ਰੁੜ੍ਹ ਗਿਆ ਪੂਰਾ ਪਿੰਡ, 45 ਮੌਤਾਂ, ਹਰ ਪਾਸੇ ਤਬਾਹੀ, ਵਾਇਨਾਡ 'ਚ ਬਚਾਅ ਕਾਰਜਾਂ ਲਈ ਫੌਜ ਤਾਇਨਾਤ

Tuesday, Jul 30, 2024 - 01:12 PM (IST)

ਵਾਇਨਾਡ : ਕੇਰਲ ਦੇ ਵਾਇਨਾਡ ਜ਼ਿਲ੍ਹੇ ਦੇ ਮੇਪਪਾਡੀ ਨੇੜੇ ਪਹਾੜੀ ਖੇਤਰਾਂ 'ਚ ਮੰਗਲਵਾਰ ਦੀ ਸਵੇਰ ਨੂੰ ਭਾਰੀ ਢਿੱਗਾਂ ਡਿੱਗਣ ਕਾਰਨ ਹੁਣ ਤੱਕ 45 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਜ਼ਖਮੀ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਸੈਂਕੜੇ ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਉਣ ਲਈ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਇਲਾਕੇ ਵਿਚ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਅਤੇ ਤਬਾਹੀ ਸਾਫ਼ ਦਿਖਾਈ ਦੇ ਰਹੀ ਹੈ। ਸੂਬੇ ਤੋਂ ਕੇਂਦਰ ਤੱਕ ਸਭ ਐਕਸ਼ਨ ਮੋਡ ਵਿਚ ਨਜ਼ਰ ਆ ਰਹੇ ਹਨ। 

ਕਾਂਗਰਸ ਨੇਤਾ ਕੇ ਸੁਰੇਸ਼ ਨੇ ਇਸ ਤਬਾਹੀ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ, 'ਵਾਇਨਾਡ 'ਚ ਜ਼ਮੀਨ ਖਿਸਕਣਾ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਹੈ ਕਿਉਂਕਿ ਇਸ 'ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੁਲ ਢਹਿ ਗਿਆ ਹੈ ਅਤੇ ਪਾਣੀ ਅਜੇ ਵੀ ਵਗ ਰਿਹਾ ਹੈ। ਸਥਿਤੀ ਵਿਗੜ ਗਈ ਹੈ। ਜ਼ਮੀਨ ਖਿਸਕਣ ਵਾਲੀ ਥਾਂ 'ਤੇ ਅਣਸੁਖਾਵੀਂ ਸਥਿਤੀ ਬਣੀ ਹੋਈ ਹੈ। ਇੱਕ ਪਿੰਡ ਪੂਰੀ ਤਰ੍ਹਾਂ ਅਲੱਗ-ਥਲੱਗ ਹੋ ਗਿਆ ਹੈ ਤੇ ਰੁੜ ਗਿਆ ਹੈ। ਕੇਰਲ ਸਰਕਾਰ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਕੇਂਦਰ ਸਰਕਾਰ, ਹਵਾਈ ਫੌਜ, NDRF ਸਭ ਉੱਥੇ ਪਹੁੰਚ ਗਏ ਹਨ। ਬਚਾਅ ਕਾਰਜ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ।

ਕਿਵੇਂ ਚੱਲ ਰਿਹਾ ਹੈ ਰੈਸਕਿਊ ਆਪ੍ਰੇਸ਼ਨ ?

ਇਲਾਕੇ 'ਚ ਭਾਰੀ ਮੀਂਹ ਕਾਰਨ ਬਚਾਅ ਕਾਰਜ 'ਚ ਰੁਕਾਵਟ ਆ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਲਪੁਰਮ ਦੇ ਨੀਲਾਂਬੁਰ ਇਲਾਕੇ 'ਚ ਵਹਿਣ ਵਾਲੀ ਚਾਲਿਆਰ ਨਦੀ 'ਚ ਕਈ ਲੋਕਾਂ ਦੇ ਰੁੜ੍ਹ ਜਾਣ ਦੀ ਸੰਭਾਵਨਾ ਹੈ। ਇਸ ਦੌਰਾਨ ਮੁੰਡਕਾਈ ਵਿੱਚ ਕਈ ਘਰ, ਦੁਕਾਨਾਂ ਅਤੇ ਵਾਹਨ ਮਲਬੇ ਹੇਠ ਦੱਬੇ ਗਏ ਹਨ। ਘਟਨਾ ਸਥਾਨ ਵੱਲ ਜਾਣ ਵਾਲਾ ਇੱਕ ਪੁਲ ਰੁੜ੍ਹ ਗਿਆ ਹੈ, ਜਿਸ ਕਾਰਨ ਬਚਾਅ ਕਾਰਜ਼ਾ ਵਿੱਚ ਮੁਸ਼ਕਲ ਆ ਰਹੀ ਹੈ। ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਭਰੋਸਾ ਦਿੱਤਾ ਹੈ ਕਿ ਅਸਥਾਈ ਪੁਲ ਬਣਾਉਣ, ਹੈਲੀਕਾਪਟਰ ਰਾਹੀਂ ਲੋਕਾਂ ਨੂੰ ਕੱਢਣ ਅਤੇ ਤਬਾਹੀ ਵਾਲੀ ਥਾਂ 'ਤੇ ਜ਼ਰੂਰੀ ਪ੍ਰਬੰਧ ਕਰਨ ਲਈ ਫੌਜ ਦੀ ਮਦਦ ਲਈ ਜਾਵੇਗੀ।
ਹਵਾਈ ਸੈਨਾ ਦੇ ਦੋ ਹੈਲੀਕਾਪਟਰ ਵੀ ਭੇਜੇ ਗਏ ਸਨ ਪਰ ਮੀਂਹ ਕਾਰਨ ਲੈਂਡਿੰਗ 'ਚ ਦਿੱਕਤ ਆ ਰਹੀ ਹੈ। ਐੱਨ. ਡੀ. ਆਰ. ਐੱਫ. ਦੀ ਵਾਧੂ ਯੂਨਿਟ ਵੀ ਮੌਕੇ ’ਤੇ ਭੇਜੀ ਗਈ ਹੈ। ਬਚਾਅ ਕਾਰਜ ਲਈ ਫੌਜ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਫੌਜ ਦੇ ਚਾਰ ਦਸਤੇ ਬਚਾਅ ਸਥਾਨ 'ਤੇ ਪਹੁੰਚ ਗਏ ਹਨ, ਜਿਨ੍ਹਾਂ 'ਚ 225 ਜਵਾਨ ਸ਼ਾਮਲ ਹਨ। ਜ਼ਖਮੀਆਂ ਦੀ ਮਦਦ ਲਈ ਫੌਜ ਦੀਆਂ ਟੁਕੜੀਆਂ 'ਚ ਮੈਡੀਕਲ ਕਰਮਚਾਰੀ ਵੀ ਸ਼ਾਮਲ ਹਨ।

PunjabKesariਵਾਇਨਾਡ ਦੇ ਪਿੰਡਾਂ ਵਿੱਚ ਕਿੰਨਾ ਹੋਇਆ ਨੁਕਸਾਨ ?

ਜ਼ਮੀਨ ਖਿਸਕਣ ਨਾਲ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਤਬਾਹੀ ਦੇ ਨਿਸ਼ਾਨ ਰਹਿ ਗਏ ਹਨ। ਮੁੰਡਕਾਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡਾਂ ਦੀ ਤਸਵੀਰ ਬਦਲ ਗਈ ਹੈ ਅਤੇ ਉਨ੍ਹਾਂ ਦਾ ਹੋਰ ਹਿੱਸਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ। ਹੜ੍ਹ ਦੇ ਪਾਣੀ 'ਚ ਵਹਿ ਗਏ ਵਾਹਨ ਕਈ ਥਾਵਾਂ 'ਤੇ ਦਰੱਖਤਾਂ ਦੀਆਂ ਟਾਹਣੀਆਂ 'ਚ ਫਸ ਕੇ ਇਧਰ-ਉਧਰ ਡੁੱਬਦੇ ਦੇਖੇ ਗਏ ਹਨ। ਉਫਾਨ 'ਤੇ ਨਦੀਆਂ ਨੇ ਆਪਣਾ ਰਾਹ ਬਦਲ ਲਿਆ ਹੈ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਵਹਿ ਰਹੀਆਂ ਹਨ, ਜਿਸ ਨਾਲ ਹੋਰ ਤਬਾਹੀ ਹੋ ਰਹੀ ਹੈ।

ਪਹਾੜਾਂ ਤੋਂ ਹੇਠਾਂ ਡਿੱਗ ਰਹੇ ਵੱਡੇ-ਵੱਡੇ ਪੱਥਰ ਬਚਾਅ ਕਰਮਚਾਰੀਆਂ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰ ਰਹੇ ਹਨ। ਬਚਾਅ ਕਾਰਜਾਂ 'ਚ ਲੱਗੇ ਲੋਕਾਂ ਨੂੰ ਭਾਰੀ ਮੀਂਹ ਦੌਰਾਨ ਲਾਸ਼ਾਂ ਅਤੇ ਜ਼ਖਮੀਆਂ ਨੂੰ ਐਂਬੂਲੈਂਸਾਂ 'ਚ ਲਿਜਾਂਦੇ ਦੇਖਿਆ ਗਿਆ। ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਦਰੱਖਤ ਵੱਡੇ ਪੱਧਰ 'ਤੇ ਉੱਖੜ ਗਏ ਹਨ ਅਤੇ ਹੜ੍ਹ ਦੇ ਪਾਣੀ ਨੇ ਹਰੇ-ਭਰੇ ਇਲਾਕਿਆਂ ਨੂੰ ਤਬਾਹ ਕਰ ਦਿੱਤਾ ਹੈ।

ਕੇਰਲ ਦੀ ਮੰਤਰੀ ਵੀਨਾ ਜਾਰਜ ਨੇ ਕਿਹਾ, 'ਅਸੀਂ ਆਪਣੇ ਲੋਕਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਵੱਖ-ਵੱਖ ਹਸਪਤਾਲਾਂ ਵਿਚ ਲਾਸ਼ਾਂ ਮਿਲੀਆਂ ਹਨ। ਕਰੀਬ 70 ਲੋਕ ਜ਼ਖਮੀ ਵੀ ਹੋਏ ਹਨ। ਅਸੀਂ ਜ਼ਖਮੀਆਂ ਦਾ ਸਹੀ ਇਲਾਜ ਯਕੀਨੀ ਬਣਾਇਆ ਹੈ। NDRF ਅਤੇ ਸਿਵਲ ਡਿਫੈਂਸ ਟੀਮਾਂ ਉੱਥੇ ਮੌਜੂਦ ਹਨ। ਜਲ ਸੈਨਾ ਦੀ ਟੀਮ ਵੀ ਜਲਦੀ ਹੀ ਉੱਥੇ ਪਹੁੰਚ ਜਾਵੇਗੀ। ਇਲਾਕੇ ਵਿੱਚ ਇੱਕ ਪੁਲ ਵੀ ਰੁੜ੍ਹ ਗਿਆ ਹੈ।

PunjabKesariਕਈ ਟਰੇਨਾਂ ਰੱਦ 

ਵਲਾਥੋਲ ਨਗਰ ਅਤੇ ਵਡਾਕਾਂਚੇਰੀ ਵਿਚਕਾਰ ਭਾਰੀ ਪਾਣੀ ਭਰ ਜਾਣ ਕਾਰਨ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਟਰੇਨ ਨੰਬਰ 16305 ਏਰਨਾਕੁਲਮ-ਕੰਨੂਰ ਇੰਟਰਸਿਟੀ ਐਕਸਪ੍ਰੈਸ ਨੂੰ ਤ੍ਰਿਸ਼ੂਰ ਵਿਖੇ ਰੋਕਿਆ ਗਿਆ ਹੈ। ਟਰੇਨ ਨੰਬਰ 16791 ਤਿਰੂਨੇਲਵੇਲੀ-ਪਲੱਕੜ ਪਲਰੂਵੀ ਐਕਸਪ੍ਰੈਸ ਨੂੰ ਅਲੁਵਾ ਵਿਖੇ ਰੋਕਿਆ ਗਿਆ। ਟਰੇਨ ਨੰਬਰ 16302 ਤਿਰੂਵਨੰਤਪੁਰਮ-ਸ਼ੋਰਾਨੂਰ ਵੇਨਾਡ ਐਕਸਪ੍ਰੈਸ ਨੂੰ ਚਲਾਕੁਡੀ ਵਿਖੇ ਰੋਕਿਆ ਗਿਆ। ਟਰੈਕ ਪਾਣੀ ਨਾਲ ਭਰ ਗਿਆ ਹੈ।
PunjabKesari

ਪੀ. ਐੱਮ. ਮੋਦੀ ਅਤੇ ਰਾਹੁਲ ਗਾਂਧੀ ਨੇ ਕੇਰਲ ਦੇ ਸੀਐਮ ਨਾਲ ਕੀਤੀ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਨਾਡ ਵਿੱਚ ਜ਼ਮੀਨ ਖਿਸਕਣ ਬਾਰੇ ਕੇਰਲ ਦੇ ਮੁੱਖ ਮੰਤਰੀ ਪੀ. ਵਿਜਯਨ ਨਾਲ ਗੱਲ ਕੀਤੀ। ਰਾਹਤ ਅਤੇ ਬਚਾਅ 'ਚ ਹਰ ਸੰਭਵ ਮਦਦ ਦਾ ਭਰੋਸਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਾਇਨਾਡ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਜਾਵੇਗਾ। ਉਨ੍ਹਾਂ ਨੇ ਬਚਾਅ ਕਾਰਜ ਬਾਰੇ ਕੇਰਲ ਦੇ ਸੀ. ਐੱਮ ਨਾਲ ਗੱਲ ਕੀਤੀ। ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਜਲਦੀ ਹੀ ਵਾਇਨਾਡ ਦਾ ਵੀ ਦੌਰਾ ਕਰ ਸਕਦੇ ਹਨ। ਹਾਲਾਂਕਿ ਅਜੇ ਤੱਕ ਇਸ ਸਬੰਧੀ ਕਾਂਗਰਸ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
 


DILSHER

Content Editor

Related News