ਕਿਸਾਨਾਂ ਨਾਲ ਬੈਠਕ ਤੋਂ ਪਹਿਲਾਂ ਬੋਲੇ ਤੋਮਰ- ਅੱਜ ਸਕਾਰਾਤਮਕ ਨਤੀਜੇ ਨਿਕਲਣ ਦੀ ਉਮੀਦ
Monday, Jan 04, 2021 - 01:28 PM (IST)
ਨਵੀਂ ਦਿੱਲੀ– ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਅੱਜ ਸਰਕਾਰ ਅਤੇ ਕਿਸਾਨ ਸੰਗਠਨ ਸੱਤਵੇਂ ਦੌਰ ਦੀ ਗੱਲਬਾਤ ਕਰਨ ਜਾ ਰਹੇ ਹਨ। ਇਸ ਵਿਚਕਾਰ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਅੱਜ ਦੀ ਬੈਠਕ ’ਚ ਸਾਰੇ ਮੁੱਦਿਆਂ ’ਤੇ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਬੈਠਕ ’ਚ ਸਕਾਰਾਤਮਕ ਨਤੀਜੇ ਨਿਕਲਣ ਦੀ ਉਮੀਦ ਹੈ ਪਰ ਉਨ੍ਹਾਂ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਸੱਤਵੇਂ ਦੌਰ ਦੀ ਗੱਲਬਾਤ ਆਖ਼ਰੀ ਹੋਵੇਗੀ ਜਾਂ ਨਹੀਂ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਅੱਜ ਦੀ ਬੈਠਕ ’ਚ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਤਾਂ ਉਨ੍ਹਾਂ ਕਿਹਾ ਕਿ ਮੈਂ ਜੋਤਿਸ਼ ਤਾਂ ਹੈ ਨਹੀਂ ਪਰ ਮੈਨੂੰ ਉਮੀਦ ਹੈ ਕਿ ਜੋ ਵੀ ਫੈਸਲਾ ਹੋਵੇਗਾ, ਦੇਸ਼ ਅਤੇ ਕਿਸਾਨਾਂ ਦੇ ਹਿੱਤ ’ਚ ਹੋਵੇਗਾ।
ਬੈਠਕ ਤੋਂ ਪਹਿਲਾਂ ਮੰਤਰੀ ਸਰਗਰਮ
ਕਿਸਾਨ ਸੰਗਠਨਾਂ ਦੇ ਨਾਲ ਸੱਤਵੇਂ ਦੌਰ ਦੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਸਰਗਰਮ ਹੈ। ਪੀ.ਐੱਮ.ਓ. ਨੇ ਅੱਜ ਹੋਣ ਵਾਲੀ ਬੈਠਕ ਨੂੰ ਲੈ ਕੇ ਸੰਬੰਧਿਤ ਮੰਤਰੀਆਂ ਤੋਂ ਫੀਡਬੈਕ ਲਿਆ ਹੈ। ਉਥੇ ਹੀ ਪ੍ਰਸਤਾਵਿਤ ਗੱਲਬਾਤ ਤੋਂ ਪਹਿਲਾਂ ਕੇਂਦਰ ਸਰਕਾਰ ਪੂਰੀ ਤਰ੍ਹਾਂ ਅਲਰਟ ਹੋ ਕੇ ਅੱਗੇ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਸਰਕਾਰ ਨਾਲ ਸੋਮਵਾਰ ਨੂੰ ਪਹਿਲਾਂ ਤੋਂ ਤੈਅ ਬੈਠਕ ਦੇ ਬਾਵਜੂਦ ਕਿਸਾਨ ਸੰਯੁਕਤ ਮੋਰਚਾ ਨੇ ਦਬਾਅ ਦੀ ਰਣਨੀਤੀ ਅਪਣਾਈ ਹੈ। ਇਸ ਤਹਿਤ ਆਗਾਮੀ ਅੰਦੋਲਨ ਦੀ ਰੂਪ-ਰੇਖਾ ਇਕ ਵਾਰ ਫਿਰ ਐਲਾਨ ਕਰ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਆਪਣੀ ਆਗਾਮੀ ਰਣਨੀਤੀ ਤਹਿਤ 6 ਜਨਵਰੀ ਨੂੰ ਕਿਸਾਨ ਟ੍ਰੈਕਟਰ ਮਾਰਚ ਕੱਢਣਗੇ, ਜਦਕਿ 15 ਜਨਵਰੀ ਤਕ ਭਾਰਤੀ ਜਨਤਾ ਪਾਰੀਟ ਦੇ ਨੇਤਾਵਾਂ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਹੈ। 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੀ ਜਯੰਤੀ ’ਚ ਰਾਜਪਾਲ ਭਵਨ ਤਕ ਮਾਰਚ ਕੀਤਾ ਜਾਵੇਗਾ।
26 ਜਨਵਰੀ ਨੂੰ ਪੂਰੀ ਤਾਕਤ ਨਾਲ ਰਾਜਧਾਨੀ ਦਿੱਲੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ ਕੱਢਣ ਦੀ ਯੋਜਨਾ ਹੈ। ਇਹ ਯੋਜਨਾ ਉਦੋਂ ਲਾਗੂ ਕੀਤੀ ਜਾਵੇਗੀ ਜਦੋਂ ਸੋਮਵਾਰ ਨੂੰ ਹੋਣ ਵਾਲੀ ਬੈਠਕ ’ਚ ਕੋਈ ਨਤੀਜਾ ਨਹੀਂ ਨਿਕਲੇਗਾ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਉਮੀਦ ਜਤਾਈ ਹੈ ਕਿ ਪ੍ਰਸਤਾਵਿਤ ਗੱਲਬਾਤ ਨਾਲ ਹੱਲ ਨਿਕਲ ਸਕਦਾ ਹੈ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਖ਼ਤਮ ਹੋ ਸਕਦਾ ਹੈ। ਉਨ੍ਹਾਂ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਦਲਾਂ ’ਤੇ ਕਿਸਾਨਾਂ ਨੂੰ ਭੜਕਾਉਣ ਦਾ ਵੀ ਦੋਸ਼ ਲਗਾਇਆ।
ਨੋਟ- ਕੀ ਅੱਜ ਦੀ ਬੈਠਕ ’ਚ ਨਿਕਲੇਗਾ ਮਸਲੇ ਦਾ ਕੋਈ ਹੱਲ, ਕੁਮੈਂਟ ਬਾਕਸ ’ਚ ਦਿਓ ਜਵਾਬ