ਕਿਸਾਨ ਅੰਦੋਲਨ 'ਤੇ ਮੁੜ ਬੋਲੇ ਰੱਖਿਆ ਮੰਤਰੀ ਰਾਜਨਾਥ ਸਿੰਘ, ਜਤਾਈ ਇਹ ਉਮੀਦ
Tuesday, Mar 16, 2021 - 11:18 AM (IST)
ਲਖਨਊ— ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਜਾਰੀ ਹੈ। ਜਿੱਥੇ ਇਕ ਪਾਸੇ ਵਿਧਾਨ ਸਭਾ ਚੋਣਾਂ ’ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਭਾਜਪਾ ਨੂੰ ‘ਵੋਟ’ ਨਾ ਪਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਹੀ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਕਿਸਾਨ ਆਗੂਆਂ ਦੇ ਇਸ ਕਦਮ ਤੋਂ ਭਾਜਪਾ ਲੀਡਰ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਹਨ। ਬੀਤੇ ਕੱਲ੍ਹ ਜਿੱਥੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਲੈ ਕੇ ਬਿਆਨ ਦਿੱਤਾ, ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦੇ ਪੱਛਮੀ ਬੰਗਾਲ ਜਾਣ ’ਤੇ ਭੜਕੇ ਖੇਤੀਬਾੜੀ ਮੰਤਰੀ, ਆਖ ਦਿੱਤੀ ਇਹ ਗੱਲ
ਰਾਜਨਾਥ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਬਣੀ ਖੜੋਤ ਨੂੰ ਤੋੜਨ ਲਈ ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਜ਼ਰੂਰੀ ਹੈ। ਕਿਸਾਨਾਂ ਨੂੰ ਅਪੀਲ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਕਿਸੇ ਵੀ ਸਮੱਸਿਆ ਨੂੰ ਗੱਲਬਾਤ ਜ਼ਰੀਏ ਸੁਲਝਾਇਆ ਜਾ ਸਕਦਾ ਹੈ। ਇਹ ਗੱਲ ਰਾਜਨਾਥ ਸਿੰਘ ਨੇ ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੀ। ਰਾਜਨਾਥ ਨੇ ਪਿਛਲੇ 3 ਮਹੀਨਿਆਂ ਤੋਂ ਵਧੇਰੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਜਪਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਕਿਸੇ ਵੀ ਕੀਮਤ ’ਤੇ ਖ਼ਤਮ ਨਹੀਂ ਹੋਵੇਗਾ। ਅਸੀਂ ਸਾਰੇ ਕਿਸਾਨ ਪਰਿਵਾਰਾਂ ਤੋਂ ਹਾਂ ਅਤੇ ਕਿਸਾਨ ਹਿੱਤਾਂ ਲਈ ਕਿਸੇ ਵੀ ਸੋਧ ਤੇ ਹੱਲ ਲਈ ਤਿਆਰ ਹਾਂ।
ਇਹ ਵੀ ਪੜ੍ਹੋ: ਕਿਸਾਨੀ ਘੋਲ: ਸੜਕਾਂ ਤੋਂ ਪੱਕੇ ਘਰਾਂ 'ਚ ਨਿਵਾਸ ਦੀਆਂ ਤਿਆਰੀਆਂ, ਟਿਕਰੀ ਸਰਹੱਦ ’ਤੇ ਬਣੇ ਦਰਜਨਾਂ ‘ਘਰ’
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਸੀ ਕਿ ਕਿਸਾਨ ਪੱਛਮੀ ਬੰਗਾਲ ਵਿਚ ਜਾ ਕੇ ਪੱਥਰਾਂ ਨਾਲ ਆਪਣਾ ਸਿਰ ਨਾ ਮਾਰਨ। ਉਹ ਆਪਣੇ ਮਾਮਲੇ ਵਿਚ ਫ਼ੈਸਲਾ ਨਹੀਂ ਲੈ ਪਾ ਰਹੇ ਤੇ ਦੂਜਿਆਂ ਦੀ ਠੇਕੇਦਾਰੀ ਲੈ ਰਹੇ ਹਨ। ਦੱਸ ਦੇਈਏ ਕਿ ਕਿਸਾਨ ਆਗੂ ਚੋਣਾਂ ਵਾਲੇ 5 ਸੂਬਿਆਂ- ਆਸਾਮ, ਕੇਰਲ, ਪੱਛਮੀ ਬੰਗਾਲ, ਪੁਡੂਚੇਰੀ ਅਤੇ ਤਾਮਿਲਨਾਡੂ ’ਚ ਜਾ ਕੇ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕਰ ਰਹੇ ਹਨ।
ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਬੋਲੇ- ‘ਜੇਕਰ ਜਨਤਾ ਏਸੀ ਅਤੇ ਪੱਖਿਆਂ ਹੇਠਾਂ ਸੁੱਤੀ ਰਹੀ ਤਾਂ ਦੇਸ਼ ਵਿਕ ਜਾਵੇਗਾ’
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ