ਬੱਦਲ ਫਟਣ ਦੀ ਘਟਨਾ ਤੋਂ ਬਾਅਦ ਵੀ ਸ਼ਰਧਾਲੂਆਂ ਦਾ ਉਤਸ਼ਾਹ ਬਰਕਰਾਰ, ਬੋਲੇ- ਅਸੀਂ ਦਰਸ਼ਨ ਕਰਨ ਆਏ ਹਾਂ, ਕਰ ਕੇ ਹੀ ਮੁੜਾਂਗੇ
Sunday, Jul 10, 2022 - 12:31 PM (IST)
ਜੰਮੂ- ਅਮਰਨਾਥ ਗੁਫਾ ਨੇੜੇ ਬੱਦਲ ਫਟਣ ਦੀ ਘਟਨਾ ਦੇ ਬਾਵਜੂਦ ਬੇਸ ਕੈਂਪਾਂ ਵਿਚ ਟਿਕੇ ਬਾਬਾ ਬਰਫਾਨੀ ਦੇ ਭਗਤਾਂ ਦਾ ਹੌਂਸਲਾ ਡੋਲਿਆ ਨਹੀਂ ਹੈ। ਹਾਲਾਂਕਿ ਹਾਦਸੇ ਦੀ ਭਿਆਨਕਤਾ ਨੇ ਉਨ੍ਹਾਂ ਨੂੰ ਅੰਦਰ ਤਕ ਝਿੰਜੋੜ ਕੇ ਰੱਖ ਦਿੱਤਾ ਹੈ। ਇਸ ਦੇ ਬਾਵਜੂਦ ਉਨ੍ਹਾਂ ਦਾ ਭਰੋਸਾ ਕਾਇਮ ਹੈ। ਉਹ ਕਹਿੰਦੇ ਹਨ ਕਿ ਬਾਬਾ ਨੇ ਤਾਂ ਇੰਨੀ ਦੂਰੋਂ ਬੁਲਾਇਆ ਹੈ, ਤਾਂ ਹੁਣ ਦਰਸ਼ਨ ਵੀ ਕਰਵਾਉਣਗੇ। ਮਹਾਰਾਸ਼ਟਰ ਦੇ ਪੁਣੇ ਤੋਂ ਆਏ ਗਣੇਸ਼ ਨੇ ਕਿਹਾ ਕਿ ਹਾਦਸੇ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਬਾਬਾ ਸਭ ਠੀਕ ਕਰਨਗੇ। ਕੋਈ ਵੀ ਹਾਦਸਾ ਸਾਡੇ ਮਨੋਬਲ ਨੂੰ ਕਮਜ਼ੋਰ ਨਹੀਂ ਕਰ ਸਕਦਾ। ਅਸੀਂ ਦਰਸ਼ਨ ਕਰਨ ਆਏ ਹਾਂ ਤੇ ਬਾਬਾ ਦੇ ਦਰਸ਼ਨ ਕਰ ਕੇ ਹੀ ਜਾਵਾਂਗੇ। ਭੰਡਾਰੇ ਦਾ ਆਯੋਜਨ ਕਰਨ ਵਾਲੀ ਟੀਮ ਦੇ ਮੈਂਬਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਮੈਂ ਗੁਫਾ ਤੋਂ ਹੇਠਾਂ ਆ ਗਿਆ ਸੀ। ਹਾਦਸੇ ਤੋਂ ਬਾਅਦ ਮੇਰਾ ਦਿਲ ਬਹੁਤ ਦੁਖੀ ਹੈ। ਭੋਲੇਨਾਥ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।
ਨੋਇਡਾ ਤੋਂ ਆਏ ਰਿਤੇਸ਼ ਦਾ ਕਹਿਣਾ ਹੈ ਕਿ ਸਾਨੂੰ ਭੋਲੇ ਬਾਬਾ ਨੇ ਬੁਲਾਇਆ ਹੈ। ਉਨ੍ਹਾਂ ਦੇ ਦਰ ’ਤੇ ਸਿਰ ਝੁਕਾਏ ਬਿਨਾਂ ਵਾਪਸ ਨਹੀਂ ਮੁੜਾਂਗੇ। ਸੁਰੱਖਿਆ ਬਲ ਅਤੇ ਸਰਕਾਰੀ ਮਸ਼ੀਨਰੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਰਹੇ ਹਨ ਅਤੇ ਨੁਕਸਾਨੀ ਗਈ ਸੜਕ ਦੀ ਮੁਰੰਮਤ ਕਰ ਰਹੇ ਹਨ। ਓਡੀਸ਼ਾ ਤੋਂ ਆਏ ਸੁਰਿੰਦਰ ਦੱਸਦੇ ਹਨ ਕਿ ਹਾਦਸੇ ਤੋਂ ਇਕ ਮਿੰਟ ਪਹਿਲਾਂ ਹੀ ਮੈਂ ਉਥੋਂ ਨਿਕਲਿਆ ਸੀ, ਇਸ ਲਈ ਮੇਰੀ ਜਾਨ ਬਚ ਗਈ। ਮੌਕੇ ’ਤੇ ਕਾਫੀ ਭਾਜੜ ਪੈ ਗਈ। ਮਾਪਿਆਂ ਤੋਂ ਵਿਛੜੀ ਇਕ ਬੱਚੀ ਰੋ ਰਹੀ ਸੀ। ਸੁਰੱਖਿਆ ਬਲਾਂ ਨੇ ਉਸ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਬਾਕੀ ਜ਼ਖਮੀਆਂ ਨੂੰ ਵੀ ਸਹੀ ਸਲਾਮਤ ਅੱਗੇ ਦੇ ਤੰਬੂਆਂ ’ਚ ਲਿਆਂਦਾ ਗਿਆ।