ਪਿੰਡ ਜੋੜਾ ਛੱਤੜਾਂ ਵਿਖੇ ਤੂੜੀ ਖਾਣ ਕਾਰਨ ਚਾਰ ਗਾਵਾਂ ਦੀ ਮੌਤ
Monday, Jan 26, 2026 - 12:49 PM (IST)
ਗੁਰਦਾਸਪੁਰ (ਹਰਮਨ, ਵਿਨੋਦ)-ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੋੜਾ ਛੱਤੜਾਂ ਵਿਖੇ ਤੂੜੀ ਖਾਣ ਤੋਂ ਬਾਅਦ ਇਕ ਕਿਸਾਨ ਦੀਆਂ ਚਾਰ ਗਾਵਾਂ ਦੀ ਅਚਾਨਕ ਮੌਤ ਹੋ ਗਈ ਹੈ। ਇਸ ਘਟਨਾ ਨਾਲ ਕਿਸਾਨ ਹੀਰਾ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਿਆ ਹੈ। ਜਾਣਕਾਰੀ ਮੁਤਾਬਕ ਕਿਸਾਨ ਹੀਰਾ ਸਿੰਘ ਨੇ ਗਾਵਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਤੂੜੀ ਖਵਾਈ ਸੀ, ਜਿਸ ਤੋਂ ਬਾਅਦ ਕੁਝ ਹੀ ਸਮੇਂ ’ਚ ਗਾਵਾਂ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਚਾਰਾਂ ਗਾਵਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਬੰਧਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ।
ਘਟਨਾ ਤੋਂ ਬਾਅਦ ਪੀੜਤ ਕਿਸਾਨ ਦੀਆਂ ਬਾਕੀ ਗਾਵਾਂ ਦੀ ਸਿਹਤ ਸੰਭਾਲ ਨੂੰ ਧਿਆਨ ’ਚ ਰੱਖਦਿਆਂ ਪਸ਼ੂ ਪਾਲਣ ਵਿਭਾਗ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਅਤੇ ਇਲਾਜ ਦੀ ਵਿਵਸਥਾ ਕੀਤੀ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਨੇ ਕਿਸਾਨ ਨੂੰ ਵੱਡੀ ਮਾਲੀ ਚੋਟ ਪਹੁੰਚਾਈ ਹੈ ਅਤੇ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਕਿਸਾਨ ਲਈ ਮਦਦ ਅਤੇ ਮੁਆਵਜ਼ੇ ਦੇ ਪ੍ਰਬੰਧ ਕੀਤੇ ਜਾਣ ਦੀ ਲੋੜ ਹੈ। ਘਟਨਾ ਦੀ ਪੂਰੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
