ਚੋਣਾਂ ਤਾਂ ਚੱਲਦੀਆਂ ਰਹਿਣਗੀਆਂ, ਬਜਟ ਸੈਸ਼ਨ ਨੂੰ ਫਲਦਾਇਕ ਬਣਾਉਣ ਸੰਸਦ ਮੈਂਬਰ : PM ਮੋਦੀ
Monday, Jan 31, 2022 - 11:27 AM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਚੋਣਾਂ ਦਾ ਲੋਕਤੰਤਰ 'ਚ ਆਪਣਾ ਸਥਾਨ ਹੈ ਅਤੇ ਉਹ ਪ੍ਰਕਿਰਿਆ ਜਾਰੀ ਰਹੇਗੀ ਪਰ ਪੂਰੇ ਸਾਲ ਦਾ ਖਾਕਾ ਖਿੱਚਣ ਵਾਲਾ, ਸੰਸਦ ਦਾ ਬਜਟ ਸੈਸ਼ਨ ਬਹੁਤ ਮਹੱਤਵਪੂਰਨ ਹੈ। ਬਜਟ ਸੈਸ਼ਨ ਦੇ ਪਹਿਲੇ ਦਿਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਾਰੇ ਸੰਸਦ ਮੈਂਬਰਾਂ ਅਤੇ ਸਿਆਸੀ ਦਲਾਂ ਨੂੰ ਇਸ ਸੈਸ਼ਨ ਨੂੰ ਫਲਦਾਇਕ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,''ਇਹ ਗੱਲ ਸਹੀ ਹੈ ਕਿ ਵਾਰ-ਵਾਰ ਚੋਣਾਂ ਕਾਰਨ ਸੈਸ਼ਨ ਵੀ ਪ੍ਰਭਾਵਿਤ ਹੁੰਦੇ ਹਨ, ਚਰਚਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ ਪਰ ਮੈਂ ਸਾਰੇ ਸੰਸਦ ਮੈਂਬਰਾਂ ਨੂੰ ਬੇਨਤੀ ਕਰਾਂਗਾ, ਚੋਣਾਂ ਆਪਣੀ ਜਗ੍ਹਾ ਹਨ, ਚੱਲਦੀਆਂ ਰਹਿਣਗੀਆਂ ਪਰ ਬਜਟ ਸੈਸ਼ਨ ਪੂਰੇ ਸਾਲ ਭਰ ਦਾ ਖਾਕਾ ਖਿੱਚਦਾ ਹੈ। ਇਸ ਲਈ ਇਹ ਬਹੁਤ ਮਹੱਤਵਪੂਰਨ ਹੁੰਦਾ ਹੈ।''
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਘਟੀ ਪਰ ਮ੍ਰਿਤਕਾਂ ਦੀ ਗਿਣਤੀ ਨੇ ਫੜੀ ਰਫ਼ਤਾਰ
ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਅਪੀਲ ਕਰਦੇ ਹੋਏ ਕਿਹਾ,''ਅਸੀਂ ਪੂਰੀ ਵਚਨਬੱਧਤਾ ਨਾਲ ਇਸ ਬਜਟ ਸੈਸ਼ਨ ਨੂੰ ਜਿੰਨਾ ਜ਼ਿਆਦਾ ਫਲਦਾਇਕ ਬਣਾਵਾਂਗੇ, ਆਉਣ ਵਾਲਾ ਪੂਰਾ ਸਾਲ ਸਾਨੂੰ ਨਵੀਆਂ ਆਰਥਿਕ ਉਚਾਈਆਂ 'ਤੇ ਲਿਜਾਉਣ ਲਈ ਵੀ ਇਕ ਬਹੁਤ ਵੱਡਾ ਕਾਰਕ ਬਣਗੇਾ।'' ਉਨ੍ਹਾਂ ਨੇ ਸਾਰੇ ਸਿਆਸੀ ਦਲਾਂ ਤੋਂ 'ਮੁਕਤ ਅਤੇ ਮਨੁੱਖੀ ਹਮਦਰਦੀਆਂ' ਨਾਲ ਭਰੀ ਹੋਈ ਚਰਚਾ ਅਤੇ ਚੰਗੇ ਮਕਸਦ ਨਾਲ ਚਰਚਾ ਦੀ ਉਮੀਦ ਜਤਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਗਲੋਬਲ ਸਥਿਤੀ 'ਚ ਭਾਰਤ ਲਈ ਬਹੁਤ ਮੌਕੇ ਮੌਜੂਦ ਹਨ ਅਤੇ ਭਾਰਤ ਦੀ ਆਰਥਿਕ ਤਰੱਕੀ, ਭਾਰਤ 'ਚ ਟੀਕਾਕਰਨ ਦੀ ਮੁਹਿੰਮ, ਭਾਰਤ ਦੇ ਆਪਣੇ ਖੋਜੇ ਹੋਏ ਟੀਕੇ ਪੂਰੀ ਦੁਨੀਆ 'ਚ ਇਕ ਵਿਸ਼ਵਾਸ ਪੈਦਾ ਕਰਦੇ ਹਨ। ਉਨ੍ਹਾਂ ਕਿਹਾ,''ਇਸ ਬਜਟ ਸੈਸ਼ਨ 'ਚ ਵੀ ਅਸੀਂ ਸੰਸਦ ਮੈਂਬਰਾਂ ਦੀ ਗੱਲਬਾਤ, ਚਰਚਾ ਦੇ ਮੁੱਦੇ ਅਤੇ ਖੁੱਲ੍ਹੇ ਮਨ ਨਾਲ ਉੱਤਮ ਚਰਚਾ ਕਰ ਕੇ ਦੇਸ਼ ਨੂੰ ਤਰੱਕੀ ਦੇ ਰਸਤੇ ਲਿਜਾਉਣ 'ਚ, ਉਸ 'ਚ ਗਤੀ ਲਿਆਉਣ 'ਚ ਜ਼ਰੂਰ ਮਦਦਗਾਰ ਹੋਣਗੇ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਮਣੀਪੁਰ ਅਤੇ ਗੋਆ 'ਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਜਾਰੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ