ਮਸਕ ਦੇ EVM ਨੂੰ ਲੈ ਕੇ ਦਿੱਤੇ ਬਿਆਨ 'ਤੇ ਬੋਲੇ ਰਾਹੁਲ- 'ਭਾਰਤ ’ਚ ਇਹ ‘ਬਲੈਕ ਬਾਕਸ’, ਜਾਂਚ ਦੀ ਇਜਾਜ਼ਤ ਵੀ ਨਹੀਂ'
Monday, Jun 17, 2024 - 01:01 AM (IST)
ਨੈਸ਼ਨਲ ਡੈਸਕ- ਭਾਵੇਂ ਦੇਸ਼ ’ਚ ਚੋਣ ਪ੍ਰਕਿਰਿਆ ਦੌਰਾਨ ਅਪ੍ਰੈਲ ਮਹੀਨੇ ’ਚ ਸੁਪਰੀਮ ਕੋਰਟ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਨੂੰ ਲੈ ਕੇ ਚੋਣ ਕਮਿਸ਼ਨ ਨੂੰ ਕੁਝ ਨਵੀਆਂ ਪ੍ਰਕਿਰਿਆਵਾਂ ਅਪਨਾਉਣ ਦੇ ਹੁਕਮ ਦਿੱਤੇ ਹੋਣ ਪਰ ਇਹ ਮੁੱਦਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ।
ਦੇਸ਼ ’ਚ ਚੋਣਾਂ ਤੋਂ ਬਾਅਦ ਐੱਨ. ਡੀ. ਏ. ਦੀ ਸਰਕਾਰ ਬਣ ਚੁੱਕੀ ਹੈ, ਇਸ ਦਰਮਿਆਨ ਹੁਣ ਸਪੇਸਐਕਸ ਅਤੇ ਟੈਸਲਾ ਦੇ ਸੀ. ਈ. ਓ. ਐਲਨ ਮਸਕ ਨੇ ਈ. ਵੀ. ਐੱਮ. ਦੀ ਚੋਣਾਂ ’ਚ ਜ਼ਰੂਰਤ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ।
ਸੋਸ਼ਲ ਮੀਡੀਆ ’ਤੇ ਉਨ੍ਹਾਂ ਦਾ ਬਿਆਨ ਆਉਂਦਿਆਂ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਲਨ ਮਸਕ ਦੀ ਇਕ ਪੋਸਟ ਨੂੰ ਰੀ-ਪੋਸਟ ਕੀਤਾ ਅਤੇ ਇਕ ਅੰਗਰੇਜ਼ੀ ਅਖਬਾਰ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਭਾਰਤ ’ਚ ਈ. ਵੀ. ਐੱਮ. ਇਕ ‘ਬਲੈਕ ਬਾਕਸ’ ਹੈ, ਅਤੇ ਕਿਸੇ ਨੂੰ ਵੀ ਉਸ ਦੀ ਜਾਂਚ ਕਰਨ ਦੀ ਇਜਾਜ਼ਤ ਨਹੀਂ ਹੈ। ਸਾਡੀ ਚੋਣ ਪ੍ਰਕਿਰਿਆ ’ਚ ਪਾਰਦਰਸ਼ਿਤਾ ਨੂੰ ਲੈ ਕੇ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਜਦੋਂ ਸੰਸਥਾਵਾਂ ’ਚ ਜਵਾਬਦੇਹੀ ਦੀ ਕਮੀ ਹੁੰਦੀ ਹੈ, ਤਾਂ ਲੋਕਤੰਤਰ ਦਿਖਾਵਾ ਬਣ ਜਾਂਦਾ ਹੈ ਅਤੇ ਧੋਖਾਦੇਹੀ ਦਾ ਖਦਸ਼ਾ ਵਧ ਜਾਂਦਾ ਹੈ।
ਅਖਿਲੇਸ਼ ਯਾਦਵ ਨੇ ਵੀ ਦਿੱਤਾ ਤਰਕ
ਉੱਥੇ ਹੀ, ਸਪਾ ਸੁਪਰੀਮੋ ਅਖਿਲੇਸ਼ ਯਾਦਵ ਨੇ ਵੀ ਇਸ ਘਟਨਾ ’ਤੇ ਪੋਸਟ ਕਰਦੇ ਹੋਏ ਕਿਹਾ ਹੈ ਕਿ ਟੈਕਨਾਲੋਜੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਹੁੰਦੀ ਹੈ, ਜੇ ਉਹੀ ਮੁਸ਼ਕਿਲਾਂ ਦੀ ਵਜ੍ਹਾ ਬਣ ਜਾਵੇ, ਤਾਂ ਉਸ ਦਾ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਦੁਨੀਆ ਦੀਆਂ ਕਈ ਚੋਣਾਂ ’ਚ ਈ. ਵੀ. ਐੱਮ. ਨੂੰ ਲੈ ਕੇ ਗੜਬੜੀ ਦੇ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਹਨ ਅਤੇ ਦੁਨੀਆ ਦੇ ਪ੍ਰਸਿੱਧ ਟੈਕਨਾਲੋਜੀ ਐਕਸਪਰਟਸ ਈ. ਵੀ. ਐੱਮ. ’ਚ ਹੇਰਾਫੇਰੀ ਦੇ ਖ਼ਤਰੇ ਵੱਲ ਖੁਲ੍ਹੇਆਮ ਲਿਖ ਰਹੇ ਹਨ, ਤਾਂ ਫਿਰ ਈ. ਵੀ. ਐੱਮ. ਦੀ ਵਰਤੋਂ ਦੀ ਜ਼ਿੱਦ ਪਿੱਛੇ ਦੀ ਵਜ੍ਹਾ ਕੀ ਹੈ, ਇਹ ਗੱਲ ਭਾਜਪਾਈ ਸਾਫ਼ ਕਰਨ। ਅਗਲੀਆਂ ਸਾਰੀਆਂ ਚੋਣਾਂ ਬੈਲੇਟ ਪੇਪਰ ਰਾਹੀਂ ਕਰਾਉਣ ਦੀ ਆਪਣੀ ਮੰਗ ਨੂੰ ਅਸੀ ਫਿਰ ਦੋਹਰਾਉਂਦੇ ਹਨ।
ਮਸ਼ੀਨ ਨੂੰ ਏ. ਆਈ. ਅਤੇ ਇਨਸਾਨ ਵੱਲੋਂ ਕੀਤਾ ਜਾ ਸਕਦੈ ਹੈਕ
ਮਸਕ ਨੇ ਕਿਹਾ ਸੋਸ਼ਲ ਮੀਡੀਆ ’ਤੇ ਇਕ ਪੋਸਟ ਰਾਹੀਂ ਇਨ੍ਹਾਂ ਮਸ਼ੀਨਾਂ ਨੂੰ ਇਨਸਾਨਾਂ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਵੱਲੋਂ ਹੈਕ ਕੀਤਾ ਜਾ ਸਕਦਾ ਹੈ। ਐਕਸ ’ਤੇ ਪੋਸਟ ਕਰਦੇ ਹੋਏ ਉਨ੍ਹਾਂ ਕਿਹਾ ਹੈ ਕਿ ਸਾਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਨਸਾਨਾਂ ਜਾਂ ਏ. ਆਈ. ਵੱਲੋਂ ਹੈਕ ਕੀਤੇ ਜਾਣ ਦਾ ਖਤਰਾ ਹਾਲਾਂਕਿ ਛੋਟਾ ਹੈ, ਫਿਰ ਵੀ ਬਹੁਤ ਜ਼ਿਆਦਾ ਹੈ।
ਉਨ੍ਹਾਂ ਇਹ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਰਾਬਰਟ ਐੱਫ. ਕੈਨੇਡੀ ਜੂਨੀਅਰ ਦੀ ਇਕ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ। ਰਾਬਰਟ ਨੇ ਸ਼ੁਰੂਆਤ ’ਚ ਪਿਊਰਟੋ ਰਿਕੋ ’ਚ ਚੋਣਾਂ ਦੌਰਾਨ ਈ. ਵੀ. ਐੱਮ. ਦੀਆਂ ਖਾਮੀਆਂ ਬਾਰੇ ਲਿਖਿਆ ਸੀ।
ਰਾਬਰਟ ਐੱਫ. ਕੈਨੇਡੀ ਜੂਨੀਅਰ ਦੀ ਪੋਸਟ ਤੋਂ ਉਠਿਆ ਹੈ ਇਹ ਮੁੱਦਾ
ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਰਾਬਰਟ ਐੱਫ. ਕੈਨੇਡੀ ਜੂਨੀਅਰ ਨੇ ਐਸੋਸੀਏਟਿਡ ਪ੍ਰੈੱਸ ਦਾ ਹਵਾਲਾ ਦਿੰਦੇ ਹੋਏ ਆਪਣੀ ਮੂਲ ਪੋਸਟ ’ਚ ਕਿਹਾ ਕਿ ਪਿਊਰਤੋ ਰਿਕੋ ਦੀਆਂ ਪ੍ਰਾਇਮਰੀ ਚੋਣਾਂ ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਸਬੰਧਤ ਸੈਂਕੜੇ ਵੋਟਿੰਗ ਬੇਨਿਯਮੀਆਂ ਦਾ ਖੁਲਾਸਾ ਹੋਇਆ ਹੈ।
ਖੁਸ਼ਕਿਸਮਤੀ ਨਾਲ ਇਕ ਪੇਪਰ ਟ੍ਰੇਲ ਸੀ, ਇਸ ਲਈ ਸਮੱਸਿਆ ਦੀ ਪਛਾਣ ਹੋ ਗਈ ਅਤੇ ਵੋਟਾਂ ਦੀ ਗਿਣਤੀ ਨੂੰ ਠੀਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਅਧਿਕਾਰ ਖੇਤਰਾਂ ’ਚ ਕੀ ਹੋਵੇਗਾ ਜਿੱਥੇ ਪੇਪਰ ਟ੍ਰੇਲ ਨਹੀਂ ਹੈ?
ਅਮਰੀਕੀ ਨਾਗਰਿਕਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਹਰ ਵੋਟ ਦੀ ਗਿਣਤੀ ਹੁੰਦੀ ਹੈ ਤੇ ਉਨ੍ਹਾਂ ਦੀਆਂ ਵੋਟਾਂ ਨੂੰ ਹੈਕ ਨਹੀਂ ਕੀਤਾ ਜਾ ਸਕਦਾ। ਚੋਣਾਂ ’ਚ ਇਲੈਕਟ੍ਰਾਨਿਕ ਦਖਲ ਤੋਂ ਬਚਣ ਲਈ ਸਾਨੂੰ ਬੈਲਟ ਪੇਪਰ ਵੱਲ ਵਾਪਸ ਆਉਣ ਦੀ ਲੋੜ ਹੈ।
ਮੁੰਬਈ ਉੱਤਰੀ-ਪੱਛਮੀ ਲੋਕ ਸਭਾ ਸੀਟ ’ਤੇ ਹੈਕਿੰਗ ਦੇ ਸ਼ੱਕ ਹੇਠ ਐੱਫ. ਆਈ. ਆਰ.
ਮੁੰਬਈ ਉੱਤਰੀ-ਪੱਛਮੀ ਉਹ ਸੀਟ ਹੈ ਜਿੱਥੋਂ ਸ਼ਿੰਦੇ ਧੜੇ ਦੇ ਰਵਿੰਦਰ ਵਾਇਕਰ ਨੇ ਲੋਕ ਸਭਾ ਦੀ ਚੋਣ ਸਿਰਫ਼ 48 ਵੋਟਾਂ ਦੇ ਫਰਕ ਨਾਲ ਜਿੱਤੀ ਹੈ। ਇੱਥੇ ਈ. ਵੀ. ਐੱਮ. ਹੈਕਿੰਗ ਮਾਮਲੇ ’ਚ ਮੁੰਬਈ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਹੈ। ਇਸ ’ਚ ਰਵਿੰਦਰ ਵਾਇਕਰ ਦੇ ਰਿਸ਼ਤੇਦਾਰ ਮੰਗੇਸ਼ ਪੰਡੀਲਕਰ ਤੇ ਚੋਣ ਕਮਿਸ਼ਨ ਦੇ ਇਕ ਕਰਮਚਾਰੀ ਦਾ ਨਾਂ ਵੀ ਸ਼ਾਮਲ ਹੈ।
ਚੋਣ ਕੇਂਦਰ ’ਚ ਮੋਬਾਈਲ ਦੀ ਵਰਤੋਂ ਕਰਨ ਦਾ ਦੋਸ਼
ਮੁੰਬਈ ਪੁਲਸ ਨੇ ਸ਼ਿਵ ਸੈਨਾ ਦੇ ਸ਼ਿੰਦੇ ਧੜੇ ਦੇ ਸੰਸਦ ਮੈਂਬਰ ਰਵਿੰਦਰ ਵਾਇਕਰ ਦੇ ਸਾਲੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮੁੰਬਈ ਪੁਲਸ ਨੇ ਇਹ ਐੱਫ. ਆਈ. ਆਰ. ਲੋਕ ਸਭਾ ਦੀਆਂ ਚੋਣਾਂ ਪਿੱਛੋਂ ਵੋਟਾਂ ਦੀ ਗਿਣਤੀ ਵਾਲੇ ਦਿਨ ਗੋਰੇਗਾਂਵ ਚੋਣ ਕੇਂਦਰ ਅੰਦਰ ਪਾਬੰਦੀ ਦੇ ਬਾਵਜੂਦ ਉਸ ਵਲੋਂ ਮੋਬਾਈਲ ਫੋਨ ਲਿਜਾਣ ਦੇ ਦੋਸ਼ ਹੇਠ ਦਰਜ ਕੀਤੀ ਗਈ ਹੈ।
ਇਸ ਦੇ ਨਾਲ ਹੀ ਪੁਲਸ ਨੇ ਪੰਡੀਲਕਰ ਨੂੰ ਮੋਬਾਈਲ ਫ਼ੋਨ ਦੇਣ ਦੇ ਦੋਸ਼ ਹੇਠ ਚੋਣ ਕਮਿਸ਼ਨ ਦੇ ਇਕ ਕਰਮਚਾਰੀ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ। ਸਾਰੀਆਂ ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ’ਤੇ ਸਵਾਲ ਉਠਾਏ ਹਨ ਤੇ ਜਵਾਬ ਮੰਗਿਆ ਹੈ।
ਉੱਤਰੀ- ਪੱਛਮੀ ਸੀਟ ਤੋਂ ਮੁੜ ਗਿਣਤੀ ’ਚ ਉਮੀਦਵਾਰ 48 ਵੋਟਾਂ ਨਾਲ ਜਿੱਤਿਆ
ਅਸਲ ’ਚ ਮੁੰਬਈ ਪੁਲਸ ਨੂੰ ਉੱਤਰੀ-ਪੱਛਮੀ ਸੀਟ ਤੋਂ ਚੋਣ ਲੜ ਰਹੇ ਕਈ ਉਮੀਦਵਾਰਾਂ ਅਤੇ ਨਾਲ ਹੀ ਚੋਣ ਕਮਿਸ਼ਨ ਤੋਂ ਵੀ ਸ਼ਿਕਾਇਤਾਂ ਮਿਲੀਆਂ ਸਨ, ਜਿਸ ਦੇ ਆਧਾਰ ’ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਰਵਿੰਦਰ ਵਾਇਕਰ ਨੇ ਉੱਤਰੀ ਪੱਛਮੀ ਸੀਟ ਤੋਂ ਮੁੜ ਗਿਣਤੀ ਪਿੱਛੋਂ ਸਿਰਫ 48 ਵੋਟਾਂ ਨਾਲ ਚੋਣ ਜਿੱਤੀ। ਇਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ।
ਸੂਤਰਾਂ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਦੇ ਅਧਿਕਾਰੀ ਗੌਰਵ ਕੋਲ ਇਕ ਮੋਬਾਈਲ ਫੋਨ ਸੀ, ਜਿਸ ਰਾਹੀਂ ਵੋਟਾਂ ਦੀ ਗਿਣਤੀ ਦੌਰਾਨ ਓ. ਟੀ. ਪੀ. ਜੈਨਰੇਟ ਹੁੰਦਾ ਹੈ।
ਇਸ ਫੋਨ ਦੀ ਵਰਤੋਂ ਸੰਸਦ ਮੈਂਬਰ ਦੇ ਰਿਸ਼ਤੇਦਾਰ ਪੰਡੀਲਕਰ ਕਰ ਰਹੇ ਸਨ। ਪੁਲਸ ਨੂੰ ਸ਼ੱਕ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ 4.30 ਵਜੇ ਤੱਕ ਫ਼ੋਨਾਂ ਦੀ ਵਰਤੋਂ ਕੀਤੀ ਗਈ। ਉਦੋਂ ਜ਼ੋਰਦਾਰ ਟੱਕਰ ਚੱਲ ਰਹੀ ਸੀ।
ਚੋਣ ਕਮਿਸ਼ਨ ਕੋਲ ਸਾਰੇ ਸੀ. ਸੀ. ਟੀ. ਵੀ. ਫੁਟੇਜ ਹਨ, ਜੋ ਹੁਣ ਮੁੰਬਈ ਪੁਲਸ ਨੂੰ ਦੇ ਦਿੱਤੇ ਗਏ ਹਨ। ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੰਬਈ ਪੁਲਸ ਨੇ ਜਾਂਚ ਲਈ ਤਿੰਨ ਟੀਮਾਂ ਬਣਾਈਆਂ ਹਨ।
ਪੁਲਸ ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਈ ਗਈ ਫੁਟੇਜ ਦੀ ਜਾਂਚ ਕਰੇਗੀ। ਇਹ ਜਾਂਚ ’ਚ ਅਹਿਮ ਭੂਮਿਕਾ ਨਿਭਾਏਗੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਪੁਲਸ ਨੇ ਫ਼ੋਨ ਦੀ ਸੀ. ਡੀ. ਆਰ. ਲੈ ਲਈ ਹੈ । ਉਹ ਮੋਬਾਈਲ ਨੰਬਰ ਬਾਰੇ ਸਾਰੀ ਜਾਣਕਾਰੀ ਇਕੱਠੀ ਕਰ ਰਹੀ ਹੈ। ਫੋਨ ਜ਼ਬਤ ਕਰ ਲਿਆ ਗਿਆ ਹੈ।