ਕਿਸਾਨਾਂ ਨੇ ਨਹੀਂ ਖਾਧਾ ਸਰਕਾਰ ਦਾ ਖਾਣਾ, ਬਾਹਰੋਂ ਮੰਗਵਾਇਆ ਲੰਚ
Thursday, Dec 03, 2020 - 04:13 PM (IST)
ਨਵੀਂ ਦਿੱਲੀ- ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਵਿਗਿਆਨ ਭਵਨ 'ਚ ਚਰਚਾ ਜਾਰੀ ਹੈ। ਕਿਸਾਨਾਂ ਵਲੋਂ ਲਗਾਤਾਰ ਐੱਮ.ਐੱਸ.ਪੀ. 'ਤੇ ਆਪਣੀ ਮੰਗ ਰੱਖੀ ਜਾ ਰਹੀ ਹੈ, ਕਿਸਾਨਾਂ ਨੇ ਆਪਣੇ ਵਲੋਂ 10 ਪੰਨਿਆਂ ਦਾ ਖਰੜਾ ਫੜਾਇਆ ਹੈ। ਦੁਪਹਿਰ 3 ਵਜੇ ਮੀਟਿੰਗ 'ਚ ਬਰੇਕ ਹੋਇਆ, ਅਜਿਹੇ 'ਚ ਕਿਸਾਨ ਬਾਹਰ ਆਏ। ਬੈਠਕ ਦੀ ਖ਼ਾਸ ਗੱਲ ਇਹ ਹੈ ਕਿ ਕਿਸਾਨਾਂ ਨੇ ਆਪਣਾ ਖਾਣਾ ਬਾਹਰੋਂ ਮੰਗਵਾ ਕੇ ਖਾਧਾ। ਕਿਸਾਨਾਂ ਨੇ ਸਰਕਾਰ ਵਲੋਂ ਪੇਸ਼ ਕੋਈ ਵੀ ਚੀਜ਼ ਖਾਣ ਤੋਂ ਇਨਕਾਰ ਕੀਤਾ ਹੈ। ਕਿਸਾਨ ਆਗੂਆਂ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਸਰਕਾਰ ਵਲੋਂ ਆਇਆ ਖਾਣਾ ਨਹੀਂ ਖਾਉਣਗੇ ਅਤੇ ਆਪਣਾ ਵੀ ਮੰਗਵਾ ਕੇ ਖਾਣਗੇ। ਇਕ ਕਿਸਾਨ ਨੇਤਾ ਨੇ ਕਿਹਾ ਕਿ ਅਸੀਂ ਵਲੋਂ ਦਿੱਤਾ ਗਿਆ ਖਾਣਾ ਅਤੇ ਚਾਹ ਨਹੀਂ ਲੈ ਰਹੇ ਹਾਂ। ਅਸੀਂ ਆਪਣਾ ਖਾਣਾ ਨਾਲ ਲੈ ਕੇ ਆਏ ਹਾਂ।
ਇਹ ਵੀ ਪੜ੍ਹੋ : ਆਪਣੀ ਸਾਰੀ ਜ਼ਮੀਨ PM ਮੋਦੀ ਦੇ ਨਾਂ ਕਰਨਾ ਚਾਹੁੰਦੀ ਹੈ 85 ਸਾਲ ਦੀ 'ਬੀਬੀ', ਵਜ੍ਹਾ ਕਰੇਗੀ ਭਾਵੁਕ
ਦੱਸਣਯੋਗ ਹੈ ਕਿ ਕਿਸਾਨਾਂ ਦੇ ਅੰਦੋਲਨ ਦਾ ਅੱਜ 8ਵਾਂ ਦਿਨ ਹੈ। ਅੰਦੋਲਨ ਨੂੰ ਵੇਖਦਿਆਂ ਸਰਕਾਰ ਕਿਸਾਨਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਤਿਆਰ ਹੈ। ਇਸ ਕਰ ਕੇ ਅੱਜ ਯਾਨੀ ਵੀਰਵਾਰ ਨੂੰ ਚੌਥੇ ਦੌਰ ਦੀ ਗੱਲਬਾਤ ਸ਼ੁਰੂ ਹੋ ਗਈ ਹੈ, ਜਿਸ 'ਚ 40 ਕਿਸਾਨ ਜੱਥੇਬੰਦੀਆਂ ਦੇ ਆਗੂ ਵਿਗਿਆਨ ਭਵਨ ਪਹੁੰਚੇ ਹੋਏ ਹਨ। ਇਸ ਬੈਠਕ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਅੱਜ ਦੀ ਗੱਲਬਾਤ 'ਚ ਹੱਲ ਨਿਕਲਣ ਦੀ ਉਮੀਦ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਸਕਾਰਾਤਮਕ ਨਤੀਜਾ ਨਿਕਲੇਗਾ। ਇਸ ਬੈਠਕ 'ਚ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪੀਊਸ਼ ਗੋਇਲ ਮੌਜੂਦ ਹਨ।