ਰਾਜੇਵਾਲ ਬੋਲੇ- ਕਿਸੇ ਵੀ ਸਿਆਸੀ ਦਲ ਨੂੰ ਕਿਸਾਨ ਅੰਦੋਲਨ ਦਾ ਫਾਇਦਾ ਨਹੀਂ ਚੁੱਕਣ ਦੇਵਾਂਗੇ

03/08/2021 4:27:30 PM

ਸ਼੍ਰੀਗੰਗਾਨਗਰ— ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਕਿਸਾਨ ਆਗੂ ਬਲਬੀਲ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਫਾਇਦਾ ਚੁੱਕਣ ਦਾ ਸਿਆਸੀ ਦਲ ਕੋਸ਼ਿਸ਼ ਕਰ ਰਹੇ ਹਨ ਪਰ ਕਿਸੇ ਵੀ ਸਿਆਸੀ ਦਲ ਨੂੰ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ। ਰਾਜੇਵਾਲ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਕਿਸਾਨ ਅੰਦੋਲਨ ਤਹਿਤ ਦੇਸ਼ ਭਰ ਵਿਚ ਕਿਸਾਨ ਮਹਾਪੰਚਾਇਤਾਂ ਦਾ ਸਿਲਸਿਲਾ ਚੱਲ ਰਿਹਾ ਹੈ। ਅਜਿਹੇ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਵੇਖਣ ਵਿਚ ਆਇਆ ਹੈ ਕਿ ਕੁਝ ਸੂਬਿਆਂ ਵਿਚ ਸਿਆਸੀ ਦਲ ਅਤੇ ਨੇਤਾ ਅੰਦੋਲਨ ਦੇ ਨਾਮ ’ਤੇ ਆਪਣੇ ਸਿਆਸੀ ਫਾਇਦੇ ਲਈ ਕਿਸਾਨ ਮਹਾਪੰਚਾਇਤ ਕਰਨ ਲੱਗੇ ਹਨ। ਮੋਰਚੇ ਨੇ ਇਸ ਦਾ ਪੂਰਾ ਨੋਟਿਸ ਲਿਆ ਹੈ। ਇਸ ਨੂੰ ਰੋਕਣ ਲਈ ਮੋਰਚੇ ਵਲੋਂ ਇਕ ਨਿਗਰਾਨੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੋਰਚਾ ਅਪੀਲ ਕਰ ਰਿਹਾ ਹੈ ਕਿ ਕੋਈ ਸਿਆਸੀ ਦਲ ਅਤੇ ਨੇਤਾ ਕਿਸਾਨ ਅੰਦੋਲਨ ਦੇ ਨਾਮ ’ਤੇ ਆਪਣੇ ਫਾਇਦੇ ਲਈ ਮਹਾਪੰਚਾਇਤ ਕਰਦਾ ਹੈ ਤਾਂ ਕਿਸਾਨ ਉਸ ਤੋਂ ਦੂਰ ਰਹੇ। 

ਰਾਜੇਵਾਲ ਨੇ ਅੱਗੇ ਕਿਹਾ ਕਿ ਪਿਛਲੇ 74 ਸਾਲਾਂ ਵਿਚ ਕਿਸੇ ਵੀ ਸਿਆਸੀ ਦਲ ਨੇ ਕਿਸਾਨਾਂ ਦਾ ਕੋਈ ਭਲਾ ਨਹੀਂ ਕੀਤਾ। ਇਹ ਸਿਆਸੀ ਦਲ ਅੱਗੇ ਵੀ ਭਲਾ ਨਹੀਂ ਕਰ ਸਕਦੇ। ਕਿਸਾਨਾਂ ਨੂੰ ਆਪਣੀ ਲੜਾਈ ਖ਼ੁਦ ਹੀ ਲੜਨੀ ਹੋਵੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਗੈਰ-ਰਾਜਨੀਤੀ ਹੋਣ ਕਾਰਨ ਹੀ ਕਿਸਾਨ ਅੰਦੋਲਨ ਪੂਰੀ ਤਾਕਤ ਅਤੇ ਮਜ਼ਬੂਤੀ ਨਾਲ ਲੜਿਆ ਜਾ ਰਿਹਾ ਹੈ। ਸਿਆਸੀ ਦਲਾਂ ਨੂੰ ਦੂਰ ਰੱਖਣ ਕਾਰਨ ਹੀ ਸਾਡੀ ਤਾਕਤ ਬਣੀ ਹੋਈ ਹੈ। ਦੇਸ਼ ਦੇ 21 ਸੂਬਿਆਂ ਵਿਚ ਅੰਦੋਲਨ ਦਾ ਫੈਲਾਅ ਹੋ ਗਿਆ ਹੈ। ਬਾਕੀ ਸੂਬਿਆਂ ਵਿਚ ਵੀ ਇਸ ਦਾ ਫੈਲਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੱਗਭਗ ਸਾਰੇ ਸਿਆਸੀ ਦਲ ਅੰਦਰ ਖਾਨੇ ਚਾਹੁੰਦੇ ਹਨ ਕਿ ਇਹ ਕਿਸਾਨ ਅੰਦੋਲਨ ਫੇਲ੍ਹ ਹੋ ਜਾਵੇ। ਕਿਸਾਨਾਂ ਨੂੰ ਵੀ ਇਹ ਗੱਲ ਸਮਝ ਆ ਗਈ ਹੈ ਕਿ ਕੇਂਦਰ ਜਾਂ ਸੂਬੇ ਵਿਚ ਕਿਸੇ ਵੀ ਦਲ ਦੀ ਸਰਕਾਰ ਰਹੇ, ਉਸ ਦੀ ਸਥਿਤੀ ’ਤੇ ਕੋਈ ਫਰਕ ਨਹੀਂ ਪੈਂਦਾ। 

ਰਾਜੇਵਾਲ ਨੇ ਕਿਹਾ ਕਿ 5 ਸੂਬਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ ਕਿਸਾਨ ਮੋਰਚਾ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ’ਚ ਸ਼ਾਮਲ ਦਲਾਂ ਨੂੰ ਵੋਟਾਂ ਨਾ ਪਾਈਆਂ ਜਾਣ। ਐੱਨ. ਡੀ. ਏ. ਨੂੰ ਪਾਈ ਗਈ ਵੋਟ ਦੇਸ਼ ਵਿਰੋਧੀ ਵੋਟ ਮੰਨੀ ਜਾਵੇਗੀ। ਪੱਛਮੀ ਬੰਗਾਲ ਅਤੇ ਆਸਾਮ ਸਮੇਤ 5 ਸੂਬਿਆਂ ਦੀਆਂ ਚੋਣਾਂ ਦੌਰਾਨ ਕਿਸਾਨ ਮੋਰਚਾ ਦੇ ਮੈਂਬਰ ਅਤੇ ਨੁਮਾਇੰਦੇ ਭਾਜਪਾ ਅਤੇ ਉਸ ਦੇ ਸਹਿਯੋਗੀ ਦਲਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨ ਲਈ ਲਗਾਤਾਰ ਦੌਰੇ ਕਰਨਗੇ। ਪੱਛਮੀ ਬੰਗਾਲ ਵਿਚ ਸੰਯੁਕਤ ਕਿਸਾਨ ਮੋਰਚਾ ਵਲੋਂ ਕਿਸਾਨ ਮਾਰਚ ਵੀ ਕੱਢਿਆ ਜਾਵੇਗਾ।


Tanu

Content Editor

Related News