ਭਿਆਨਕ ਗਰਮੀ ਵਿਚਾਲੇ ਹਾਥੀਆਂ ਨੂੰ ਠੰਡਕ ਪਹੁੰਚਾਉਣ ਲਈ ਦਿੱਤੀ ਜਾ ਰਹੀ ਆਈਸਕ੍ਰੀਮ, ਦਹੀਂ ਤੇ ਮੌਸਮੀ ਫ਼ਲ
Sunday, May 24, 2026 - 03:57 PM (IST)
ਮਥੁਰਾ- ਉੱਤਰ ਭਾਰਤ 'ਚ ਵਧਦੀ ਗਰਮੀ ਵਿਚਾਲੇ ਮਥੁਰਾ ਦੇ ਇਕ ਪੁਨਰਵਾਸ ਕੇਂਦਰ 'ਚ ਬਚਾਏ ਗਏ ਹਾਥੀਆਂ ਨੂੰ ਠੰਡਕ ਪਹੁੰਚਾਉਣ ਲਈ ਆਈਸਕ੍ਰੀਮ, ਫ੍ਰੋਜ਼ਨ ਫਰੂਟ ਬਲਾਕ, ਦਹੀਂ, ਮੌਸਮੀ ਫਲ ਦਿੱਤੇ ਜਾ ਰਹੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਡਿਤ ਦੀਨ ਦਿਆਲ ਉਪਾਧਿਆਏ ਵੈਟਰਨਰੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਡਾ. ਸ਼ੰਕਰ ਸਿੰਘ ਨੇ ਦੱਸਿਆ ਕਿ ਹਾਥੀਆਂ ਦਾ ਸਰੀਰਕ ਤਾਪਮਾਨ 36 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚ ਪਸੀਨਾ ਬਾਹਰ ਨਿਕਲਣ ਦੀਆਂ ਗ੍ਰੰਥੀਆਂ ਬਹੁਤ ਘੱਟ ਹੁੰਦੀਆਂ ਹਨ, ਇਸ ਲਈ ਇਹ ਪਸੀਨੇ ਤੋਂ ਖੁਦ ਨੂੰ ਠੰਡਾ ਨਹੀਂ ਕਰ ਪਾਉਂਦੇ। ਸਿੰਘ ਨੇ ਕਿਹਾ ਕਿ ਇਨ੍ਹਾਂ ਦੇ ਵੱਡੇ ਕੰਨ ਫੜਫੜਾ ਕੇ ਕੁਦਰਤੀ ਕੂਲਿੰਗ ਦਾ ਕੰਮ ਕਰਦੇ ਹਨ ਅਤੇ ਪਾਣੀ, ਚਿੱਕੜ ਅਤੇ ਛਾਂ ਉਨ੍ਹਾਂ ਲਈ ਜ਼ਰੂਰੀ ਹਨ।
ਵਾਈਲਡਲਾਈਫ ਐੱਸਓਐੱਸ ਦੇ ਸਹਿ-ਸੰਸਥਾਪਕ ਕਾਰਤਿਕ ਸੱਤਿਆਨਾਰਾਇਣ ਨੇ ਕਿਹਾ ਕਿ ਕੇਂਦਰ 'ਚ 34 ਬਚਾਏ ਗਏ ਹਾਥੀ ਹਨ, ਜਿਨ੍ਹਾਂ 'ਚ 14 ਨਰ ਅਤੇ 20 ਮਾਦਾ ਹਨ। ਉਨ੍ਹਾਂ ਕਿਹਾ ਕਿ ਗਰਮੀ 'ਚ ਹਾਥੀਆਂ ਦੀ ਸੈਰ ਸਵੇਰੇ ਜਲਦੀ ਅਤੇ ਸ਼ਾਮ ਨੂੰ ਦੇਰ ਨਾਲ ਕਰਵਾਈ ਜਾਂਦੀ ਹੈ ਤਾਂ ਕਿ ਦੁਪਹਿਰ ਦੀ ਗਰਮੀ ਤੋਂ ਬਚ ਸਕਣ। ਸੱਤਿਆਨਾਰਾਇਣ ਨੇ ਕਿਹਾ,"ਹਾਥੀਆਂ ਦੀ ਹਾਈਡਰੇਸ਼ਨ ਬਣਾਈ ਰੱਖਣ ਲਈ ਪਾਣੀ ਦੇ ਸ਼ਾਵਰ, ਸਾਫ਼ ਪੂਲ ਅਤੇ ਨਿਯਮਤ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਜਾ ਰਹੀ ਹੈ। ਹਾਥੀ ਮਿੱਟੀ 'ਚ ਪਾਣੀ ਮਿਲਾ ਕੇ ਸਰੀਰ 'ਤੇ ਲਗਾਉਂਦੇ ਹਨ, ਜਿਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ।'' ਵੈਟਰਨਰੀ ਸੇਵਾਵਾਂ ਦੇ ਡਿਪਟੀ ਡਾਇਰੈਕਟਰ ਡਾ. ਇਲਿਆਰਾਜਾ ਐਸ. ਨੇ ਦੱਸਿਆ ਕਿ ਹਾਥੀਆਂ ਦੀ ਖੁਰਾਕ 'ਚ ਫ੍ਰੋਜ਼ਨ ਫਰੂਟ, ਦਹੀਂ-ਦਲੀਆ, ਓਆਰਐੱਸ, ਤਰਬੂਜ, ਖੀਰਾ, ਤਰਬੂਜ, ਗੰਨਾ, ਅੰਬ ਅਤੇ ਕੇਲਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਖੁਰਾਕ ਹਾਥੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਤਿਆਰ ਕੀਤੀ ਗਈ ਹੈ ਅਤੇ ਹਰੇਕ ਹਾਥੀ ਨੂੰ ਰੋਜ਼ਾਨਾ ਲਗਭਗ 100 ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਜੰਗਲਾਤ ਰੇਂਜਰ ਅਧਿਕਾਰੀ ਅਤੁਲ ਤਿਵਾੜੀ ਨੇ ਕਿਹਾ ਕਿ ਪਾਣੀ ਹਾਥੀਆਂ ਲਈ ਜ਼ਰੂਰੀ ਹੈ, ਅਤੇ ਉਹ ਜਲ ਸਰੋਤਾਂ 'ਚ ਸਮਾਂ ਬਿਤਾਉਣਾ ਅਤੇ ਮਿੱਟੀ 'ਚ ਨਹਾਉਣਾ ਪਸੰਦ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
