ਸਾਬਕਾ ਭਾਜਪਾ ਵਿਧਾਇਕ ਨੇ ਕਥਾਵਾਚਕਾਂ ਲਈ ਵਰਤੀ ਭੱਦੀ ਸ਼ਬਦਾਵਲੀ ! ਕਿਹਾ- ''''ਜੁੱਤੀਆਂ ਦਾ ਹਾਰ ਪੁਆ ਕੇ...''''
Tuesday, Jan 20, 2026 - 04:18 PM (IST)
ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਚੰਦਲਾ ਤੋਂ ਸਾਬਕਾ ਵਿਧਾਇਕ ਆਰ. ਡੀ. ਪ੍ਰਜਾਪਤੀ ਵੱਲੋਂ ਔਰਤਾਂ ਅਤੇ ਦੇਸ਼ ਦੇ ਪ੍ਰਸਿੱਧ ਕਥਾਵਾਚਕਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਭਾਜਪਾ ਵਿਧਾਇਕ ਨੇ ਮੰਚ ਤੋਂ ਭਾਸ਼ਣ ਦਿੰਦੇ ਸਮੇਂ ਆਪਣਾ ਆਪਾ ਗੁਆ ਦਿੱਤਾ ਅਤੇ ਗੱਲ ਰੱਖਦੇ ਸਮੇਂ ਬੇਹੱਦ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ।
ਉਨ੍ਹਾਂ ਨੇ ਆਪਣੇ ਭਾਸ਼ਣ ’ਚ ਅਨਿਰੁੱਧਾਚਾਰੀਆ, ਰਾਮਭਦਰਾਚਾਰੀਆ ਵਰਗੇ ਸੰਤਾਂ ’ਤੇ ਵਿਵਾਦਿਤ ਬਿਆਨਬਾਜ਼ੀ ਕੀਤੀ। ਵੀਡੀਓ ਸਾਹਮਣੇ ਆਈ ਤਾਂ ਇਕ ਵਾਰ ਫਿਰ ਮੱਧ ਪ੍ਰਦੇਸ਼ ਦੀ ਸਿਆਸਤ ਗਰਮਾ ਗਈ, ਜਿਸ ਦੀ ਨਿੰਦਾ ਭਾਜਪਾ ਅਤੇ ਕਾਂਗਰਸ ਦੋਵਾਂ ਹੀ ਖੇਮਿਆਂ ਵੱਲੋਂ ਕੀਤੀ ਜਾ ਰਹੀ ਹੈ।
ਭੋਪਾਲ ’ਚ ਇਕ ਪ੍ਰੋਗਰਾਮ ਦੌਰਾਨ ਪ੍ਰਜਾਪਤੀ ਨੇ ਪੰਜ ਕਥਾਵਾਚਕਾਂ ਦਾ ਨਾਂ ਲੈ ਕੇ ਕਿਹਾ- “ਅੱਜ ਧੀਆਂ-ਭੈਣਾਂ ਦੀ ਜੋ ਇੱਜ਼ਤ ਲੁੱਟੀ ਜਾ ਰਹੀ ਹੈ, ਉਸ ਦੇ ਦੋਸ਼ੀ ਪੰਜ ਬਾਬਾ ਹਨ। ਦੇਸ਼ ’ਚ ਜੋ 5 ਬਾਬਾ ਹਨ, ਉਹ ਕਰੋੜਾਂ ਦੀ ਭੀੜ ’ਚ ਧੀਆਂ-ਭੈਣਾਂ ਨੂੰ ਗਾਲ੍ਹਾਂ ਕੱਢਦੇ ਹਨ।”
ਇਸ ਤੋਂ ਬਾਅਦ ਪ੍ਰਜਾਪਤੀ ਨੇ ਇਕ-ਇਕ ਕਰ ਕੇ ਕਥਾਵਾਚਕਾਂ ਵੱਲੋਂ ਕਹੀਆਂ ਗਈਆਂ ਗੱਲਾਂ ਦਾ ਜ਼ਿਕਰ ਬੇਹੱਦ ਘਟੀਆ ਸ਼ਬਦਾਂ ’ਚ ਕੀਤਾ। ਉਨ੍ਹਾਂ ਕਿਹਾ, ‘‘ਇਹ ਕਰੋੜਾਂ ਦੀ ਭੀੜ ’ਚ ਕਹਿੰਦੇ ਹਨ- ਹੁਣ ਧੀਆਂ-ਭੈਣਾਂ ਤਾਂ ਪਲਾਟ ਹੋ ਗਈਆਂ ਹਨ।’’
ਇਕ ਬਾਬਾ ਲਾਲੀ ਲਾ ਕੇ ਕਹਿੰਦਾ ਹੈ ਕਿ ਸਾਡੀਆਂ ਧੀਆਂ-ਭੈਣਾਂ 25 ਸਾਲ ਦੀਆਂ ਹੋਣ ’ਤੇ 10 ਥਾਈਂ ਮੂੰਹ ਮਾਰ ਕੇ ਆਉਂਦੀਆਂ ਹਨ। ਉਨ੍ਹਾਂ ’ਤੇ ਕਾਰਵਾਈ ਕਿਉਂ ਨਹੀਂ? ਉਨ੍ਹਾਂ ਨੂੰ ਜੁੱਤੀਆਂ ਦਾ ਹਾਰ ਪਹਿਨਾ ਕੇ ਨੰਗਾ ਘੁਮਾਇਆ ਜਾਵੇ।
