31ਵੇਂ ਦਿਨ ’ਚ ਪੁੱਜਾ ‘ਕਿਸਾਨ ਅੰਦੋਲਨ’, ਸਰਕਾਰ ਦੀ ਨਵੀਂ ਚਿੱਠੀ ’ਤੇ ਅੱਜ ਹੋਵੇਗੀ ਅਹਿਮ ਬੈਠਕ
Saturday, Dec 26, 2020 - 11:09 AM (IST)
ਨਵੀਂ ਦਿੱਲੀ— ਕੇਂਦਰ ਸਰਕਾਰ ਦੇ ਨਵੇਂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਦਾ ਅੰਦੋਲਨ 31ਵੇਂ ਦਿਨ ਵੀ ਜਾਰੀ ਹੈ। ਕਿਸਾਨ ਜਥੇਬੰਦੀਆਂ ਵਲੋਂ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਸਰਹੱਦਾਂ ’ਤੇ ਸੁਰੱਖਿਆ ਵਿਵਸਥਾ ਨੂੰ ਸਖ਼ਤ ਕਰ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਦੀ ਅੱਜ ਯਾਨੀ ਕਿ ਸ਼ਨੀਵਾਰ ਨੂੰ ਬੈਠਕ ਹੋਣ ਵਾਲੀ ਹੈ, ਜਿਸ ’ਚ ਸਰਕਾਰ ਵਲੋਂ ਆਏ ਗੱਲਬਾਤ ਦੇ ਪ੍ਰਸਤਾਵ ਅਤੇ ਹੋਰ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਰਾਜਧਾਨੀ ’ਚ ਆਉਣਾ ਸ਼ੁਰੂ ਹੋ ਗਿਆ ਹੈ। ਇਹ ਲੋਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਕਈ ਹੋਰ ਸੂਬਿਆਂ ਤੋਂ ਆ ਰਹੇ ਹਨ।
ਇਹ ਵੀ ਪੜ੍ਹੋ : ਸਰਕਾਰ ਨੇ ਕਿਸਾਨਾਂ ਨੂੰ ਫਿਰ ਲਿਖੀ ਚਿੱਠੀ, ਕਿਹਾ- ਗੱਲਬਾਤ ਲਈ ਖੁੱਲ੍ਹੇ ਹਨ ਰਸਤੇ
ਓਧਰ ਸੰਯੁਕਤ ਕਿਸਾਨ ਮੋਰਚਾ ਸਰਕਾਰ ਦੀ ਨਵੀਂ ਪੇਸ਼ਕਸ਼ ’ਤੇ ਵਿਚਾਰ ਲਈ ਅੱਜ ਇਕ ਹੋਰ ਬੈਠਕ ਕਰੇਗਾ, ਜਿਸ ’ਚ ਗੱਲਬਾਤ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਕੇਂਦਰ ਦੇ ਸੱਦੇ ’ਤੇ ਕੋਈ ਰਸਮੀ ਫ਼ੈਸਲਾ ਕੀਤਾ ਜਾਵੇਗਾ। ਦੱਸ ਦੇਈਏ ਕਿ ਸਰਕਾਰ ਦੀ ਚਿੱਠੀ ਅਤੇ ਪ੍ਰਧਾਨ ਮੰਤਰੀ ਦੇ ਭਾਸ਼ਣ ’ਤੇ ਕੁੰਡਲੀ, ਸਿੰਘੂ ਸਰਹੱਦ ’ਤੇ ਅੱਜ 2 ਵਜੇ ਬੈਠਕ ਆਯੋਜਿਤ ਕੀਤੀ ਜਾਵੇਗੀ। ਕੁਝ ਕਿਸਾਨ ਜਥੇਬੰਦੀਆਂ ਨੇ ਸੰਕੇਤ ਦਿੱਤਾ ਹੈ ਕਿ ਉਹ ਸਰਕਾਰ ਨਾਲ ਇਕ ਵਾਰ ਫਿਰ ਤੋਂ ਗੱਲਬਾਤ ਸ਼ੁਰੂ ਕਰ ਸਕਦੇ ਹਨ, ਤਾਂ ਕਿ ਇਸ ਗਤੀਰੋਧ ਦਾ ਕੁਝ ਹੱਲ ਕੱਢਿਆ ਜਾ ਸਕੇ। ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਉਹ ਸ਼ਨੀਵਾਰ ਨੂੰ ਇਕ ਬੈਠਕ ਕਰਨਗੇ। ਇਸ ਬੈਠਕ ਵਿਚ ਕੇਂਦਰ ਵਲੋਂ ਗੱਲਬਾਤ ਦੀ ਪੇਸ਼ਕਸ਼ ਦਾ ਕੀ ਜਵਾਬ ਦਿੱਤਾ ਜਾਵੇ, ਉਸ ’ਤੇ ਫ਼ੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : 'ਕੈਪਟਨ' ਦੀ ਪੰਜਾਬ ਦੇ ਕਿਸਾਨਾਂ ਨੂੰ ਖ਼ਾਸ ਅਪੀਲ, ਮੋਬਾਇਲ ਟਾਵਰਾਂ ਦੇ ਕੁਨੈਕਸ਼ਨ ਕੱਟਣ ਬਾਰੇ ਆਖੀ ਇਹ ਗੱਲ
ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ ਅਗਲੇ ਦੌਰ ਦੀ ਬੈਠਕ ਦੋ-ਤਿੰਨ ਦਿਨਾਂ ਵਿਚ ਹੋ ਸਕਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਚਿੱਠੀਆਂ ਵਿਚ ਕੋਈ ਤਜਵੀਜ਼ ਨਹੀਂ ਹੈ ਅਤੇ ਇਹ ਹੀ ਵਜ੍ਹਾ ਹੈ ਕਿ ਕਿਸਾਨ ਜਥੇਬੰਦੀਆਂ ਨਵੇਂ ਸਿਰਿਓਂ ਗੱਲਬਾਤ ਕਰਨ ਅਤੇ ਆਪਣੀਆਂ ਮੰਗਾਂ ਨੂੰ ਸਮਝਾਉਣ ਦਾ ਫ਼ੈਸਲਾ ਕਰ ਸਕਦੇ ਹਨ।
ਇਹ ਵੀ ਪੜ੍ਹੋ : ਮੋਦੀ ਦੀ ਕਿਸਾਨਾਂ ਨਾਲ ਆਨਲਾਈਨ ਵਿਚਾਰ-ਚਰਚਾ ’ਚ ਨਹੀਂ ਦਿਖੇ ‘ਪੰਜਾਬ ਦੇ ਕਿਸਾਨ’
ਨੋਟ- ਕੀ ਕਿਸਾਨ ਮੁੱਦੇ ਦਾ ਨਿਕਲੇਗਾ ਕੋਈ ਹੱਲ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ