ਲਾਕਡਾਊਨ ਦੌਰਾਨ ਮਹਾਰਾਸ਼ਟਰ ਦੇ ਕਿਸਾਨ ਨੇ ਪੇਸ਼ ਕੀਤੀ ਮਿਸਾਲ, CM ਨੇ ਕੀਤੀ ਸ਼ਲਾਘਾ
Sunday, Mar 29, 2020 - 06:40 PM (IST)
ਨਾਸਿਕ-ਖਤਰਨਾਕ ਕੋਰੋਨਾਵਾਇਰਸ ਦੀ ਮਾਰ ਨੇ ਦੇਸ਼ ਦੀ ਰਫਤਾਰ 'ਤੇ ਰੋਕ ਲਾ ਦਿੱਤੀ ਹੈ। ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਖਾਣ-ਪੀਣ ਦੇ ਸਾਮਾਨ ਦੀ ਕਮੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਦੇ ਇਕ ਕਿਸਾਨ ਨੇ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਦੱਸਣਯੋਗ ਹੈ ਕਿ ਨਾਸਿਕ ਦੇ ਕਿਸਾਨ ਦੱਤਾ ਰਾਮ ਪਾਟਿਲ ਨੇ ਆਪਣੀ 3 ਏਕੜ ਜ਼ਮੀਨ 'ਚ ਬੀਜੀ ਗਈ ਕਣਕ ਦੀ ਫਸਲ ਵੱਢ ਲਈ ਹੈ , ਜਿਸ 'ਚੋ 1 ਏਕੜ 'ਚ ਬੀਜੀ ਗਈ ਕਣਕ ਦੀ ਫਸਲ ਜਰੂਰਤਮੰਦਾਂ 'ਚ ਵੰਡ ਦਿੱਤੀ ਹੈ। ਕਿਸਾਨ ਦੀ ਇਸ ਪਹਿਲ ਦਾ ਜਿੱਥੇ ਮੁੱਖ ਮੰਤਰੀ ਊਧਵ ਠਾਕੁਰ ਨੇ ਸਵਾਗਤ ਕੀਤਾ ਉੱਥੇ ਹੀ ਇਸ ਕਦਮ ਦੀ ਸ਼ਲਾਘਾ ਵੀ ਕੀਤੀ।
ਨਾਸਿਕ ਦੇ ਕਿਸਾਨ ਦੀ ਪਹਿਲ ਦੀ ਸੋਸ਼ਲ ਮੀਡੀਆ 'ਤੇ ਕਾਫੀ ਸ਼ਲਾਘਾ ਹੋ ਰਹੀ ਹੈ। ਦੱਤਾ ਰਾਮ ਨੇ ਦੱਸਿਆ ਹੈ, ਮੈਂ ਇਕ ਛੋਟਾ ਕਿਸਾਨ ਹਾਂ ਅਤੇ ਆਰਥਿਕ ਰੂਪ ਤੋਂ ਮਜ਼ਬੂਤ ਵੀ ਨਹੀਂ ਹਾਂ ਪਰ ਜਦੋਂ ਅਸੀਂ ਇਕ ਰੋਟੀ ਖਾ ਰਹੇ ਹਾਂ ਤਾਂ ਉਸ 'ਚ ਅੱਧੀ ਅਜਿਹੇ ਲੋਕਾਂ ਨੂੰ ਤਾਂ ਦੇ ਸਕਦੇ ਹਾਂ, ਜਿਨ੍ਹਾਂ ਨੂੰ ਉਸ ਦੀ ਬਹੁਤ ਜ਼ਰੂਰਤ ਹੈ।
ਦੱਸ਼ਣਯੋਗ ਹੈ ਕਿ ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਦੇ ਮਾਮਲੇ ਲਗਾਤਾਰ ਵੱਧਦੇ ਦਾ ਰਹੇ ਹਨ। ਅੱਜ ਭਾਵ ਐਤਵਾਰ ਨੂੰ ਮਹਾਰਾਸ਼ਟਰ 'ਚ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ 'ਚ ਇਨਫੈਕਟਡ 193 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੇਸ਼ ਚ ਹੁਣ ਤੱਕ 979 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 88 ਮਰੀਜ਼ ਠੀਕ ਵੀ ਹੋ ਚੁੱਕੇ ਹਨ।ਦੇਸ਼ ਭਰ 'ਚ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਪੀ.ਐੱਮ ਮੋਦੀ ਨੇ 21 ਦਿਨਾਂ ਲਈ ਪੂਰੇ ਦੇਸ਼ 'ਚ ਲਾਕਡਾਊਨ ਦਾ ਐਲਾਨ ਕੀਤਾ ਸੀ।