ ਵੀ ਸਾਜ਼ਿਸ਼ ਦੇ ਸ਼ਿਕਾਰ ਹੋ ਸਕਦੇ ਹਨ। ਅਜਿਹੇ ਵਿਚ ਉਹ ਪੂਰੀ ਤਰ੍ਹਾਂ ਚੌਕੰਨੇ ਰਹਿਣ ਅਤੇ ਅੰਦੋਲਨ ਨੂੰ ਕਮਜ਼ੋਰ ਨਾ ਹੋਣ ਦੇਣ। ਕਿਸਾਨ ਨੇਤਾਵਾਂ ਨੇ ਕਿਹਾ ਕਿ ਸਿੱਧੇ ਤੌਰ 'ਤੇ ਸਰਕਾਰ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਵੱਖ-ਵੱਖ ਹਥਕੰਡੇ ਅਪਣਾ ਰਹੀ ਹੈ ਪਰ ਕਿਸਾਨ ਅੰਦੋਲਨ ਨੂੰ ਕਮਜ਼ੋਰ ਨਹੀਂ ਹੋਣ ਦਿਆਂਗੇ। ਕਿਸਾਨਾਂ ਦੀ ਬੁੱਧਵਾਰ ਨੂੰ ਸਰਕਾਰ ਨਾਲ 10ਵੇਂ ਦੌਰ ਦੀ ਗੱਲਬਾਤ ਹੋਣੀ ਹੈ। ਇਸ ਲਈ ਕਿਸਾਨਾਂ ਨੇ ਤਿਆਰੀ ਖਿੱਚ ਲਈ ਹੈ ਅਤੇ ਸਾਫ ਕੀਤਾ ਹੈ ਕਿ ਉਹ ਜਾਣਗੇ ਜ਼ਰੂਰ ਪਰ ਕਾਨੂੰਨ ਰੱਦ ਕਰਨ ਨੂੰ ਲੈ ਕੇ ਹੀ ਗੱਲ ਕਰਨਗੇ।

ਦਿੱਲੀ ਪੁਲਸ ਦੀ ਸਲਾਹ ਨਕਾਰੀ, ਟ੍ਰੈਕਟਰ ਪਰੇਡ ਕਰਨਗੇ ਕਿਸਾਨ
ਦਿੱਲੀ ਪੁਲਸ ਦੀ ਸਲਾਹ ਨਕਾਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਟ੍ਰੈਕਟਰ ਪਰੇਡ ਜ਼ਰੂਰ ਹੋਵੇਗੀ ਪਰ ਆਊਟਰ ਦਿੱਲੀ ਤੱਕ ਹੀ ਸੀਮਤ ਰੱਖਣਗੇ। ਇਸ ਦੌਰਾਨ ਰਾਜਪਥ ਦੀ ਪਰੇਡ ਵਿਚ ਅੜਿੱਕਾ ਨਹੀਂ ਪਾਇਆ ਜਾਵੇਗਾ। ਕਿਸਾਨ ਨੇਤਾ ਯੋਗੇਂਦਰ ਯਾਦਵ, ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਦੱਲੇਵਾਲ ਨੇ ਕਿਹਾ ਕਿ ਬੈਠਕ ਲਈ ਉਨ੍ਹਾਂ ਦੀ ਆਪਸ ਵਿਚ ਚਰਚਾ ਹੋ ਚੁੱਕੀ ਹੈ। ਉਹ ਬੁੱਧਵਾਰ ਨੂੰ ਗੱਲਬਾਤ ਲਈ ਜਾਣਗੇ ਕਿਉਂਕਿ ਸਰਕਾਰ ਭਾਵੇਂ ਕੁਝ ਵੀ ਕਰੇ ਪਰ ਕਿਸਾਨ ਆਪਣੇ ਵਲੋਂ ਗੱਲਬਾਤ ਦਾ ਰਾਹ ਬੰਦ ਨਹੀਂ ਕਰਨਗੇ।
ਇਹ ਵੀ ਪੜ੍ਹੋ- ਸੰਸਦ ਭਵਨ 'ਚ ਸਬਸਿਡੀ ਵਾਲਾ ਸਸਤਾ ਖਾਣਾ ਬੰਦ, ਹੁਣ ਦੇਣਾ ਹੋਵੇਗਾ ਪੂਰਾ ਪੈਸਾ

ਸੁਪਰੀਮ ਕੋਰਟ ਨੇ ਕਿਹਾ-ਮੈਂਬਰ ਫੈਸਲਾ ਨਹੀਂ, ਸਿਰਫ ਰਾਇ ਦਾ ਸਕਦੇ ਹਨ
ਖੇਤੀਬਾੜੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਦੇ ਮੁੱਖ ਮੈਂਬਰ ਅਨਿਲ ਘਨਵਟ ਨੇ ਮੰਗਲਵਾਰ ਨੂੰ ਕਿਹਾ ਕਿ ਕਿਸਾਨਾਂ ਸਣੇ ਵੱਖ-ਵੱਖ ਹਿੱਤਧਾਰਕਾਂ ਤੋਂ ਖੇਤੀਬਾੜੀ ਕਾਨੂੰਨ 'ਤੇ ਗੱਲਬਾਤ ਕਰਨ ਦੌਰਾਨ ਕਮੇਟੀ ਦੇ ਮੈਂਬਰ ਆਪਣੀ ਨਿੱਜੀ ਰਾਇ ਨੂੰ ਹਾਵੀ ਨਹੀਂ ਹੋਣ ਦੇਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਕਿਸੇ ਧਿਰ ਜਾਂ ਸਰਕਾਰ ਦੇ ਪੱਖ ਵਿਚ ਨਹੀਂ ਹਨ।

ਇਥੇ ਹੋਈ ਕਮੇਟੀ ਦੀ ਪਹਿਲੀ ਬੈਠਕ ਪਿੱਛੋਂ ਘਨਵਟ ਨੇ ਕਿਹਾ ਕਿ ਕਿਸਾਨਾਂ ਅਤੇ ਹੋਰ ਹਿੱਤਧਾਰਕਾਂ ਦੇ ਨਾਲ ਪਹਿਲੀ ਮੀਟਿੰਗ ਵੀਰਵਾਰ ਨੂੰ ਪ੍ਰਸਤਾਵਿਤ ਹੈ। ਓਧਰ ਕਿਸਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਬਣਾਈ ਗਈ ਕਮੇਟੀ ਵਲੋਂ ਭੁਪਿੰਦਰ ਸਿੰਘ ਮਾਨ ਦੇ ਵੱਖ ਹੋਣ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸਿਰਫ ਇਸ ਲਈ ਕਿ ਇਕ ਵਿਅਕਤੀ ਨੇ ਇਸ ਮਾਮਲੇ 'ਤੇ ਵਿਚਾਰ ਰੱਖਿਆ, ਉਹ ਕਮੇਟੀ ਦਾ ਮੈਂਬਰ ਹੋਣ ਦੇ ਅਯੋਗ ਨਹੀਂ ਹੋ ਸਕਦਾ। ਕਮੇਟੀ ਦੇ ਮੈਂਬਰ ਕੋਈ ਜੱਜ ਨਹੀਂ। ਕਮੇਟੀ ਦੇ ਮੈਂਬਰ ਸਿਰਫ ਆਪਣੀ ਰਾਇ ਦੇ ਸਕਦੇ ਹਨ, ਫੈਸਲਾ ਤਾਂ ਜੱਜ ਹੀ ਲੈਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News