ਬਿਹਾਰ ’ਚ ਨਿਤੀਸ਼ ਮੰਤਰੀ ਮੰਡਲ ਦਾ ਵਿਸਥਾਰ, 21 ਨਵੇਂ ਮੰਤਰੀ ਸ਼ਾਮਲ

03/16/2024 10:08:55 AM

ਪਟਨਾ- ਭਾਜਪਾ-ਜਦਯੂ ਦੇ ਗਠਜੋੜ ਨਾਲ ਬਣੀ ਬਿਹਾਰ ਦੀ ਨਿਤੀਸ਼ ਸਰਕਾਰ ਨੇ ਕੈਬਨਿਟ ਦਾ ਵਿਸਥਾਰ ਕੀਤਾ ਹੈ। ਇਸ ਵਿਚ 21 ਨਵੇਂ ਮੰਤਰੀ ਸ਼ਾਮਲ ਕੀਤੇ ਗਏ। ਜਿਸ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 12 ਮੈਂਬਰਾਂ ਤੇ ਜਨਤਾ ਦਲ ਯੂਨਾਈਟਿਡ (ਜੇ. ਡੀ.-ਯੂ.) ਦੇ 9 ਮੈਂਬਰਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਥੇ ਰਾਜ ਭਵਨ ਵਿਚ ਇਕ ਸਾਦੇ ਸਮਾਗਮ ਵਿਚ ਰਾਜਪਾਲ ਰਾਜੇਂਦਰ ਆਰਲੇਕਰ ਨੇ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਰੇਣੂ ਦੇਵੀ ਸਮੇਤ ਇਨ੍ਹਾਂ ਆਗੂਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਮੁੱਖ ਮੰਤਰੀ ਨਿਤੀਸ਼ ਕੁਮਾਰ, ਡਿਪਟੀ ਸੀ. ਐੱਮ. ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ ਦੀ ਮੌਜੂਦਗੀ ਵਿਚ ਸਾਰੇ ਨਵੇਂ ਮੰਤਰੀਆਂ ਨੇ ਸਹੁੰ ਚੁੱਕੀ।

ਭਾਜਪਾ ਵੱਲੋਂ ਸਹੁੰ ਚੁੱਕਣ ਵਾਲੇ ਹੋਰ ਪ੍ਰਮੁੱਖ ਚਿਹਰਿਆਂ ਵਿਚ ਪਾਰਟੀ ਦੀ ਬਿਹਾਰ ਇਕਾਈ ਦੇ ਸਾਬਕਾ ਪ੍ਰਧਾਨ ਮੰਗਲ ਪਾਂਡੇ, ਨੀਰਜ ਕੁਮਾਰ ਸਿੰਘ, ਨਿਤੀਸ਼ ਮਿਸ਼ਰਾ, ਨਿਤਿਨ ਨਵੀਨ, ਦਲੀਪ ਕੁਮਾਰ ਜਾਇਸਵਾਲ ਅਤੇ ਜਨਕ ਰਾਮ ਸ਼ਾਮਲ ਹਨ। ਮੁੱਖ ਮੰਤਰੀ ਦੀ ਪਾਰਟੀ ਜਨਤਾ ਦਲ ਯੂਨਾਈਟਿਡ (ਜੇ. ਡੀ.-ਯੂ) ਤੋਂ  ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਪੁਰਾਣੇ ਪ੍ਰਮੁੱਖ ਚਿਹਰਿਆਂ ਵਿਚ ਮਹੇਸ਼ਵਰ ਹਜ਼ਾਰੀ, ਸ਼ੀਲਾ ਮੰਡਲ, ਸਾਬਕਾ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਸੁਨੀਲ ਕੁਮਾਰ, ਜਯੰਤ ਰਾਜ, ਜਮਾ ਖਾਨ, ਰਤਨੇਸ਼ ਸਦਾ ਸ਼ਾਮਲ ਹਨ। 

ਸਹੁੰ ਚੁੱਕ ਸਮਾਗਮ ਦੌਰਾਨ ਭਾਜਪਾ ਆਗੂਆਂ ਨੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਏ। ਭਾਜਪਾ ਦੇ ਕੋਟੇ ਤੋਂ ਮੰਤਰੀ ਬਣੇ ਨੀਰਜ ਸਿੰਘ ਬਬਲੂ ਨੇ ਸਹੁੰ ਚੁੱਕਣ ਮਗਰੋਂ ਸ਼੍ਰੀਰਾਮ ਦੇ ਜੈਕਾਰੇ ਲਾਏ। ਇਨ੍ਹਾਂ ਤੋਂ ਪਹਿਲਾਂ ਭਾਜਪਾ ਕੋਟੇ ਤੋਂ ਰੇਣੂ ਦੇਵੀ ਅਤੇ ਮੰਗਲ ਪਾਂਡੇ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉੱਥੇ ਹੀ ਜਦਯੂ ਕੋਟੇ ਤੋਂ ਅਸ਼ੋਕ ਚੌਧਰੀ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਹ ਮਹਾਗਠਜੋੜ ਸਰਕਾਰ ਵਿਚ ਵੀ ਮੰਤਰੀ ਸਨ। ਭਾਜਪਾ ਕੋਟੇ ਤੋਂ ਨਿਤੀਸ਼ ਮਿਸ਼ਰਾ ਅਤੇ ਹਰੀ ਸਾਹਨੀ ਨੇ ਮੈਥਿਲੀ ਭਾਸ਼ਾ ਵਿਚ ਸਹੁੰ ਚੁੱਕੀ।


Tanu

Content Editor

Related News