ਗਰਮੀਆਂ ਦੇ ਮੌਸਮ ’ਚ ਅੰਬ ਅਤੇ ਜਾਮਣ ਦਾ ਮਜ਼ਾ ਲਓ, ਰਹੋ ਤੰਦਰੁਸਤ

06/16/2019 7:40:06 PM

ਨਵੀਂ ਦਿੱਲੀ (ਯੂ. ਐੱਨ. ਆਈ.)- ਭਿਆਨਕ ਗਰਮੀ ਦੇ ਮੌਸਮ ’ਚ ਅੰਬ ਅਤੇ ਜਾਮੁਣ ਦਾ ਭਰਪੂਰ ਮਜ਼ਾ ਲਓ, ਜੋ ਨਾ ਸਿਰਫ ਪਾਚਨ ਤੰਤਰ ਨੂੰ ਮਜ਼ਬੂਤ ਕਰਦੇ ਹਨ, ਬਲਕਿ ਭਰਪੂਰ ਵਿਟਾਮਿਨ ਅਤੇ ਪੋਸ਼ਕ ਤੱਤ ਮੁਹੱਈਆ ਕਰਵਾ ਕੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੀ ਰੋਕਥਾਮ ’ਚ ਵੀ ਮਦਦ ਕਰਦੇ ਹਨ। ਅੰਬ ’ਚ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਪ੍ਰੋਸਟੇਟ ਕੈਂਸਰ ਨੂੰ ਰੋਕਣ ’ਚ ਸਹਾਈ ਹੁੰਦੇ ਹਨ। ਇਸ ’ਚ ਵੱਡੇ ਪੱਧਰ ’ਤੇ ਪੈਕਟਿਮ ਪਾਇਆ ਜਾਂਦਾ ਹੈ, ਜੋ ਖੂਨ ’ਚੋਂ ਕੋਲੈਸਟ੍ਰੋਲ ਦੀ ਮਾਤਰਾ ਘੱਟ ਕਰਨ ’ਚ ਸਹਾਇਤਾ ਕਰਦਾ ਹੈ। ਐਂਟੀਆਕਸੀਡੈਂਟ ਨਾਲ ਭਰੇ ਹੋਣ ਕਾਰਨ ਇਹ ਨਵੇਂ ਸੈੱਲਾਂ ਦੇ ਨਿਰਮਾਣ ’ਚ ਵੀ ਸਹਾਇਤਾ ਕਰਦਾ ਹੈ। ਕੇਂਦਰੀ ਬਾਗਵਾਨੀ ਸੰਸਥਾਨ ਲਖਨਊ ਦੇ ਮਾਹਿਰਾਂ ਅਨੁਸਾਰ ਅੰਬ ’ਚ ਵਿਟਾਮਿਨ ਏ ਅਤੇ ਸੀ ਵੱਡੇ ਪੱਧਰ ’ਤੇ ਹੁੰਦੇ ਹਨ। ਵਿਟਾਮਿਨ ਸੀ ਸਰੀਰ ’ਚ ਕੋਲੇਜਨ ਪ੍ਰੋਟੀਨ ਬਣਾਉਣ ’ਚ ਸਹਾਇਕ ਹੈ, ਜੋ ਵਿਟਾਮਿਨ ਦੀ ਕਮੀ ਨਾਲ ਹੋਣ ਵਾਲੀ ਇਨਫੈਕਸ਼ਨ ਤੋਂ ਬਚਾਉਂਦਾ ਹੈ।

ਅੰਬ ’ਚ ਲੋਹ ਤੱਤ ਵੀ ਕਾਫੀ ਮਾਤਰਾ ’ਚ ਮੌਜੂਦ ਹੁੰਦਾ ਹੈ, ਜੋ ਅਨੀਮੀਆ ਤੋਂ ਬਚਾਉਣ ਲਈ ਫਾਇਦੇਮੰਦ ਹੈ। ਅੰਬ ’ਚ ਬੀਟਾ ਕੈਰੋਟੀਨ ਨਾਮਕ ਕੈਰੋਟੀਨਾਯਡ ਵੀ ਮੌਜੂਦ ਹੁੰਦਾ ਹੈ, ਜੋ ਸਰੀਰ ’ਚ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਵਾਧੂ ਬੀਟਾ ਕੈਰੋਟੀਨ ਸਰੀਰ ’ਚ ਵਿਟਾਮਿਨ ਏ ’ਚ ਤਬਦੀਲ ਹੋ ਜਾਂਦਾ ਹੈ। ਅੰਬ ਬਦਹਜ਼ਮੀ ਅਤੇ ਐਸਿਡ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਵੀ ਮਦਦਗਾਰ ਹੈ। ਇਸ ਨੂੰ ਖਾਣ ਨਾਲ ਪਾਚਨ ਕਿਰਿਆ ਵੀ ਮਜ਼ਬੂਤ ਹੁੰਦੀ ਹੈ। ਪੇਟ ਸਾਫ ਹੁੰਦਾ ਹੈ ਅਤੇ ਯਾਦ ਸ਼ਕਤੀ ਵਧਦੀ ਹੈ। ਭੋਜਨ ਦਾ ਜਾਇਕਾ ਵਧਾਉਣ ਵਾਲੇ ਅੰਬ ਦਾ ਆਚਾਰ ਖੂਨ ਦੀ ਕਮੀ ਨੂੰ ਦੂਰ ਕਰਨ ’ਚ ਸਹਾਇਤਾ ਪ੍ਰਦਾਨ ਕਰਦਾ ਹੈ।

ਅੰਬ ਦਾ ਚੂਰਨ ਦਸਤ ਅਤੇ ਬਵਾਸੀਰ ਵਰਗੀਆਂ ਬੀਮਾਰੀਆਂ ਦੇ ਇਲਾਜ ’ਚ ਲਾਭਦਾਇਕ ਹੈ। ਇਸ ’ਚ ਐਂਟੀਆਕਸੀਡੈਂਟ ’ਚ ਵਿਸ਼ੇਸ਼ ਤੌਰ ’ਤੇ ਫਲੇਵੋਨਾਯਾਡਸ ਪਾਏ ਜਾਂਦੇ ਹਨ, ਜੋ ਯਾਦਸ਼ਕਤੀ ਨੂੰ ਠੀਕ ਰੱਖਣ ’ਚ ਸਹਾਇਤਾ ਕਰਦਾ ਹੈ। ਇਸ ਦੇ ਰੁਟੀਨ ’ਚ ਸੇਵਨ ਨਾਲ ਖੂਨ ’ਚ ਗੁਲੂਕੋਜ਼ ਦੀ ਮਾਤਰਾ ਕੰਟਰੋਲ ’ਚ ਰਹਿੰਦੀ ਹੈ। ਇਸ ਲਈ ਇਹ ਸ਼ੂਗਰ ਦੇ ਰੋਗੀਆਂ ਲਈ ਲਾਭਦਾਇਕ ਹੈ। ਜਾਮਣ ਨਾਲ ਭੁੱਖ ਵਧਦੀ ਹੈ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਹ ਖੂਨ ਨਾਲ ਸਬੰਧਤ ਬੀਮਾਰੀਆਂ ਨੂੰ ਦੂਰ ਕਰਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਫਲਾਂ ਦਾ ਰਸ ਪੀਣ ਦੀ ਥਾਂ ਫਲਾਂ ਨੂੰ ਸਿੱਧਾ ਖਾਣਾ ਬਿਹਤਰ ਹੈ।


Sunny Mehra

Content Editor

Related News