PNB ''ਚ ਮਿਲੇ 17.29 ਕਰੋੜ ਰੁਪਏ ਦੇ ਨਕਲੀ ਨੋਟ, NIA ਵੱਲੋਂ ਦੋ ਗ੍ਰਿਫਤਾਰ

Friday, Oct 23, 2026 - 01:43 AM (IST)

PNB ''ਚ ਮਿਲੇ 17.29 ਕਰੋੜ ਰੁਪਏ ਦੇ ਨਕਲੀ ਨੋਟ, NIA ਵੱਲੋਂ ਦੋ ਗ੍ਰਿਫਤਾਰ

ਸਹਾਰਨਪੁਰ : ਰਾਸ਼ਟਰੀ ਜਾਂਚ ਏਜੰਸੀ (NIA) ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਸਥਿਤ ਪੰਜਾਬ ਨੈਸ਼ਨਲ ਬੈਂਕ (PNB) ਦੀ ਕਰੰਸੀ ਚੈਸਟ ਵਿੱਚੋਂ 17.29 ਕਰੋੜ ਰੁਪਏ ਦੇ ਨਕਲੀ ਭਾਰਤੀ ਨੋਟ ਬਰਾਮਦ ਹੋਣ ਦੇ ਮਾਮਲੇ ਵਿੱਚ ਦੋ ਮੁੱਖ ਸਾਜ਼ਿਸ਼ਕਰਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜੇ ਕੁਮਾਰ ਅਤੇ ਹਰੀਸ਼ ਰੌਂਤਾ ਵਜੋਂ ਹੋਈ ਹੈ। NIA ਨੇ ਅਜੇ ਕੁਮਾਰ ਨੂੰ 16 ਅਕਤੂਬਰ ਨੂੰ ਹਰਿਆਣਾ ਦੇ ਅੰਬਾਲਾ ਤੋਂ ਅਤੇ ਹਰੀਸ਼ ਰੌਂਤਾ ਨੂੰ 22 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੋਂ ਹਿਰਾਸਤ ਵਿੱਚ ਲਿਆ ਹੈ।

ਜਾਂਚ ਏਜੰਸੀ ਅਨੁਸਾਰ ਇਨ੍ਹਾਂ ਦੋਵਾਂ ਮੁਲਜ਼ਮਾਂ 'ਤੇ ਵੱਡੀ ਮਾਤਰਾ ਵਿੱਚ ਨਕਲੀ ਭਾਰਤੀ ਨੋਟ ਛਾਪਣ ਅਤੇ ਉਨ੍ਹਾਂ ਦੀ ਸਪਲਾਈ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਇਨ੍ਹਾਂ ਨੋਟਾਂ ਨੂੰ ਹੋਰਾਂ ਸਾਥੀਆਂ ਰਾਹੀਂ ਸਹਾਰਨਪੁਰ ਦੇ ਸਿਵਲ ਲਾਈਨਜ਼ ਸਥਿਤ PNB ਦੀ ਕਰੰਸੀ ਚੈਸਟ ਤੱਕ ਪਹੁੰਚਾਇਆ ਗਿਆ ਸੀ। NIA ਅਨੁਸਾਰ ਇਹ ਦੋਵੇਂ ਮੁਲਜ਼ਮ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਆਦੇਸ਼ ਚੌਧਰੀ ਅਤੇ ਹੋਰ ਮੁਲਜ਼ਮਾਂ ਦੇ ਕਰੀਬੀ ਸਾਥੀ ਹਨ।

ਜ਼ਿਕਰਯੋਗ ਹੈ ਕਿ 29 ਅਗਸਤ 2026 ਨੂੰ ਸਹਾਰਨਪੁਰ ਦੇ ਸਦਰ ਬਾਜ਼ਾਰ ਥਾਣੇ ਨੂੰ ਪੰਜਾਬ ਨੈਸ਼ਨਲ ਬੈਂਕ ਦੀ ਕਰੰਸੀ ਚੈਸਟ ਵਿੱਚੋਂ 17.29 ਕਰੋੜ ਰੁਪਏ ਅੰਕਿਤ ਮੁੱਲ ਦੇ ਨਕਲੀ ਨੋਟ ਬਰਾਮਦ ਹੋਣ ਦੀ ਸੂਚਨਾ ਮਿਲੀ ਸੀ। ਸ਼ੁਰੂਆਤੀ ਜਾਂਚ ਦੌਰਾਨ ਬੈਂਕ ਦੇ ਤਿੰਨ ਕਰਮਚਾਰੀਆਂ ਦੀ ਭੂਮਿਕਾ ਵੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਬੈਂਕ ਨੇ ਤਿੰਨਾਂ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਮਾਮਲੇ 'ਚ 29 ਅਗਸਤ ਨੂੰ ਸਦਰ ਬਾਜ਼ਾਰ ਥਾਣੇ 'ਚ ਭਾਰਤੀ ਨਿਆਇ ਸੰਹਿਤਾ (BNS), 2023 ਦੀ ਧਾਰਾ 178 ਤਹਿਤ ਐੱਫ.ਆਈ.ਆਰ. (FIR No. 0431/2026) ਦਰਜ ਕੀਤੀ ਗਈ ਸੀ। ਬਾਅਦ ਵਿੱਚ 3 ਸਤੰਬਰ 2026 ਨੂੰ NIA ਨੇ ਕੇਸ ਆਪਣੇ ਹੱਥਾਂ 'ਚ ਲੈਂਦਿਆਂ ਮੁੜ ਮਾਮਲਾ ਦਰਜ ਕੀਤਾ ਸੀ।

ਇਸ ਮਾਮਲੇ ਵਿੱਚ NIA ਵੱਲੋਂ ਸਤੰਬਰ 2026 ਦੌਰਾਨ ਵੱਖ-ਵੱਖ ਕਾਰਵਾਈਆਂ ਕਰਦਿਆਂ ਅਮਿਤ ਕੁਮਾਰ, ਆਦੇਸ਼ ਚੌਧਰੀ, ਮੁਕੇਸ਼ ਕੁਮਾਰ, ਰਾਜੇਂਦਰ ਅਤੇ ਨੀਤੂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੁਣ ਅਜੇ ਕੁਮਾਰ ਅਤੇ ਹਰੀਸ਼ ਰੌਂਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਏਜੰਸੀ ਨਕਲੀ ਨੋਟਾਂ ਦੀ ਛਪਾਈ, ਸਪਲਾਈ ਅਤੇ ਬੈਂਕ ਦੀ ਕਰੰਸੀ ਚੈਸਟ ਤੱਕ ਪਹੁੰਚਾਉਣ ਦੀ ਪੂਰੀ ਸਾਜ਼ਿਸ਼ ਦੀਆਂ ਕੜੀਆਂ ਜੋੜਨ ਵਿੱਚ ਜੁਟੀ ਹੋਈ ਹੈ। NIA ਮੁਤਾਬਕ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫਰਾਰ ਸਹਿ-ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।


author

Inder Prajapati

Content Editor

Related News