ਦਿੱਲੀ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ, ਕੇਜਰੀਵਾਲ ਸਰਕਾਰ ਸ਼ੁਰੂ ਕਰ ਰਹੀ ਹੈ ਵਿਸ਼ੇਸ਼ ''ਮਹਿਲਾ ਮੁਹੱਲਾ ਕਲੀਨਿਕ''
Wednesday, Nov 02, 2022 - 03:22 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਔਰਤਾਂ ਲਈ ਵਿਸ਼ੇਸ਼ ਮੁਹੱਲਾ ਕਲੀਨਿਕ ਸ਼ੁਰੂ ਕਰ ਰਹੀ ਹੈ, ਜਿੱਥੇ ਇਸਤਰੀ ਰੋਗ ਸੰਬੰਧੀ ਸੇਵਾਵਾਂ, ਜਾਂਚ ਅਤੇ ਦਵਾਈਆਂ ਮੁਫ਼ਤ ਉਪਲੱਬਧ ਹੋਣਗੀਆਂ। ਮੁਹੱਲਾ ਕਲੀਨਿਕ ਪ੍ਰਣਾਲੀ ਕੇਜਰੀਵਾਲ ਸਰਕਾਰ ਦੀਆਂ ਪ੍ਰਮੁੱਖ ਪਹਿਲਾਂ 'ਚੋਂ ਇਕ ਹੈ, ਜਿਸ ਦਾ ਮਕਸਦ ਦਿੱਲੀ 'ਚ ਸਿਹਤ ਪ੍ਰਣਾਲੀ ਨੂੰ ਉਤਸ਼ਾਹ ਦੇਣਾ ਹੈ। ਕੇਜਰੀਵਾਲ ਨੇ ਟਵੀਟ ਕੀਤਾ,''ਦਿੱਲੀ ਦੀਆਂ ਔਰਤਾਂ ਲਈ ਖ਼ੁਸ਼ਖਬਰੀ। ਬੁੱਧਵਾਰ ਤੋਂ ਦਿੱਲੀ ਦੀਆਂ ਭਰੋਸੇਯੋਗ ਸਿਹਤ ਸੇਵਾਵਾਂ 'ਚੋਂ ਇਕ ਹੋਰ ਨਵੀਂ ਪਹਿਲ ਹੋਣ ਜਾ ਰਹੀ ਹੈ। ਸਰਕਾਰ ਔਰਤਾਂ ਲਈ ਵਿਸ਼ੇਸ਼ 'ਮਹਿਲਾ ਮੁਹੱਲਾ ਕਲੀਨਿਕ' ਸ਼ੁਰੂ ਕਰਨ ਜਾ ਰਹੀ ਹੈ, ਜਿੱਥੇ ਇਸਤਰੀ ਰੋਗ ਮਾਹਿਰ ਦੀਆਂ ਸੇਵਾਵਾਂ, ਜਾਂਚ ਅਤੇ ਦਵਾਈਆਂ ਮੁਫ਼ਤ ਉਪਲੱਬਧ ਹੋਣਗੀਆਂ।''
ਇਸ ਨਵੀਂ ਪਹਿਲ ਬਾਰੇ ਵੱਧ ਜਾਣਕਾਰੀ ਦਾ ਇੰਤਜ਼ਾਰ ਹੈ। ਦਿੱਲੀ ਸਰਕਾਰ ਵਲੋਂ 25 ਮਾਰਚ ਨੂੰ ਵਿਧਾਨ ਸਭਾ 'ਚ ਪੇਸ਼ ਆਊਟਕਮ ਬਜਟ ਅਨੁਸਾਰ, ਕੇਜਰੀਵਾਲ ਸਰਕਾਰ ਦਾ ਟੀਚਾ 1000 ਆਮ ਆਦਮੀ ਮੁਹੱਲਾ ਕਲੀਨਿਕ (ਏ.ਏ.ਐੱਮ.ਸੀ.) ਖੋਲ੍ਹਣ ਦਾ ਹੈ, ਜਿਨ੍ਹਾਂ 'ਚੋਂ 520 ਏ.ਏ.ਐੱਮ.ਸੀ. 31 ਦਸੰਬਰ 2021 ਤੱਕ ਰਾਸ਼ਟਰੀ ਰਾਜਧਾਨੀ 'ਚ ਸੰਚਾਲਨ 'ਚ ਸਨ। ਬਜਟ 'ਚ ਕਿਹਾ ਗਿਆ ਸੀ ਕਿ ਹਰੇਕ ਏ.ਏ.ਐੱਮ.ਸੀ. ਰੋਜ਼ਾਨਾ ਔਸਤਨ 116 ਮਰੀਜ਼ਾਂ ਦਾ ਇਲਾਜ ਕਰਦਾ ਹੈ। ਇਸ ਲਿਹਾਜ ਨਾਲ ਪੂਰੀ ਦਿੱਲੀ 'ਚ ਏ.ਏ.ਐੱਮ.ਸੀ. 'ਚ ਹਰ ਦਿਨ 60 ਹਜ਼ਾਰ ਤੋਂ ਵੱਧ ਰੋਗੀਆਂ ਦਾ ਇਲਾਜ ਹੁੰਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ