ਜਿਸ ਦੇਸ਼ ਦਾ ਕਿਸਾਨ ਕਮਜ਼ੋਰ ਹੋਵੇਗਾ, ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ : ਕੁਮਾਰੀ ਸ਼ੈਲਜਾ
Thursday, Jan 21, 2021 - 09:46 AM (IST)
ਜੀਂਦ- ਕਾਂਗਰਸ ਪਾਰਟੀ ਨੂੰ ਪ੍ਰਦੇਸ਼ ਦੇ ਕਿਸਾਨਾਂ ਨਾਲ ਦੱਸਦੇ ਹੋਏ ਹਰਿਆਣਾ ਪ੍ਰਦੇਸ਼ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਦੇਸ਼ ਦੇ ਵਿਕਾਸ ਦੀ ਰੀੜ੍ਹ ਹਨ। ਜੇਕਰ ਕਿਸਾਨ ਅਤੇ ਮਜ਼ਦੂਰ ਕਮਜ਼ੋਰ ਹੋਵੇਗਾ ਤਾਂ ਉ ਦੇਸ਼ ਅਤੇ ਪ੍ਰਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ। ਸ਼ੈਲਜਾ ਨੇ ਕਿਹਾ,''ਭਾਜਪਾ ਜਦੋਂ ਤੋਂ ਸੱਤਾ 'ਚ ਆਈ ਹੈ। ਇਕ ਤੋਂ ਬਾਅਦ ਇਕ ਅਜਿਹੇ ਫ਼ੈਸਲੇ ਸਾਹਮਣੇ ਆਏ ਹਨ, ਜਿਸ ਨਾਲ ਕਿਸਾਨ ਅਤੇ ਮਜ਼ਦੂਰ ਕਮਜ਼ੋਰ ਹੁੰਦੇ ਰਹੇ। ਭਾਜਪਾ ਸਰਕਾਰ ਦੀ ਦੋਗਲੀ ਨੀਤੀ ਹੈ। ਸਰਕਾਰ ਦੇ ਵਿਧਾਇਕ ਆਪਣੀ ਹੀ ਸਰਕਾਰ ਤੋਂ ਦੁਖੀ ਹਨ।'' ਸ਼ੈਲਜਾ ਨੇ ਕਿਹਾ ਕਿ ਕੜਾਕੇ ਦੀ ਠੰਡ 'ਚ ਕਿਸਾਨ ਸੜਕਾਂ 'ਤੇ ਹਨ ਅਤੇ ਹੁਣ ਇਹ ਜਨ ਅੰਦੋਲਨ ਬਣ ਚੁੱਕਿਆ ਹੈ। ਦੇਸ਼ ਦਾ ਕਿਸਾਨ ਆਪਣਾ ਹੱਕ ਲੈ ਕੇ ਹੀ ਪਿੱਛੇ ਹਟੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਕਾਲੇ ਕਾਨੂੰਨਾਂ ਵਿਰੁੱਧ ਹੈ ਅਤੇ ਹਮੇਸ਼ਾ ਇਨ੍ਹਾਂ ਵਿਰੁੱਧ ਰਹੇਗੀ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 10ਵੇਂ ਦੌਰ ਦੀ ਬੈਠਕ ਹੋਈ ਸੀ ਪਰ ਇਸ ਬੈਠਕ ਵਿੱਚ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਹੁਣ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਅਗਲੀ ਬੈਠਕ 22 ਜਨਵਰੀ ਨੂੰ ਹੋਵੇਗੀ। ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਸੀ ਕਿ ਇੱਕ ਨਿਸ਼ਚਿਤ ਸਮੇਂ ਲਈ ਕਾਨੂੰਨ 'ਤੇ ਰੋਕ ਲਗਾ ਦਿੱਤੀ ਜਾਵੇਗੀ ਅਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਸਰਕਾਰ ਅਤੇ ਕਿਸਾਨ ਦੋਵੇਂ ਹੋਣ ਪਰ ਕਿਸਾਨ ਸੰਗਠਨ ਇਸ ਪ੍ਰਸਤਾਵ 'ਤੇ ਰਾਜੀ ਨਹੀਂ ਹੋਏ। ਨਾਲ ਹੀ ਸਰਕਾਰ ਵਲੋਂ ਇਹ ਵੀ ਅਪੀਲ ਕੀਤੀ ਗਈ ਸੀ ਕਿ ਇਸ ਪ੍ਰਸਤਾਵ ਦੇ ਨਾਲ-ਨਾਲ ਤੁਹਾਨੂੰ ਅੰਦੋਲਨ ਵੀ ਖ਼ਤਮ ਕਰਨਾ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ