ਸ਼੍ਰੀਨਗਰ 'ਚ ਮੁਕਾਬਲੇ 'ਚ ਦੋ ਪਾਕਿਸਤਾਨੀ ਅੱਤਵਾਦੀ ਮਾਰੇ ਗਏ

Sunday, Apr 10, 2022 - 12:30 PM (IST)

ਸ਼੍ਰੀਨਗਰ 'ਚ ਮੁਕਾਬਲੇ 'ਚ ਦੋ ਪਾਕਿਸਤਾਨੀ ਅੱਤਵਾਦੀ ਮਾਰੇ ਗਏ

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ 'ਤੇ ਹੋਏ ਹਮਲੇ 'ਚ ਕਥਿਤ ਤੌਰ 'ਤੇ ਸ਼ਾਮਲ ਦੋ ਪਾਕਿਸਤਾਨੀ ਅੱਤਵਾਦੀ ਐਤਵਾਰ ਨੂੰ ਸ਼੍ਰੀਨਗਰ 'ਚ ਮੁਕਾਬਲੇ 'ਚ ਮਾਰੇ ਗਏ। ਪੁਲਸ ਜਨਰਲ ਇੰਸਪੈਕਰਟ ਵਿਜੇ ਕੁਮਾਰ ਨੇ ਇਕ ਟਵੀਟ ਕਰ ਕੇ ਕਿਹਾ,''ਸੀ.ਆਰ.ਪੀ.ਐਫ. ਦੇ ਜਵਾਨਾਂ 'ਤੇ ਹਾਲ ਹੀ ਵਿਚ ਹੋਏ ਅੱਤਵਾਦੀ ਹਮਲੇ 'ਚ ਸ਼ਾਮਲ ਦੋ ਪਾਕਿਸਤਾਨੀ ਅੱਤਵਾਦੀ ਸ਼੍ਰੀਨਗਰ ਮੁਕਾਬਲੇ ਵਿਚ ਮਾਰੇ ਗਏ। ਇਨ੍ਹਾਂ ਕੋਲੋਂ ਹਥਿਆਰ, ਗੋਲਾ ਬਾਰੂਦ ਅਤੇ ਹੋਰ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ ਹੈ।''

ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਸਵੇਰੇ ਬਿਸ਼ੰਬਰ ਨਗਰ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਇਕ ਵਿਸ਼ੇਸ਼ ਥਾਂ 'ਤੇ ਪਹੁੰਚਣ 'ਤੇ ਉਥੇ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫ਼ੋਰਸਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਇਸ ਦੌਰਾਨ ਸ਼ੁਰੂਆਤ 'ਚ ਇਕ ਅੱਤਵਾਦੀ ਮਾਰਿਆ ਗਿਆ। ਸੁਰੱਖਿਆ ਫ਼ੋਰਸਾਂ ਨੇ ਦੱਸਿਆ ਕਿ ਅੰਦਰ ਫਸੇ ਇਕ ਹੋਰ ਅੱਤਵਾਦੀ ਨੂੰ ਵੀ ਮਾਰ ਦਿੱਤਾ ਗਿਆ। ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ।


author

DIsha

Content Editor

Related News