11ਵੇਂ ਗੇੜ੍ਹ ਦੀ ਬੈਠਕ ਵੀ ਰਹੀ ਬੇਸਿੱਟਾ, ਸਰਕਾਰ ਨੇ ਕਾਨੂੰਨ ਰੱਦ ਕਰਨ ਤੋਂ ਕੀਤਾ ਇਨਕਾਰ

01/22/2021 6:36:47 PM

ਨਵੀਂ ਦਿੱਲੀ– ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਚੱਲ ਰਹੀ 11ਵੇਂ ਗੇੜ੍ਹ ਦੀ ਬੈਠਕ ਖ਼ਤਮ ਹੋ ਚੁੱਕੀ ਹੈ। ਇਹ ਬੈਠਕ ਵੀ ਪਹਿਲੀਆਂ ਬੈਠਕਾਂ ਦੀ ਤਰ੍ਹਾਂ ਬੇਸਿੱਟਾ ਹੀ ਰਹੀ ਹੈ। ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਦੀ ਬੈਠਕ ’ਚ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਿਸਾਨਾਂ ਨੂੰ ਆਪਣੇ ਵਲੋਂ ਦਿੱਤੇ ਗਏ ਨਵੇਂ ਪ੍ਰਪੋਜ਼ਲ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਸੀ ਜਿਸ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵਿਚਾਰ ਕਰਕੇ ਆਏ ਹਾਂ। ਅਸੀਂ ਕਾਨੂੰਨ ਵਾਪਸ ਕਰਨ ਤੋਂ ਘੱਟ ਕਿਸੇ ਵੀ ਮੰਗ ’ਤੇ ਨਹੀਂ ਮੰਨਾਂਗੇ। ਇਸ ’ਤੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਸੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੇ, ਇਹ ਸਾਡਾ ਆਖਰੀ ਪ੍ਰਪੋਜ਼ਲ ਹੈ। ਇੰਨਾ ਕਹਿ ਕੇ ਮੰਤਰੀ ਬੈਠਕ ’ਚੋਂ ਉੱਠ ਕੇ ਚਲੇ ਗਏ। ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਖੇਤੀ ਬਿੱਲਾਂ ’ਤੇ ਗੱਲਬਾਤ ਨੂੰ ਲੈ ਕੇ ਆਪਣੇ ਕਦਮ ਪਿੱਛੇ ਖਿੱਚ ਰਹੀ ਹੈ। ਸਰਕਾਰ ਨੇ ਅਗਲੀ ਬੈਠਕ ਦੀ ਵੀ ਕੋਈ ਤਾਰੀਖ਼ ਨਹੀਂ ਦਿੱਤੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਗਣਤੰਤਰ ਦਿਵਸ ਕਾਰਨ ਹੁਣ 26 ਜਨਵਰੀ 2021 ਤਕ ਵਿਗਿਆਨ ਭਵਨ ਬੰਦ ਰਹੇਗਾ। ਇਸ ਲਈ ਅਗਲੀ ਬੈਠਕ ਵਿਗਿਆਨ ਭਵਨ ’ਚ ਨਹੀਂ ਹੋਵੇਗੀ ਪਰ ਕਿੱਥੇ ਹੋਵੇਗੀ ਉਨ੍ਹਾਂ ਨੇ ਇਹ ਨਹੀਂ ਦੱਸਿਆ। ਕਰੀਬ ਸਾਢੇ ਤਿੰਨ ਘੰਟਿਆਂ ਦੀ ਬਰੇਕ ਤੋਂ ਬਾਅਦ ਮੁੜ ਸ਼ੁਰੂ ਹੋਈ ਬੈਠਕ ਸਿਰਫ਼ 10 ਤੋਂ 12 ਮਿੰਟਾਂ ’ਚ ਹੀ ਇਹ ਬੈਠਕ ਖ਼ਤਮ ਕਰ ਦਿੱਤੀ ਗਈ। 

 

ਦੱਸ ਦੇਈਏ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਨੂੰ ਵਿਗਿਆਨ ਭਵਨ 'ਚ 12.45 ਵਜੇ ਬੈਠਕ ਸ਼ੁਰੂ ਹੋਈ ਸੀ। ਇਸ ਬੈਠਕ ਦੇ ਸਿਰਫ਼ 20 ਮਿੰਟਾਂ ਬਾਅਦ ਹੀ ਬਰੇਕ ਹੋ ਗਿਆ। ਮੀਟਿੰਗ ਸ਼ੁਰੂ ਹੁੰਦੇ ਹੀ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਡੇ (ਸਰਕਾਰ) ਵਲੋਂ ਦਿੱਤੀ ਤਜਵੀਜ਼ ਖਾਰਜ ਕਰ ਦਿੱਤੀ ਹੈ। ਜਿਸ 'ਤੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਇਸ ਤਜਵੀਜ਼ 'ਤੇ ਮੁੜ ਵਿਚਾਰ ਕਰਨ ਲਈ ਕਿਹਾ। ਇਸ ਕਾਰਨ ਬੈਠਕ ਦੇ 20 ਮਿੰਟਾਂ ਬਾਅਦ ਹੀ ਬਰੇਕ ਹੋ ਗਿਆ। ਦੱਸ ਦੇਈਏ ਕਿ ਅੱਜ ਦੀ ਇਸ ਬੈਠਕ ’ਚ ਹੁਣ ਤਕ ਦਾ ਸਭ ਤੋਂ ਲੰਬਾ ਬ੍ਰੇਕ ਲਿਆ ਗਿਆ ਜੋ ਕਿ ਕਰੀਬ ਸਾਡੇ ਤਿੰਨ ਘੰਟਿਆਂ ਦਾ ਸੀ। 

ਬੈਠਕ ਦੌਰਾਨ ਇਹ ਖਬਰਾਂ ਵੀ ਸਾਹਮਣੇ ਆਈਆਂ ਕਿ ਕੁਝ ਕਿਸਾਨ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸੂਤਰਾਂ ਮੁਤਾਬਕ, ਕਿਸਾਨ ਆਗੂ ਡਾ. ਦਰਸ਼ਨਪਾਲ ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੂੰ ਮੋਬਾਈਲ ’ਤੇ ਲਗਾਤਾਰ ਧਮਕਾਇਆ ਜਾ ਰਿਹਾ ਹੈ। ਬੈਠਕ ਦੌਰਾਨ ਕਿਸਾਨ ਆਗੂਆਂ ਨੇ ਮੰਤਰੀਆਂ ਸਾਹਮਣੇ ਵੀ ਇਹ ਮੁੱਦਾ ਚੁੱਕਿਆ। ਨਾਰਾਜ਼ ਕਿਸਾਨ ਯੂਨੀਅਨ ਨੇਤਾਵਾਂ ਨੇ ਦੋਸ਼ ਲਾਇਆ ਕਿ ਦਿੱਲੀ ਪੁਲਸ ਵੀ ਕਿਸਾਨ ਨੇਤਾਵਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਯੂਨੀਅਨ ਦੇ ਨੇਤਾ ਰੁਲਦੂ ਸਿੰਘ ਮਾਨਸਾ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਕਾਰ ਦਾ ਪਿਛਲਾ ਸ਼ੀਸ਼ਾ ਦਿੱਲੀ ਪੁਲਸ ਨੇ ਤੋੜਾ ਦਿੱਤਾ। ਕਿਸਾਨ ਆਗੂਆਂ ਨੇ ਸਰਕਾਰ ਨੂੰ ਸਪਸ਼ਟ ਕੀਤਾ ਕਿ ਧਮਕੀਆਂ ਨਾਲ ਮਾਹੌਲ ਵਿਗੜੇਗਾ। 

 

ਬੈਠਕ ਸ਼ੁਰੂ ਹੋਣ ਤੋਂ ਬਾਅਦ ਨਰੇਂਦਰ ਤੋਮਰ ਨੇ ਕਿਸਾਨਾਂ ਨਾਲ ਨਾਰਾਜ਼ਗੀ ਜਤਾਈ ਕਿ ਆਖ਼ਰ ਉਸ ਵਲੋਂ ਪਿਛਲੀ ਬੈਠਕ 'ਚ ਦਿੱਤੀ ਗਈ ਤਜਵੀਜ਼ ਨੂੰ ਕਿਸਾਨਾਂ ਨੇ ਮੀਡੀਆ ਨਾਲ ਕਿਉਂ ਸਾਂਝਾ ਕੀਤਾ। ਇਸ ਦੇ ਨਾਲ ਹੀ ਤੋਮਰ ਨੇ ਇਹ ਵੀ ਕਿਹਾ ਕਿ ਤਜਵੀਜ਼ 'ਤੇ ਤੁਹਾਡੇ ਫ਼ੈਸਲੇ ਬਾਰੇ ਤੁਸੀਂ ਮੀਡੀਆ ਨੂੰ ਪਹਿਲਾਂ ਕਿਉਂ ਦੱਸਿਆ, ਤੁਹਾਨੂੰ ਇਸ ਬਾਰੇ ਅੱਜ ਦੀ ਬੈਠਕ 'ਚ ਦੱਸਣਾ ਚਾਹੀਦਾ ਸੀ। ਇਸ ਤੋਂ ਬਾਅਦ ਤੋਮਰ ਕਿਸਾਨਾਂ ਨੂੰ ਇਸ ਤਜਵੀਜ਼ 'ਤੇ ਮੁੜ ਵਿਚਾਰ ਕਰਨ ਲਈ ਕਹਿ ਕੇ ਬਰੇਕ ਲੈ ਲਈ ਅਤੇ ਬੈਠਕ ’ਚੋਂ ਉੱਠ ਕੇ ਦੂਜੇ ਕਮਰੇ ’ਚ ਚਲੇ ਗਏ। ਇਸ ਦਰਮਿਆਨ ਹੀ ਲੰਚ ਬਰੇਕ ਵੀ ਲੈ ਲਈ ਗਈ। ਕਿਸਾਨਾਂ ਨੇ ਵਿਗਿਆਨ ਭਵਨ ’ਚ ਹੀ ਹੇਠਾਂ ਬੈਠ ਕੇ ਲੰਗਰ ਛਕਿਆ। 

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 10ਵੇਂ ਦੌਰ ਦੀ ਬੈਠਕ ਹੋਈ ਸੀ ਪਰ ਇਸ ਬੈਠਕ ਵਿੱਚ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਸੀ ਕਿ ਇੱਕ ਨਿਸ਼ਚਿਤ ਸਮੇਂ ਲਈ ਕਾਨੂੰਨ 'ਤੇ ਰੋਕ ਲਗਾ ਦਿੱਤੀ ਜਾਵੇਗੀ ਅਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਸਰਕਾਰ ਅਤੇ ਕਿਸਾਨ ਦੋਵੇਂ ਹੋਣ ਪਰ ਕਿਸਾਨ ਸੰਗਠਨ ਇਸ ਪ੍ਰਸਤਾਵ 'ਤੇ ਰਾਜੀ ਨਹੀਂ ਹੋਏ। ਨਾਲ ਹੀ ਸਰਕਾਰ ਵਲੋਂ ਇਹ ਵੀ ਅਪੀਲ ਕੀਤੀ ਗਈ ਸੀ ਕਿ ਇਸ ਪ੍ਰਸਤਾਵ ਦੇ ਨਾਲ-ਨਾਲ ਤੁਹਾਨੂੰ ਅੰਦੋਲਨ ਵੀ ਖ਼ਤਮ ਕਰਨਾ ਹੋਵੇਗਾ। 


Rakesh

Content Editor

Related News