CRPF ਮੁਖੀ ਨੇ ਕਿਹਾ- ਕਸ਼ਮੀਰ ਦਾ ਮਾਹੌਲ ਠੀਕ, ਪਰਤਣ ਦਾ ਫ਼ੈਸਲਾ ਪੰਡਿਤ ਲੈਣ

Friday, Mar 18, 2022 - 09:44 AM (IST)

CRPF ਮੁਖੀ ਨੇ ਕਿਹਾ- ਕਸ਼ਮੀਰ ਦਾ ਮਾਹੌਲ ਠੀਕ, ਪਰਤਣ ਦਾ ਫ਼ੈਸਲਾ ਪੰਡਿਤ ਲੈਣ

ਨਵੀਂ ਦਿੱਲੀ (ਭਾਸ਼ਾ)– ਦੇਸ਼ ਦੇ ਸਭ ਤੋਂ ਵੱਡੇ ਅਰਧ ਸੈਨਿਕ ਬਲ ਸੀ. ਆਰ. ਪੀ. ਐੱਫ. ਦੇ ਆਈ. ਜੀ. ਕੁਲਦੀਪ ਸਿੰਘ ਨੇ ਕਿਹਾ ਕਿ ਕਿਸੇ ਦੇ ਵੀ ਕਸ਼ਮੀਰ ਜਾਣ-ਆਉਣ ਲਈ ਮਾਹੌਲ ਅਨੁਕੂਲ ਹੈ ਪਰ ਕਸ਼ਮੀਰੀ ਪੰਡਿਤਾਂ ਨੇ ਵਾਦੀ ਵਿਚ ਪਰਤਣਾ ਹੈ ਜਾਂ ਨਹੀਂ, ਇਹ ਫ਼ੈਸਲਾ ਉਨ੍ਹਾਂ ਜਾਂ ਏਜੰਸੀਆਂ ਨੇ ਲੈਣਾ ਹੈ। ਉਨ੍ਹਾਂ ਕਿਹਾ ਕਿ ਆਪਣੇ ਲਗਭਗ 65000 ਜਵਾਨਾਂ ਦੇ ਨਾਲ ਕਸ਼ਮੀਰ ਵਾਦੀ ਵਿਚ ਹਾਜ਼ਰ ਸੀ. ਆਰ. ਪੀ. ਐੱਫ. ਦਾ ਫਰਜ਼ ਯਕੀਨੀ ਬਣਾਉਣਾ ਹੈ ਕਿ ਜਦੋਂ ਵੀ ਸਰਕਾਰ ਵਲੋਂ ਉਸ ਨੂੰ ਇਸ ਦਿਸ਼ਾ ਵਿਚ ਜੋ ਕੰਮ ਕਰਨ ਲਈ ਕਿਹਾ ਜਾਵੇਗਾ, ਉਹ ਕੰਮ ਪੂਰਾ ਕਰੇਗੀ।

ਫੋਰਸ ਮੁਖੀ ਨੇ ਇਹ ਵੀ ਕਿਹਾ ਕਿ ਸੀ. ਆਰ. ਪੀ. ਐੱਫ. ਉਨ੍ਹਾਂ ਕਸ਼ਮੀਰੀ ਪੰਡਿਤਾਂ ਦੇ ਕੰਪਲੈਕਸ ਖਾਲੀ ਕਰ ਦੇਵੇਗੀ ਜੋ ਵਾਦੀ ਵਿਚ ਆਪਣੀਆਂ ਪੁਸ਼ਤੈਨੀ ਜਾਇਦਾਦਾਂ ਦਾ ਦਾਅਵਾ ਕਰਨ ਲਈ ਵਾਪਸ ਆਉਣਗੇ। ਡੀ. ਜੀ. ਨੇ ਕਿਹਾ ਕਿ ਜੇਕਰ ਕਸ਼ਮੀਰੀ ਪੰਡਿਤ ਆਪਣੀ ਜਾਇਦਾਦ ਦਾ ਦਾਅਵਾ ਕਰਦੇ ਹਨ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਤੁਰੰਤ ਸਰਕਾਰ ਤੋਂ ਦੂਜੀ ਜਗ੍ਹਾ ਮੰਗਾਂਗੇ। ਕਸ਼ਮੀਰ ਵਿਚ ਫੋਰਸ ਦੇ ਕੋਲ 737 ਕੰਪਲੈਕਸ ਹਨ, ਜਿਨ੍ਹਾਂ ’ਤੇ ਉਸ ਨੇ ਕੈਂਪ ਅਤੇ ਦਫ਼ਤਰ ਸਥਾਪਤ ਕੀਤੇ ਹਨ। ਇਨ੍ਹਾਂ ਵਿਚ 333 ਸਰਕਾਰੀ ਭਵਨ, 265 ਨਿੱਜੀ ਭਵਨ ਸ਼ਾਮਲ ਹਨ, ਜਿਨ੍ਹਾਂ ਵਿਚ ਕਸ਼ਮੀਰੀ ਪੰਡਿਤਾਂ ਦੇ ਭਵਨ, 71 ਖੇਤੀਬਾੜੀ ਭੂਮੀ, 26 ਉਦਯੋਗਿਕ ਇਕਾਈਆਂ ਜਾਂ ਕਾਰਖਾਨੇ, 30 ਹੋਟਲ, 8 ਬਾਗ, 2 ਸਿਨੇਮਾ ਹਾਲ, ਇਕ ਸਕੂਲ ਅਤੇ ਇਕ ਹਸਪਤਾਲ ਸ਼ਾਮਲ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਲਗਭਗ 3.25 ਲੱਖ ਕਰਮਚਾਰੀਆਂ ਵਾਲੀ ਫੋਰਸ ਆਪਣੇ ਕਰਮਚਾਰੀਆਂ ਲਈ ‘ਕਸ਼ਮੀਰ ਫਾਈਲਸ’ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਕਰੇਗੀ, ਸਿੰਘ ਨੇ ਕਿਹਾ ਕਿ ਸੀ. ਆਰ. ਪੀ. ਐੱਫ. ਨੇ ਅਜੇ ਇਸ ’ਤੇ ਕੋਈ ਫ਼ੈਸਲਾ ਨਹੀਂ ਲਿਆ ਹੈ।


author

DIsha

Content Editor

Related News