ਕੈਮੀਕਲ ਫੈਕਟਰੀ ''ਚ ਲੱਗੀ ਭਿਆਨਕ ਅੱਗ, ਮਾਲਕ ਸਮੇਤ ਦੋ ਸੜ ਕੇ ਮਰੇ
Monday, Apr 07, 2025 - 05:09 PM (IST)

ਹਰਿਦੁਆਰ- ਉਤਰਾਖੰਡ 'ਚ ਹਰਿਦੁਆਰ ਜ਼ਿਲ੍ਹੇ ਦੇ ਬਹਾਦਰਾਬਾਦ 'ਚ ਇਕ ਕੈਮੀਕਲ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਫੈਕਟਰੀ ਮਾਲਕ ਸਮੇਤ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਝੁਲਸ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਪਿੰਡ ਇਬਰਾਹਿਮਪੁਰ ਸਥਿਤ ਗਣਪਤੀ ਕੈਮੀਕਲ ਫੈਕਟਰੀ 'ਚ ਐਤਵਾਰ ਰਾਤ ਕਰੀਬ 9 ਵਜੇ ਅੱਗ ਲੱਗ ਗਈ, ਜਿਸ ’ਤੇ ਸੋਮਵਾਰ ਨੂੰ ਕਰੀਬ 12 ਘੰਟੇ ਬਾਅਦ ਮੁਸ਼ੱਕਤ ਮਗਰੋਂ ਕਾਬੂ ਪਾਇਆ ਜਾ ਸਕਿਆ।
ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਕਈ ਕਿਲੋਮੀਟਰ ਦੂਰ ਆਸਮਾਨ 'ਚ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦਿੱਤੀ ਗਈ ਪਰ ਕਾਫੀ ਦੇਰ ਬਾਅਦ ਫਾਇਰ ਵਿਭਾਗ ਦੀ ਟੀਮ ਮੌਕੇ ’ਤੇ ਪੁੱਜੀ। ਅੱਗ ਦੀ ਭਿਆਨਕਤਾ ਨੂੰ ਦੇਖਦੇ ਹੋਏ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ, ਜਿਨ੍ਹਾਂ ਨੇ ਰਾਤ ਭਰ ਇਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸੋਮਵਾਰ ਸਵੇਰ ਤੱਕ ਹੀ ਇਸ 'ਤੇ ਕਾਬੂ ਪਾਇਆ ਜਾ ਸਕਿਆ।
ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਹਰਿਦੁਆਰ ਦੇ ਸੀਨੀਅਰ ਪੁਲਸ ਕਪਤਾਨ ਪਰਮਿੰਦਰ ਡੋਬਾਲ ਨੇ ਦੱਸਿਆ ਕਿ ਫੈਕਟਰੀ ਦੀ ਚਾਰਦੀਵਾਰੀ 'ਚ ਖੜ੍ਹੇ ਕੈਮੀਕਲ ਨਾਲ ਭਰੇ ਟੈਂਕਰਾਂ ਵਿਚ ਅੱਗ ਲੱਗ ਗਈ, ਜੋ ਜਲਦੀ ਹੀ ਪੂਰੀ ਫੈਕਟਰੀ 'ਚ ਫੈਲ ਗਈ। ਉਨ੍ਹਾਂ ਦੱਸਿਆ ਕਿ ਫੈਕਟਰੀ 'ਚ ਅੱਗ ਲੱਗਣ ਕਾਰਨ ਫੈਕਟਰੀ ਮਾਲਕ ਮਹੇਸ਼ ਅਗਰਵਾਲ ਅਤੇ ਇਕ ਹੋਰ ਮੁਲਾਜ਼ਮ ਸੰਜੇ ਕੁਮਾਰ ਦੀ ਝੁਲਸਣ ਨਾਲ ਮੌਤ ਹੋ ਗਈ ਜਦਕਿ ਇਕ ਹੋਰ ਮੁਲਾਜ਼ਮ ਜੋਗਿੰਦਰ ਸੈਣੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।