ਗਲਤ ਪ੍ਰਚਾਰ ਲਈ ਵੱਖਵਾਦੀਆਂ ਦੇ ਪਰਿਵਾਰਾਂ ਨੂੰ ਕੀਤਾ ਜਾ ਰਿਹੈ ਪਰੇਸ਼ਾਨ : ਮਹਿਬੂਬਾ ਮੁਫ਼ਤੀ
Tuesday, Mar 26, 2024 - 04:49 PM (IST)
ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਜੰਮੂ ਕਸ਼ਮੀਰ 'ਚ ਅਧਿਕਾਰੀ ਗਲਤ ਪ੍ਰਚਾਰ ਨੂੰ ਉਤਸ਼ਾਹਤ ਦੇਣ ਲਈ ਵੱਖਵਾਦੀਆਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੀ ਟਿੱਪਣੀ ਜੇਲ੍ਹ 'ਚ ਬੰਦ ਵੱਖਵਾਦੀ ਨੇਤਾ ਸ਼ੱਬੀਰ ਅਹਿਮਦ ਸ਼ਾਹ ਦੀ ਧੀ ਸਮਾ ਸ਼ੱਬੀਰ ਅਤੇ ਮਰਹੂਮ ਪਾਕਿਸਤਾਨ ਸਮਰਥਕ ਸਈਅਦ ਅਲੀ ਸ਼ਾਹ ਗਿਲਾਨੀ ਦੀ ਦੋਹਤੀ ਰੂਵਾ ਸ਼ਾਹ ਵਲੋਂ ਵੱਖਵਾਦੀ ਵਿਚਾਰਧਾਰਾ ਤੋਂ ਖ਼ੁਦ ਨੂੰ ਵੱਖ ਕਰਨ ਅਤੇ ਭਾਰਤੀ ਸੰਘ ਦੀ ਪ੍ਰਭੂਸੱਤਾ ਪ੍ਰਤੀ ਆਪਣੀ ਵਫ਼ਾਦਾਰੀ ਦਾ ਸੰਕਲਪ ਜਤਾਉਣ ਤੋਂ ਬਾਅਦ ਆਈ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਕਸ਼ਮੀਰ ਨੇ ਅਜਿਹਾ ਸਮਾਂ ਦੇਖਿਆ ਹੈ ਜਦੋਂ ਬੰਦੂਕਧਾਰੀ ਅੱਤਵਾਦੀਆਂ ਨੇ ਰਾਜਨੀਤਕ ਵਰਕਰਾਂ ਨੂੰ ਖ਼ੁਦ ਨੂੰ ਮੁੱਖ ਧਾਰਾ ਤੋਂ ਵੱਖ ਕਰਨ ਲਈ ਧਮਾਕਿਆ ਅਤੇ ਮਜ਼ਬੂਰ ਕੀਤਾ ਅਤੇ ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਅੱਜ ਉਹੀ ਪੈਟਰਨ ਦੋਹਰਾਇਆ ਜਾ ਰਿਹਾ ਹੈ ਅਤੇ ਜੋ ਗੱਲ ਹੋਰ ਵੀ ਵੱਧ ਪੇਰਸ਼ਾਨ ਕਰਨ ਵਾਲੀ ਹੈ ਉਹ ਇਹ ਹੈ ਕਿ ਇਹ ਭੂਮਿਕਾ ਖ਼ੁਦ ਰਾਜ ਵਲੋਂ ਨਿਭਾਈ ਜਾ ਰਹੀ ਹੈ। ਉਹ ਵੱਖਵਾਦੀਆਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰ ਰਹੇ ਹਨ।''
ਉਨ੍ਹਾਂ ਕਿਹਾ,''ਗਲਤ ਪ੍ਰਚਾਰ ਲਈ ਉਨ੍ਹਾਂ ਦੀਆਂ ਧੀਆਂ ਤੱਕ ਨੂੰ ਨਹੀਂ ਛੱਡਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕੀਤਾ ਜਾ ਰਿਹਾ ਹੈ। ਬੇਰਹਿਮ ਕਾਰਵਾਈ ਅਤੇ ਦਮਨ ਤੋਂ ਬਾਅਦ ਵੀ ਭਾਰਤ ਸਰਕਾਰ ਡਰ ਮਹਿਸੂਸ ਕਰ ਰਹੀ ਹੈ। ਅਜਿਹੀ ਕਾਇਰਤਾਪੂਰਨ ਹਰਕਤਾਂ ਲਈ ਬੇਸ਼ਰਮੀ ਸ਼ਬਦ ਅਧੂਰਾ ਹੈ।'' ਸਥਾਨਕ ਅਖ਼ਬਾਰਾਂ 'ਚ ਪ੍ਰਕਾਸ਼ਿਤ ਇਕੋ ਜਿਹੇ ਜਨਤਕ ਨੋਟਿਸਾਂ ਦੇ ਮਾਧਿਅਮ ਨਾਲ ਸਮਾ ਸ਼ੱਬੀਰ ਅਤੇ ਰੂਵਾ ਸ਼ਾਹ ਨੇ ਖੁਦ ਨੂੰ ਵੱਖਵਾਦੀ ਰਾਜਨੀਤੀ ਤੋਂ ਵੱਖ ਕਰਨ ਦੀ ਸੂਚਨਾ ਦਿੱਤੀ। ਗਿਲਾਨੀ ਦੇ ਜਵਾਈ ਅਲਤਾਫ਼ ਅਹਿਮਦ ਸ਼ਾਹ ਉਰਫ਼ ਅਲਤਾਫ਼ ਫੰਟੂਸ਼ ਦੀ ਧੀ ਰੂਵਾ ਨੇ ਆਪਣੇ ਮਰਹੂਮ ਨਾਨਾ ਵਲੋਂ ਸਥਾਪਤ ਹੁਰੀਅਤ ਕਾਨਫਰੰਸ ਧਿਰ ਤੋਂ ਖੁਦ ਨੂੰ ਵੱਖ ਕਰਦੇ ਹੋਏ ਇਕ ਜਨਤਕ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹੁਰੀਅਤ ਵਿਚਾਰਧਾਰਾ ਦੇ ਪ੍ਰਤੀ ਉਨ੍ਹਾਂ ਦਾ ਕੋਈ ਝੁਕਾਅ ਜਾਂ ਹਮਦਰਦੀ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8