NCP ''ਚ ਫੁੱਟ ਦੀਆਂ ਅਟਕਲਾਂ ''ਤੇ ਬੋਲੇ ਅਨੁਰਾਗ ਠਾਕੁਰ- ਅਜਿਹੀਆਂ ਖ਼ਬਰਾਂ ਦਾ ਆਨੰਦ ਲਵੋ

Tuesday, Apr 18, 2023 - 05:15 PM (IST)

NCP ''ਚ ਫੁੱਟ ਦੀਆਂ ਅਟਕਲਾਂ ''ਤੇ ਬੋਲੇ ਅਨੁਰਾਗ ਠਾਕੁਰ- ਅਜਿਹੀਆਂ ਖ਼ਬਰਾਂ ਦਾ ਆਨੰਦ ਲਵੋ

ਮੁੰਬਈ (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) 'ਚ ਫੁੱਟ ਦੀਆਂ ਅਟਕਲਾਂ ਦਰਮਿਆਨ ਭਾਜਪਾ ਆਗੂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਕਿਹਾ ਕਿ ਸੱਤਾ ਦੇ ਗਲਿਆਰਿਆਂ 'ਚ ਕੁਝ ਚਰਚਾ ਰਹਿੰਦੀ ਹੈ ਅਤੇ ਅਜਿਹੀਆਂ ਖ਼ਬਰਾਂ ਦਾ ਆਨੰਦ ਲੈਣਾ ਚਾਹੀਦਾ। ਠਾਕੁਰ ਰਾਸ਼ਟਰਵਾਦੀ ਪਾਰਟੀ (ਰਾਕਾਂਪਾ) 'ਚ ਫੁੱਟ ਦੀਆਂ ਅਟਕਲਾਂ ਨਾਲ ਸੰਬੰਧਤ ਉਨ੍ਹਾਂ ਖ਼ਬਰਾਂ 'ਤੇ ਪ੍ਰਤੀਕਿਰਿਆ ਦੇ ਰਹੇ ਸਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਜੀਬ ਪਵਾਰ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਠਾਕੁਰ ਨੇ ਕਿਹਾ,''ਸੱਤਾ ਦੇ ਗਲਿਆਰਿਆਂ 'ਚ ਕੁਝ ਚਰਚਾ ਹੁੰਦੀ ਰਹਿੰਦੀ ਹੈ। ਅਜਿਹੀਆਂ ਖ਼ਬਰਾਂ ਦਾ ਆਨੰਦ ਲੈਣਾ ਚਾਹੀਦਾ।''

ਠਾਕੁਰ ਭਾਜਪਾ ਦੇ ਉਨ੍ਹਾਂ ਚੋਣ ਖੇਤਰਾਂ ਨਾਲ ਸੰਬੰਧਤ 'ਪਹੁੰਚ' ਪ੍ਰੋਗਰਾਮ ਲਈ ਮੁੰਬਈ 'ਚ ਸਨ, ਜਿੱਥੇ ਪਾਰਟੀ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਮਾਮੂਲੀ ਅੰਤਰ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ,''ਮੈਂ ਭਰੋਸਾ ਹੈ ਕਿ ਲੋਕ ਸਾਨੂੰ ਆਸ਼ੀਰਵਾਦ ਦੇਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਰ ਅਤੇ ਰਸੋਈ ਗੈਸ ਵਰਗੀਆਂ ਵੱਖ-ਵੱਖ ਯੋਜਨਾਵਾਂ ਦੇ ਮਾਧਿਅਮ ਨਾਲ ਗਰੀਬਾਂ ਨੂੰ ਮਜ਼ਬੂਤ ਬਣਾਇਆ ਹੈ। ਨਰਿੰਦਰ ਮੋਦੀ ਨੂੰ ਗਰੀਬਾਂ, ਮੱਧ ਵਰਗ ਅਤੇ ਵਪਾਰੀਆਂ ਦਾ ਆਸ਼ੀਰਵਾਦ ਮਿਲੇਗਾ।'' ਭਾਜਪਾ ਆਗੂ ਨੇ ਕਿਹਾ ਕਿ ਵੋਟਰਾਂ ਨੇ ਹਮੇਸ਼ਾ ਗਠਜੋੜ ਦੀ ਰਾਜਨੀਤੀ ਨੂੰ ਖਾਰਜ ਕੀਤਾ ਹੈ, ਕਿਉਂਕਿ ਅਜਿਹਾ ਸੰਗਠਨ ਬਣਾਉਣ ਵਾਲੇ ਸਿਆਸੀ ਦਲਾਂ ਕੋਲ ਕੋਈ ਨੀਤੀ ਅਤੇ ਲੀਡਰਸ਼ਿਪ ਨਹੀਂ ਹੈ। ਠਾਕੁਰ ਨੇ ਕਿਹਾ,''ਸਾਰੇ ਭ੍ਰਿਸ਼ਟ ਦਲ ਇਕ-ਦੂਜੇ ਦੀ ਮਦਦ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੋਕਾਂ ਨੇ ਕਦੇ ਵੀ ਇਸ ਮਹਾਗਠਜੋੜ (ਭ੍ਰਿਸ਼ਟਾਂ ਦਾ ਗਠਜੋੜ) ਨੂੰ ਸਵੀਕਾਰ ਨਹੀਂ ਕੀਤਾ ਹੈ ਅਤੇ ਨਾ ਹੀ ਕਦੇ ਕਰਨਗੇ।'' ਠਾਕੁਰ ਨੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੇ ਕਤਲ ਅਤੇ ਅਤੀਕ ਅਹਿਮਦ ਦੇ ਪੁੱਤ ਅਸਦ ਦੇ ਮੁਕਾਬਲੇ 'ਚ ਮਾਰੇ ਜਾਣ ਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਦੀ ਆਲੋਚਨਾ ਕਰਨ ਵਾਲੇ ਵਿਰੋਧੀ ਦਲਾਂ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਂ ਕਿਹਾ,''ਜਦੋਂ ਇਨ੍ਹਾਂ ਮਾਫੀਆਵਾਂ ਨੇ ਆਮ ਲੋਕਾਂ 'ਤੇ ਹਮਲਾ ਕੀਤਾ ਤਾਂ ਇਹ ਨੇਤਾ ਕਦੇ ਨਹੀਂ ਬੋਲੇ। ਇਹ ਨੇਤਾ ਚਾਹ ਲਈ ਇਨ੍ਹਾਂ ਮਾਫ਼ੀਆਵਾਂ ਦੇ ਘਰ ਜਾਂਦੇ ਸਨ ਅਤੇ ਉਨ੍ਹਾਂ ਨੂੰ ਸੁਰੱਖਿਆ ਦਿੰਦੇ ਸਨ।''


author

DIsha

Content Editor

Related News