ਵੱਟ ਦੇ ਵਿਵਾਦ ਨੂੰ ਲੈ ਕੇ ਕਿਸਾਨ ਦਾ ਗੋਲੀ ਮਾਰ ਕੇ ਕਤਲ
Thursday, Nov 06, 2025 - 10:45 PM (IST)
ਬਦਾਯੂੰ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲੇ ’ਚ ਵੱਟ ਦੇ ਵਿਵਾਦ ਨੂੰ ਲੈ ਕੇ ਇਕ ਕਿਸਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ, ਜਿਸ ’ਚ ਮੁਲਜ਼ਮ ਮਾਮੂਲੀ ਝਗੜੇ ਤੋਂ ਬਾਅਦ ਪਿਸਤੌਲ ਕੱਢ ਕੇ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ, ਜਦਕਿ ਵੀਡੀਓ ਵੀਰਵਾਰ ਨੂੰ ਸਾਹਮਣੇ ਆਈ। ਮਾਮਲਾ ਸ਼ਾਹਜਹਾਂਪੁਰ ਜ਼ਿਲੇ ਦੇ ਪਰੌਰ ਥਾਣਾ ਖੇਤਰ ਦੇ ਅਧੀਨ ਆਉਂਦੇ ਗਹੋੜੀ ਪਿੰਡ ਦਾ ਹੈ। ਮ੍ਰਿਤਕ ਦੀ ਪਛਾਣ ਬਦਾਯੂੰ ਦੇ ਉਸਾਵਾਂ ਵਾਰਡ 4 ਨਿਵਾਸੀ ਅਰਵੇਸ਼ ਯਾਦਵ ਪੁੱਤਰ ਸ਼ਿਪਟਰ ਸਿੰਘ ਵਜੋਂ ਹੋਈ ਹੈ।
ਪੁਲਸ ਅਨੁਸਾਰ ਵਾਰਡ 7 ਦੇ ਕੱਲੂ ਸਿੰਘ ਪੁੱਤਰ ਨੇਤਰਪਾਲ ਦਾ ਅਰਵੇਸ਼ ਨਾਲ ਖੇਤ ਦੀ ਵੱਟ ਕੱਟਣ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਕੱਲੂ ਆਪਣੇ ਭਰਾ ਅਤੇ ਇਕ ਅਣਪਛਾਤੇ ਵਿਅਕਤੀ ਨਾਲ ਮੋਟਰਸਾਈਕਲ ’ਤੇ ਖੇਤ ’ਚ ਪਹੁੰਚਿਆ ਅਤੇ ਪਿਸਤੌਲ ਰਾਹੀਂ ਗੋਲੀ ਚਲਾ ਦਿੱਤੀ। ਗੋਲੀ ਲੱਗਦਿਆਂ ਹੀ ਅਰਵੇਸ਼ ਜ਼ਮੀਨ ’ਤੇ ਡਿੱਗ ਪਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਪੁਲਸ ਨੇ ਵੀਡੀਓ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਹੈ।
