''''ਕੁੰਡੀ ਕੁਨੈਕਸ਼ਨ'''' ਕੱਟਣ ਗਈ ਬਿਜਲੀ ਵਿਭਾਗ ਦੀ ਟੀਮ ਦਾ ਪੈ ਗਿਆ ਪੰਗਾ ! ਪਿੰਡ ਵਾਲਿਆਂ ਨੇ ਡਾਂਗਾਂ-ਸੋਟੇ...
Tuesday, Jul 22, 2025 - 05:56 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨਾੜੀ ਥਾਣਾ ਖੇਤਰ ਵਿੱਚ ਬਿਜਲੀ ਚੋਰੀ ਰੋਕਣ ਲਈ ਗਈ ਬਿਜਲੀ ਵਿਭਾਗ ਅਤੇ ਵਿਜੀਲੈਂਸ ਦੀ ਟੀਮ 'ਤੇ ਕੁਝ ਲੋਕਾਂ ਨੇ ਡਾਂਗਾ-ਸੋਟਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਇੱਕ ਜੂਨੀਅਰ ਇੰਜੀਨੀਅਰ (ਜੇ.ਈ.) ਸਮੇਤ ਚਾਰ ਬਿਜਲੀ ਕਰਮਚਾਰੀ ਜ਼ਖਮੀ ਹੋ ਗਏ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਚਾਰ ਨਾਮਜ਼ਦ ਵਿਅਕਤੀਆਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ ਨਾੜੀ ਥਾਣੇ ਵਿੱਚ ਸੋਹਨਵ ਬਿਜਲੀ ਸਬ-ਸਟੇਸ਼ਨ ਦੇ ਜੂਨੀਅਰ ਇੰਜੀਨੀਅਰ ਸੰਤੋਸ਼ ਕੁਮਾਰ ਦੀ ਸ਼ਿਕਾਇਤ 'ਤੇ ਸੋਮਵਾਰ ਰਾਤ ਯੋਗੇਂਦਰ ਯਾਦਵ, ਅਜੀਤ ਯਾਦਵ, ਅਨਿਲ ਯਾਦਵ ਅਤੇ ਨਾਰਾਇਣ ਰਾਜਭਰ ਦੇ ਨਾਲ-ਨਾਲ ਕੁਝ ਅਣਪਛਾਤੇ ਲੋਕਾਂ ਵਿਰੁੱਧ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਆਖ਼ਿਰਕਾਰ ਉੱਡ ਹੀ ਪਿਆ ! 38 ਦਿਨਾਂ ਤੋਂ ਕੇਰਲ 'ਚ ਖੜ੍ਹੇ ਬ੍ਰਿਟਿਸ਼ ਲੜਾਕੂ ਜਹਾਜ਼ ਨੇ ਭਰੀ ਉਡਾਣ
ਪੁਲਸ ਅਨੁਸਾਰ ਸੰਤੋਸ਼ ਕੁਮਾਰ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਉਹ ਸੋਮਵਾਰ ਨੂੰ ਬਿਜਲੀ ਵਿਭਾਗ ਅਤੇ ਵਿਜੀਲੈਂਸ ਟੀਮ ਨਾਲ 'ਲਾਈਨ ਫਾਲਟ' ਅਤੇ ਬਿਜਲੀ ਚੋਰੀ ਰੋਕਣ ਲਈ ਨਾੜੀ ਥਾਣਾ ਖੇਤਰ ਦੇ ਲੱਡੂਪੁਰ ਪਿੰਡ ਗਿਆ ਸੀ, ਜਿੱਥੇ ਇਹ ਪਾਇਆ ਗਿਆ ਕਿ ਵੱਡੀ ਗਿਣਤੀ ਵਿੱਚ ਗੈਰ-ਕਾਨੂੰਨੀ ਬਿਜਲੀ ਦੀਆਂ ਤਾਰਾਂ 'ਟ੍ਰਾਂਸਫਾਰਮਰ' ਨਾਲ ਜੁੜੀਆਂ ਹੋਈਆਂ ਸਨ।
ਕੁਮਾਰ ਦਾ ਕਹਿਣਾ ਹੈ ਕਿ ਲਾਈਨਮੈਨ ਵੱਲੋਂ ਮੌਕੇ 'ਤੇ ਹੀ ਨਾਜਾਇਜ਼ ਤੌਰ 'ਤੇ ਜੁੜੀ ਤਾਰ ਕੱਟ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਬਿਜਲੀ ਵਿਭਾਗ ਦੀ ਟੀਮ ਖੇਤ ਵਿੱਚ ਲੱਗੀ ਮੋਟਰ ਦੇ ਮਾਲਕਾਂ ਦਾ ਪਤਾ ਲਗਾਉਣ ਲਈ ਉੱਥੇ ਗਈ ਤਾਂ ਉਨ੍ਹਾਂ 'ਤੇ ਡਾਂਗਾਂ-ਸੋਟਿਆਂ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਉਹ ਆਪਣੇ ਸਾਥੀਆਂ ਰਜਨੀਸ਼ ਕੁਮਾਰ ਸਿੰਘ, ਅਪਿੰਦਰ ਕੁਮਾਰ ਅਤੇ ਹੋਰਾਂ ਨਾਲ ਗੰਭੀਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- ਪਲੇਨ ਕ੍ਰੈਸ਼ ਮਗਰੋਂ ਬੰਗਲਾਦੇਸ਼ ਲਈ ਭਾਰਤ ਨੇ ਵਧਾਇਆ ਮਦਦ ਦਾ ਹੱਥ, ਹਰ ਸੰਭਵ ਸਹਾਇਤਾ ਦਾ ਦਿਵਾਇਆ ਭਰੋਸਾ
ਪੁਲਸ ਸੁਪਰਡੈਂਟ (ਐੱਸ.ਪੀ.) ਓਮਵੀਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਸਰਕਾਰੀ ਕਰਮਚਾਰੀਆਂ 'ਤੇ ਹਮਲੇ ਦੇ ਇਸ ਮਾਮਲੇ ਵਿੱਚ, ਪੁਲਸ ਨੇ ਮੰਗਲਵਾਰ ਨੂੰ ਦੋ ਮੁਲਜ਼ਮਾਂ ਯੋਗੇਂਦਰ ਯਾਦਵ (57) ਅਤੇ ਅਜੀਤ ਕੁਮਾਰ ਯਾਦਵ (29) ਨੂੰ ਗ੍ਰਿਫ਼ਤਾਰ ਕੀਤਾ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ। ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e