ਦਿੱਲੀ ਹਾਈ ਕੋਰਟ ਨੇ ਕਿਹਾ-''ਨਿਪੁੰਸਕਤਾ ਦੇ ਝੂਠੇ ਦੋਸ਼ ਜ਼ੁਲਮ ਕਰਨ ਦੇ ਬਰਾਬਰ''
Sunday, Nov 22, 2020 - 01:03 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਇਕ ਪਤੀ-ਪਤਨੀ ਦਰਮਿਆਨ ਤਲਾਕ ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਹੈ ਕਿ ਕਿਸੇ ਜੀਵਨ ਸਾਥੀ ਵਿਰੁੱਧ ਨਿਪੁੰਸਕਤਾ ਦੇ ਝੂਠੇ ਦੋਸ਼ ਲਾਉਣੇ ਜ਼ੁਲਮ ਕਰਨ ਦੇ ਬਰਾਬਰ ਹੈ। ਇਸ ਮਾਮਲੇ ਵਿਚ ਵੱਖ ਰਹਿ ਰਹੀ ਪਤਨੀ ਨੇ ਆਪਣੇ ਪਤੀ 'ਤੇ ਸੈਕਸ ਸਬੰਧ ਨਾ ਬਣਾ ਸਕਣ ਦਾ ਦੋਸ਼ ਲਾਇਆ ਸੀ।
ਹਾਈ ਕੋਰਟ ਨੇ ਪਤੀ ਦੇ ਵਕੀਲ ਦੀ ਇਸ ਦਲੀਲ ਨੂੰ ਪ੍ਰਵਾਨ ਕੀਤਾ ਕਿ ਪਤਨੀ ਵਲੋਂ ਲਿਖਤੀ ਬਿਆਨ ਵਿਚ ਲਾਏ ਗਏ ਦੋਸ਼ ਗੰਭੀਰ ਹਨ ਅਤੇ ਵਿਅਕਤੀ ਦੇ ਅਕਸ 'ਤੇ ਅਸਰ ਪਾਉਣ ਦੇ ਨਾਲ-ਨਾਲ ਉਸ ਦੀ ਮਾਨਸਿਕ ਹਾਲਤ 'ਤੇ ਵੀ ਉਲਟ ਢੰਗ ਨਾਲ ਅਸਰ ਪਾ ਸਕਦੇ ਹਨ। ਪਤੀ-ਪਤਨੀ ਦਾ ਵਿਆਹ ਜੂਨ 2012 ਵਿਚ ਹੋਇਆ ਸੀ। ਔਰਤ ਦਾ ਇਹ ਪਹਿਲਾ ਵਿਆਹ ਸੀ ਜਦੋਂ ਕਿ ਮਰਦ ਉਸ ਸਮੇਂ ਤਲਾਕਸ਼ੁਦਾ ਸੀ।
ਪਤੀ ਨੇ ਇਸ ਆਧਾਰ 'ਤੇ ਵਿਆਹ ਨੂੰ ਖਤਮ ਕਰਨ ਦੀ ਅਪੀਲ ਕੀਤੀ ਕਿ ਔਰਤ ਦੀ ਸੈਕਸ ਸਬੰਧਾਂ ਵਿਚ ਕੋਈ ਦਿਲਚਸਪੀ ਨਹੀਂ। ਪਤਨੀ ਨੇ ਆਪਣੀ ਪ੍ਰਤੀਕਿਰਿਆ ਵਿਚ ਦੋਸ਼ ਲਾਇਆ ਕਿ ਉਸ ਦਾ ਪਤੀ ਨਿਪੁੰਸਕਤਾ ਦੀ ਸਮੱਸਿਆ ਤੋਂ ਪੀੜਤ ਹੈ ਅਤੇ ਉਸ ਦੇ ਪਹਿਲੇ ਵਿਆਹ ਦਾ ਨਾ ਚੱਲ ਸਕਣ ਦਾ ਅਸਲ ਕਾਰਣ ਵੀ ਇਹੀ ਹੈ। ਇਸ 'ਤੇ ਮਾਣਯੋਗ ਜੱਜ ਮਨਮੋਹਨ ਅਤੇ ਜਸਟਿਸ ਸੰਜੀਵ ਨਰੂਲਾ 'ਤੇ ਅਧਾਰਿਤ ਬੈਂਚ ਨੇ ਕਿਹਾ ਕਿ ਔਰਤ ਦੇ ਦੋਸ਼ਾਂ ਨੂੰ ਹੇਠਲੀ ਅਦਾਲਤ ਨੇ ਮਾਹਿਰਾਂ ਦੀ ਇਸ ਗਵਾਹੀ ਨਾਲ ਰੱਦ ਕੀਤਾ ਸੀ ਕਿ ਪਤੀ ਵਿਚ ਨਿਪੁੰਸਕਤਾ ਦੇ ਦੋਸ਼ ਗਲਤ ਹਨ।