ਈ.ਵੀ.ਐੱਮ. ਪੂਰੀ ਤਰ੍ਹਾਂ ਸੁਰੱਖਿਅਤ ਹਨ : ਚੋਣ ਕਮਿਸ਼ਨ

Tuesday, May 21, 2019 - 02:37 PM (IST)

ਈ.ਵੀ.ਐੱਮ. ਪੂਰੀ ਤਰ੍ਹਾਂ ਸੁਰੱਖਿਅਤ ਹਨ : ਚੋਣ ਕਮਿਸ਼ਨ

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਕੁਝ ਥਾਂਵਾਂ 'ਤੇ ਈ.ਵੀ.ਐੱਮ. ਦੀ ਹੇਰਾਫੇਰੀ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਗਲਤ ਦੱਸਦੇ ਹੋਏ ਕਿਹਾ ਕਿ ਈ.ਵੀ.ਐੱਮ. ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਸ ਦੀ ਸੁਰੱਖਿਆ ਵਿਵਸਥਾ ਹੋਰ ਸਖਤ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸੋਮਵਾਰ ਤੋਂ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਹਾਂ ਰਾਜਾਂ ਦੇ ਕੁਝ ਸਥਾਨਾਂ 'ਤੇ ਈ.ਵੀ.ਐੱਮ. ਨੂੰ ਬਦਲਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਇਨ੍ਹਾਂ ਰਿਪੋਰਟਾਂ ਨੂੰ ਧਿਆਨ 'ਚ ਰੱਖਦੇ ਹੋਏ ਚੋਣ ਕਮਿਸ਼ਨ ਨੇ ਇਹ ਸਪੱਸ਼ਟੀਕਰਨ ਦਿੱਤਾ ਹੈ। ਕਮਿਸ਼ਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਮਿਸ਼ਨ ਦੇ ਸੰਬੰਧਤ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼ ਦੇ ਗਾਜੀਪੁਰ, ਡੁਮਰੀਆਗੰਜ, ਝਾਂਸੀ ਅਤੇ ਚੰਦੌਲੀ ਅਤੇ ਬਿਹਾਰ ਦੇ ਸਾਰਨ 'ਚ ਈ.ਵੀ.ਐੱਮ. ਦੀ ਹੇਰਾਫੇਰੀ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਉਹ ਸਟਰਾਂਗ ਰੂਮ 'ਚ ਪੂਰੀ ਤਰ੍ਹਾਂ ਸੁਰੱਖਿਅਤ ਹਨ। 

ਸੂਤਰਾਂ ਦਾ ਕਹਿਣਾ ਹੈ ਕਿ ਗਾਜੀਪੁਰ, ਜੁਮਰੀਆਗੰਜ, ਝਾਂਸੀ ਅਤੇ ਚੰਦੌਲੀ ਦੇ ਰਿਟਰਨਿੰਗ ਅਫ਼ਸਰਾਂ ਨੇ ਈ.ਵੀ.ਐੱਮ. ਨੂੰ ਸੁਰੱਖਿਅਤ ਰੱਖੇ ਜਾਣ ਬਾਰੇ ਆਪਣੀ ਰਿਪੋਰਟ ਰਾਜ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਬਾਹਰੋਂ ਕਿਸੇ ਵੀ ਈ.ਵੀ.ਐੱਮ. ਨੂੰ ਨਾ ਤਾਂ ਸਟਰਾਂਗ ਰੂਮ 'ਚ ਲਿਆਂਦਾ ਗਿਆ ਹੈ ਅਤੇ ਨਾ ਹੀ ਸਟਰਾਂਗ ਰੂਮ 'ਚੋਂ ਕਿਸੇ ਵੀ ਈ.ਵੀ.ਐੱਮ. ਨੂੰ ਬਾਹਰ ਲਿਜਾਇਆ ਗਿਆ ਹੈ। ਇਸ ਤਰ੍ਹਾਂ ਨਾਲ ਕਿਸੇ ਵੀ ਈ.ਵੀ.ਐੱਮ. ਦੀ ਹੇਰਾਫੇਰੀ ਨਹੀਂ ਕੀਤੀ ਗਈ ਹੈ।

ਬਿਹਾਰ ਦੇ ਸਾਰਨ 'ਚ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਬਾਰੇ ਕਮਿਸ਼ਨ ਦਾ ਕਹਿਣਾ ਹੈ ਕਿ ਉੱਥੋਂ ਦੇ ਸਾਰੇ ਸਿਆਸੀ ਦਲਾਂ ਦੇ ਏਜੰਟਾਂ ਨੇ ਈ.ਵੀ.ਐੱਮ. ਦੀ ਸੁਰੱਖਿਆ 'ਤੇ ਲਿਖਤੀ ਰੂਪ ਨਾਲ ਸੰਤੋਸ਼ ਜ਼ਾਹਰ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉੱਥੇ ਵੀ ਈ.ਵੀ.ਐੱਮ. ਨੂੰ ਲੈ ਕੇ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਹੋਈ ਹੈ। ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਹਨ, ਜਿਸ 'ਚ ਦਿਖਾਇਆ ਗਿਆ ਹੈ ਕਿ ਕੋਈ ਵਿਅਕਤੀ ਈ.ਵੀ.ਐੱਮ. ਨੂੰ ਕਿਤੇ ਬਾਹਰ ਰੱਖ ਰਿਹਾ ਹੈ ਤਾਂ ਕੋਈ ਈ.ਵੀ.ਐੱਮ. ਨਾਲ ਭਰੀ ਗੱਡੀ ਸਟਰਾਂਗ ਰੂਮ ਦੇ ਆਲੇ-ਦੁਆਲੇ ਨਜ਼ਰ ਆ ਰਹੀ ਹੈ। ਵਿਰੋਧੀ ਪਾਰਟੀਆਂ ਦੇ ਵਰਕਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਗੱਡੀ ਸਟਰਾਂਗ ਰੂਮ 'ਚ ਆਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਨੂੰ ਅਸੀਂ ਫੜ ਲਿਆ ਹੈ।


author

DIsha

Content Editor

Related News