ਵਿਦੇਸ਼ ਮੰਤਰੀ ਜੈਸ਼ੰਕਰ ਪਹੁੰਚੇ ਨਿਊਜ਼ੀਲੈਂਡ, ਪੀ.ਐੱਮ. ਜੈਸਿੰਡਾ ਨਾਲ ਕਰਨਗੇ ਮੁਲਾਕਾਤ

Wednesday, Oct 05, 2022 - 05:06 PM (IST)

ਵਿਦੇਸ਼ ਮੰਤਰੀ ਜੈਸ਼ੰਕਰ ਪਹੁੰਚੇ ਨਿਊਜ਼ੀਲੈਂਡ, ਪੀ.ਐੱਮ. ਜੈਸਿੰਡਾ ਨਾਲ ਕਰਨਗੇ ਮੁਲਾਕਾਤ

ਇੰਟਰਨੈਸ਼ਨਲ ਡੈਸਕ (ਬਿਊਰੋ) ਵਿਦੇਸ਼ ਮੰਤਰੀ ਐੱਸ ਜੈਸ਼ੰਕਰ 5 ਤੋਂ 11 ਅਕਤੂਬਰ ਤੱਕ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦਾ ਦੌਰਾ ਕਰਨਗੇ। ਇਸ ਦੇ ਤਹਿਤ ਜੈਸ਼ੰਕਰ ਅੱਜ ਨਿਊਜ਼ੀਲੈਂਡ ਪਹੁੰਚ ਗਏ ਹਨ।ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਜੈਸ਼ੰਕਰ ਦਾ ਨਿਊਜ਼ੀਲੈਂਡ ਦਾ ਇਹ ਪਹਿਲਾ ਦੌਰਾ ਹੈ। ਇੱਥੇ ਪਹੁੰਚਣ 'ਤੇ ਭਾਰਤੀ ਭਾਈਚਾਰੇ ਦੀ ਪਹਿਲੀ ਮੰਤਰੀ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੇ ਉਹਨਾਂ ਦਾ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਜੈਸ਼ੰਕਰ 6 ਅਕਤੂਬਰ ਨੂੰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੇ ਨਾਲ ਆਕਲੈਂਡ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਜੈਸਿੰਡਾ ਇਸ ਸਮਾਗਮ ਵਿੱਚ ਭਾਰਤੀ ਭਾਈਚਾਰੇ ਨੂੰ ਉਹਨਾਂ ਦੀਆਂ ਅਸਾਧਾਰਨ ਪ੍ਰਾਪਤੀਆਂ ਅਤੇ ਯੋਗਦਾਨ ਲਈ ਸਨਮਾਨਿਤ ਕਰੇਗੀ। ਇਸ ਤੋਂ ਇਲਾਵਾ ਦੋਵੇਂ ਆਗੂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਦਰਸਾਉਂਦੀਆਂ ਇੰਡੀਆ@75 ਡਾਕ ਟਿਕਟ ਵੀ ਜਾਰੀ ਕਰਨਗੇ।

PunjabKesari

ਪੁਸਤਕ ਰਿਲੀਜ਼ ਕਰਨਗੇ ਜੈਸ਼ੰਕਰ 

ਜੈਸ਼ੰਕਰ 'ਮੋਦੀ@20: Dreams Meet Delivery' ਕਿਤਾਬ ਵੀ ਰਿਲੀਜ਼ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦੇ ਸਿੱਖ ਭਾਈਚਾਰੇ ਪ੍ਰਤੀ ਵਿਸ਼ੇਸ਼ ਲਗਾਵ ਨੂੰ ਦਰਸਾਉਂਦੀ ਇੱਕ ਕਿਤਾਬ 'Heartfelt - The Legacy of Faith' ਵੀ ਰਿਲੀਜ਼ ਕਰਨਗੇ।

ਪੜ੍ਹੋ ਇਹ ਅਹਿਮ ਖ਼ਬਰ-Nobel Prize 2022: ਰਸਾਇਣ ਦੇ ਖੇਤਰ 'ਚ ਕੈਰੋਲਿਨ, ਮੋਰਟਨ ਅਤੇ ਬੈਰੀ ਨੂੰ ਮਿਲਿਆ ਸਨਮਾਨ


ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨਾਲ ਦੁਵੱਲੀ ਗੱਲਬਾਤ

ਜੈਸ਼ੰਕਰ ਆਕਲੈਂਡ 'ਚ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨੈਨਾ ਮਾਹੂਤਾ ਨਾਲ ਵੀ ਦੁਵੱਲੀ ਗੱਲਬਾਤ ਕਰਨਗੇ। ਇਸ ਦੌਰਾਨ ਦੋਹਾਂ ਦੇਸ਼ਾਂ ਦੇ ਸਬੰਧਾਂ ਦੇ ਪਹਿਲੂਆਂ 'ਤੇ ਚਰਚਾ ਕੀਤੀ ਜਾਵੇਗੀ। ਜੈਸ਼ੰਕਰ ਭਾਰਤੀ ਭਾਈਚਾਰੇ ਦੀ ਪਹਿਲੀ ਮੰਤਰੀ ਪ੍ਰਿਅੰਕਾ ਰਾਧਾਕ੍ਰਿਸ਼ਨਨ ਅਤੇ ਕਈ ਹੋਰ ਮੰਤਰੀਆਂ, ਸੰਸਦ ਮੈਂਬਰਾਂ, ਵਪਾਰਕ ਭਾਈਚਾਰੇ, ਭਾਰਤੀ ਭਾਈਚਾਰੇ ਦੇ ਲੋਕਾਂ ਅਤੇ ਭਾਰਤੀ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਨਗੇ। ਵੈਲਿੰਗਟਨ ਵਿੱਚ ਉਹ ਭਾਰਤੀ ਹਾਈ ਕਮਿਸ਼ਨ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨਗੇ।

ਜੈਸ਼ੰਕਰ ਦੂਜੀ ਵਾਰ ਆਸਟ੍ਰੇਲੀਆ ਦੌਰੇ 'ਤੇ

ਜੈਸ਼ੰਕਰ ਆਸਟ੍ਰੇਲੀਆ ਦੇ ਕੈਨਬਰਾ ਅਤੇ ਸਿਡਨੀ ਦੀ ਯਾਤਰਾ ਕਰਨਗੇ। ਜੈਸ਼ੰਕਰ ਦਾ ਇਸ ਸਾਲ ਆਸਟ੍ਰੇਲੀਆ ਦਾ ਇਹ ਦੂਜਾ ਦੌਰਾ ਹੈ। ਜੈਸ਼ੰਕਰ ਇਸ ਸਾਲ ਫਰਵਰੀ 'ਚ ਮੈਲਬੌਰਨ 'ਚ ਵਿਦੇਸ਼ ਮੰਤਰੀਆਂ ਦੇ ਕਵਾਡ ਗਰੁੱਪ ਦੀ ਬੈਠਕ 'ਚ ਸ਼ਾਮਲ ਹੋਏ ਸਨ। ਵਿਦੇਸ਼ ਮੰਤਰੀ ਆਪਣੇ ਹਮਰੁਤਬਾ ਪੇਨੀ ਵੋਂਗ ਦੇ ਨਾਲ 13ਵੀਂ ਵਿਦੇਸ਼ ਮੰਤਰੀਆਂ ਦੀ ਬੈਠਕ (ਐਫਐਮਐਫਡੀ) ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਹ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਨਾਲ ਵੀ ਮੁਲਾਕਾਤ ਕਰਨਗੇ।
 


author

Vandana

Content Editor

Related News