ਇਕੋ ਪਰਿਵਾਰ ਦੇ ਚਾਰ ਜੀਆਂ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ, ਇਲਾਕੇ ''ਚ ਸਹਿਮ
Sunday, Sep 01, 2024 - 04:43 PM (IST)
ਜੰਜਗੀਰ-ਚੰਪਾ : ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜ਼ਿਲ੍ਹੇ ਵਿਚ ਇਕ ਪਤੀ-ਪਤਨੀ ਅਤੇ ਉਸ ਦੇ ਦੋ ਪੁੱਤਰਾਂ ਨੇ ਕਥਿਤ ਤੌਰ 'ਤੇ ਆਪਣੇ ਘਰ ਵਿਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਸ਼ੁੱਕਰਵਾਰ ਨੂੰ ਗੰਭੀਰ ਹਾਲਤ 'ਚ ਪਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਪਰ ਸ਼ਨੀਵਾਰ ਨੂੰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪੰਚਰਾਮ ਯਾਦਵ (66), ਉਸ ਦੀ ਪਤਨੀ ਦਿਨੇਸ਼ ਨੰਦਿਨੀ (55), ਪੁੱਤਰ ਸੂਰਜ (27) ਅਤੇ ਨੀਰਜ (32) ਵਜੋਂ ਹੋਈ ਹੈ। ਉਹ ਕੋਤਵਾਲੀ ਥਾਣੇ ਅਧੀਨ ਪੈਂਦੇ ਬੋਧਾ ਤਾਲਾਬ ਇਲਾਕੇ ਦਾ ਰਹਿਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਪੰਚਰਾਮ ਕਾਂਗਰਸ ਦੀ ਜ਼ਿਲ੍ਹਾ ਇਕਾਈ ਦਾ ਸਾਬਕਾ ਅਹੁਦੇਦਾਰ ਸੀ। ਜੰਜਗੀਰ-ਚੰਪਾ ਦੇ ਵਧੀਕ ਪੁਲਸ ਸੁਪਰਡੈਂਟ ਰਾਜੇਂਦਰ ਜੈਸਵਾਲ ਨੇ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਨੇ 30 ਅਗਸਤ ਨੂੰ ਜ਼ਹਿਰ ਖਾ ਲਿਆ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪਰ ਬਾਅਦ ਵਿਚ ਨੀਰਜ ਨੂੰ ਬਿਲਾਸਪੁਰ ਦੇ ਛੱਤੀਸਗੜ੍ਹ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਸੀਐੱਮਐੱਸ) ਵਿੱਚ ਭੇਜ ਦਿੱਤਾ ਗਿਆ ਅਤੇ ਤਿੰਨ ਹੋਰਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਅਚਨਚੇਤ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪਰਿਵਾਰ ਨੇ ਆਪਣੇ ਘਰ ਦਾ ਮੁੱਖ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਸੀ ਅਤੇ ਫਿਰ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਉਸ ਨੇ ਦੱਸਿਆ ਕਿ ਜਦੋਂ ਇਕ ਗੁਆਂਢਣ ਜੋ ਅਕਸਰ ਘਰ ਆਉਂਦੀ ਸੀ, ਨੇ ਦਰਵਾਜ਼ਾ ਬੰਦ ਦੇਖਿਆ ਤਾਂ ਉਸ ਨੂੰ ਕੁਝ ਗਲਤ ਹੋਣ ਦਾ ਸ਼ੱਕ ਹੋਇਆ ਅਤੇ ਉਸ ਨੇ ਹੋਰਨਾਂ ਨੂੰ ਸੂਚਿਤ ਕੀਤਾ। ਅਧਿਕਾਰੀ ਨੇ ਦੱਸਿਆ ਕਿ ਜਦੋਂ ਰਿਸ਼ਤੇਦਾਰ ਅਤੇ ਗੁਆਂਢੀ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਤਾਂ ਪਰਿਵਾਰ ਦੇ ਸਾਰੇ ਮੈਂਬਰ ਗੰਭੀਰ ਹਾਲਤ 'ਚ ਮਿਲੇ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਥਾਨਕ ਲੋਕਾਂ ਮੁਤਾਬਕ ਯਾਦਵ ਦਾ ਪਰਿਵਾਰ ਕਰਜ਼ੇ 'ਚ ਡੁੱਬਿਆ ਹੋਇਆ ਸੀ। ਪੰਚਰਾਮ ਇਕ ਠੇਕੇਦਾਰ ਸੀ, ਜਦੋਂ ਕਿ ਉਸ ਦੇ ਪੁੱਤਰਾਂ ਨੇ ਇਕ ਕਾਰੋਬਾਰ ਸ਼ੁਰੂ ਕੀਤਾ ਜਿਸ ਵਿਚ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਸੀ।