ਯੂ.ਪੀ. ''ਚ ਐਨਕਾਊਂਟਰ, ਇਨਾਮੀ ਬਦਮਾਸ਼ ਢੇਰ

Sunday, Mar 25, 2018 - 10:05 AM (IST)

ਨੋਇਡਾ— ਪੱਛਮੀ ਉੱਤਰ ਪ੍ਰਦੇਸ਼ 'ਚ ਐਤਵਾਰ ਨੂੰ ਪੁਲਸ ਨੇ ਵੱਖ-ਵੱਖ ਥਾਂਵਾਂ 'ਤੇ ਕਾਰਵਾਈ ਕੀਤੀ। ਦੱਸਿਆ ਜਾ ਰਿਹਾ ਹੈ ਕਿ ਯੂ.ਪੀ. 'ਚ 6 ਵੱਖ-ਵੱਖ ਥਾਂਵਾਂ 'ਤੇ ਐਨਕਾਊਂਟਰ ਹੋਏ। ਨੋਇਡਾ 'ਚ ਹੋਏ ਐਨਕਾਊਂਟਰ 'ਚ ਇਨਾਮੀ ਬਦਮਾਸ਼ ਸ਼ਰਵਨ ਚੌਧਰੀ ਨੂੰ ਮਾਰ ਦਿੱਤਾ ਗਿਆ। ਇਸ ਦੇ ਨਾਲ ਹੀ ਸਹਾਰਨਪੁਰ, ਗਾਜ਼ੀਆਬਾਦ, ਦਨਕੌਰ 'ਚ ਵੀ ਪੁਲਸ ਕਾਰਵਾਈ ਦੀ ਜਾਣਕਾਰੀ ਮਿਲੀ ਹੈ। ਪਿਛਲੇ 12 ਘੰਟਿਆਂ 'ਚ ਨੋਇਡਾ-ਗ੍ਰੇਨੋ 'ਚ 3 ਮੁਕਾਬਲੇ ਹੋਏ ਹਨ। ਸ਼ਰਵਨ 'ਤੇ ਦਿੱਲੀ ਅਤੇ ਨੋਇਡਾ 'ਚ 50-50 ਹਜ਼ਾਰ ਰੁਪਏ (ਕੁੱਲ ਇਕ ਲੱਖ) ਦਾ ਇਨਾਮ ਰੱਖਿਆ ਗਿਆ ਸੀ। ਦੋਵੇਂ ਹੀ ਥਾਂਵਾਂ 'ਤੇ ਕਈ ਕੇਸ ਰਜਿਸਟਰ ਸਨ। ਡੀ.ਜੀ.ਪੀ. ਹੈੱਡ ਕੁਆਰਟਰ ਨੇ ਦੱਸਿਆ ਕਿ ਸ਼ਰਵਨ ਕੋਲੋਂ ਏ.ਕੇ.-47 ਵਰਗੇ ਖਤਰਨਾਕ ਹਥਿਆਰ ਮਿਲੇ ਹਨ। ਉਸ ਦਾ ਐਨਕਾਊਂਟਰ ਨੋਇਡਾ ਫੇਜ਼-3 ਕੋਲ ਹੋਇਆ। ਟੀ.ਵੀ. ਰਿਪੋਰਟ ਅਨੁਸਾਰ ਇਕ ਐਨਕਾਊਂਟਰ ਦਨਕੌਰ 'ਚ ਹੋਇਆ, ਉੱਥੇ 2 ਬਦਮਾਸ਼ਾਂ ਨੂੰ ਗੋਲੀ ਲੱਗੀ ਸੀ, ਦੋਵੇਂ ਫਿਲਹਾਲ ਪੁਲਸ ਦੀ ਗ੍ਰਿਫਤ 'ਚ ਹਨ। ਦੋਵੇਂ ਨੋਇਡਾ ਤੋਂ ਟਰੱਕ ਚੋਰੀ ਕਰ ਕੇ ਲਿਆ ਰਹੇ ਸਨ। ਉਨ੍ਹਾਂ ਦੇ 2 ਹੋਰ ਸਾਥੀ ਫਿਲਹਾਲ ਫਰਾਰ ਹਨ।

ਸਹਾਰਨਪੁਰ-ਸ਼ਾਮਲੀ ਕੋਲ ਐਨਕਾਊਂਟਰ 'ਚ 25 ਹਜ਼ਾਰ ਦਾ ਇਨਾਮੀ ਬਦਮਾਸ਼ ਅਹਿਸਾਨ ਉਰਫ ਸਲੀਮ ਨੂੰ ਮਾਰ ਦਿੱਤਾ ਗਿਆ। ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਸੀ, ਬਾਅਦ 'ਚ ਹਸਪਤਾਲ 'ਚ ਉਸ ਦੀ ਮੌਤ ਹੋਈ। ਉਸ ਦੇ ਨਾਲ ਇਕ ਹੋਰ ਸ਼ਖਸ ਸੀ ਪਰ ਉਹ ਦੌੜਨ 'ਚ ਕਾਮਯਾਬ ਹੋਇਆ। ਪੁਲਸ ਨੇ ਉੱਥੋਂ ਇਕ ਲੱਖ ਰੁਪਏ, ਇਕ ਮੋਟਰਸਾਈਕਲ ਅਤੇ ਇਕ ਪਿਸਟਲ ਬਰਾਮਦ ਕੀਤੀ ਸੀ। ਸ਼ਨੀਵਾਰ ਰਾਤ ਇਕ ਐਨਕਾਊਂਟਰ ਗਾਜ਼ੀਆਬਾਦ 'ਚ ਵੀ ਹੋਇਆ ਸੀ। ਉੱਥੇ ਰਾਹੁਲ ਨਾਂ ਦੇ ਕ੍ਰਿਮੀਨਲ ਨੂੰ ਫੜਿਆ ਗਿਆ ਹੈ। ਉਸ ਮੁਕਾਬਲੇ 'ਚ ਇਕ ਪੁਲਸ ਕਰਮਚਾਰੀ ਵੀ ਜ਼ਖਮੀ ਹੋਇਆ। ਉਹ ਮੁਕਾਬਲਾ ਐੱਲ.ਐੱਲ.ਟੀ. ਬੇਹਰਾਮਪੁਰ ਕੋਲ ਚੈਕਿੰਗ ਦੌਰਾਨ ਹੋਇਆ। ਉੱਥੇ ਇਕ ਬਾਈਕ 'ਤੇ ਇਕ ਸ਼ੱਕੀ ਨੌਜਵਾਨ ਆਉਂਦਾ ਦਿੱਸਿਆ। ਪੁਲਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਨੌਜਵਾਨ ਨੇ ਬਾਈਕ ਰੋਕੀ ਅਤੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ। ਇਕ ਗੋਲੀ ਉੱਥੇ ਖੜ੍ਹੇ ਨਰੇਸ਼ ਸਿੰਘ ਨੂੰ ਲੱਗ ਗਈ। ਇਸ ਤੋਂ ਬਾਅਦ ਪੁਲਸ ਵਾਲਿਆਂ ਨੇ ਬਦਮਾਸ਼ ਨੂੰ ਘੇਰਦੇ ਹੋਏ ਫਾਇਰਿੰਗ ਕੀਤੀ। ਪੁਲਸ ਦੀ ਗੋਲੀ ਉਸ ਦੇ ਪੱਟ 'ਚ ਲੱਗੀ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਫੜ ਲਿਆ। ਗੋਲੀ ਨਾਲ ਜ਼ਖਮੀ ਥਾਣਾ ਇੰਚਾਰਜ ਅਤੇ ਬਦਮਾਸ਼ ਨੂੰ ਇਲਾਜ ਲਈ ਵਿਜੇ ਨਗਰ ਸਥਿਤ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


Related News